ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਬੇਲਰ ਮਾਲਕ ਕਿਸਾਨਾਂ ਅਤੇ ਬਾਇਓ ਮਾਸ ਪਲਾਂਟ ਦੇ ਨੁਮਾਇੰਦਿਆਂ ਨਾਲ ਡੀ.ਸੀ. ਨੇ ਕੀਤੀ ਮੀਟਿੰਗ
ਫਰੀਦਕੋਟ , 5 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਫਸਲੀ ਰਹਿੰਦ ਖੂੰਹਦ ਸੰਭਾਲ ਸਕੀਮ ਤਹਿਤ ਜਿਲਾ ਪ੍ਰਸ਼ਾਸ਼ਣ ਵੱਲੋਂ ਜਿਲਾ ਫਰੀਦਕੋਟ ਨੂੰ ਪ੍ਰਦੂਸ਼ਿਣ ਮੁਕਤ ਬਨਾਉਣ ਲਈ ਆਰੰਭੀ ਮਹਿੰਮ ਤਹਿਤ ਡਿਪਟੀ ਕਮਿਸਨਰ ਵਿਨੀਤ ਕੁਮਾਰ ਵਲੋਂ ਬੇਲਰ ਮਾਲਕ ਕਿਸਾਨਾਂ ਅਤੇ ਸੁਖਵੀਰ ਐਗਰੋ ਐਨਰਜੀ ਲਿਮਿਟਡ ਸੈਡਾ ਸਿੰਘ ਵਾਲਾ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਡਾ. ਅਮਰੀਕ ਮੁੱਖ ਖੇਤੀਬਾੜੀ ਅਫਸਰ, ਡਾ. ਗੁਰਪ੍ਰੀਤ ਸਿੰਘ, ਡਾ. ਗੁਰਿੰਦਰਪਾਲ ਸਿੰਘ ਬਲਾਕ ਖੇਤੀਬਾੜੀ ਅਫਸਰ, ਇੰਜੀ. ਅਕਸ਼ਿਤ ਜੈਨ ਸਹਾਇਕ ਖੇਤੀਬਾੜੀ ਇੰਜੀਨਿਅਰ, ਸੁਖਵੀਰ ਐਗਰੋ ਐਨਰਜੀ ਲਿਮਿਟਡ ਤੋਂ ਅਰਵਿੰਦ ਬੇਦੀ, ਜਸਬੀਰ ਸਿੰਘ, ਜਗਦੀਸ਼ ਸਿੰਘ ਸਮੇਤ ਹੋਰ ਬੇਲਰ ਮਾਲਕ ਹਾਜਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2023-24 ਦੌਰਾਨ ਜਿਲਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ 2022 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਉਹਨਾਂ ਦੱਸਿਆ ਕਿ ਚਾਲੂ ਸਾਲ 2024-25 ਦੌਰਾਨ ਜਿਲਾ ਪ੍ਰਸ਼ਾਸ਼ਣ ਵੱਲੋਂ ਜਿਲਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਜ਼ੀਰੋ ਪੱਧਰ ’ਤੇ ਲਿਜਾਣ ਲਈ ਵੱਡੀ ਪੱਧਰ ਤੇ ਜਾਗਰੁਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੀ ਕਾਮਯਾਬੀ ਲਈ ਸਭ ਧਿਰਾਂ ਦੇ ਸਹਿਯੋਗ ਦੀ ਜਰੂਰਤ ਹੈ। ਉਹਨਾਂ ਦੱਸਿਆ ਕਿ ਜਿਲੇ ਵਿਚ ਤਕਰੀਬਨ ਸੱਤ ਲੱਖ ਵੀਹ ਹਜਾਰ ਟਨ ਝੋਨੇ ਦੀ ਪਰਾਲੀ ਪੈਦਾ ਹੋਵੇਗੀ। ਉਹਨਾਂ ਦੱਸਿਆ ਕਿ ਝੋਨੇ ਦੀ ਸਾਂਭ ਸੰਭਾਲ ਲਈ ਬੇਲਰ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਸੰਭਾਲਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਜਾਗਰੂਕ ਕਰਨ ਲਈ ਕਿਸਾਨਾਂ ਨਾਲ ਲਗਾਤਾਰ ਕੈਂਪਾਂ ਅਤੇ ਸੋਸ਼ਲ ਮੀਡੀਆ ਰਾਹੀਂ ਸੰਪਰਕ ਰੱਖਿਆ ਜਾ ਰਿਹਾ ਹੈ। ਉਹਨਾਂ ਸੁਖਵੀਰ ਦੇ ਨੁਮਾਇੰਦਿਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਬਾਇਓ ਗੈਸ ਪਲਾਂਟ ਵਿੱਚ ਬਾਲਣ ਦੇ ਤੌਰ ‘ਤੇ ਵਰਤੀ ਜਾਣ ਵਾਲੀ ਪਰਾਲੀ ਦੇ ਖਰੀਦ ਪ੍ਰਬੰਧਾਂ ਬਾਰੇ ਪੂਰੀ ਜਾਣਕਾਰੀ ਇਕ ਹਫਤੇ ਦੇ ਅੰਦਰ ਅੰਦਰ ਦਿੱਤੀ ਜਾਵੇ। ਇਸ ਮੌਕੇ ਬੇਲਰ ਮਾਲਕ ਕਿਸਾਨਾਂ ਨੇ ਦੱਸਿਆ ਕਿ ਟਰਾਲਿਆਂ ਨਾਲ ਝੋਨੇ ਦੀ ਪਰਾਲੀ ਦੀ ਢੋਆ-ਢੁਆਈ ਕਰਨ ਸਮੇਂ ਕੁਝ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿਚ ਪੇਂਡੂ ਸੜਕਾਂ ਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਅਤੇ ਸੜਕਾਂ ’ਤੇ ਦਰੱਖਤਾਂ ਦੀਆਂ ਟਾਹਣੀਆਂ ਨੀਵੀਆਂ ਹੋਣ ਕਾਰਨ ਢੋਆ ਢੁਆਈ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ। ਉਨਾਂ ਦੱਸਿਆ ਕਿ ਰਾਮੇਆਣਾ ਅਤੇ ਪੰਜਗਰਾਈਂ ਦੇ ਨੇੜੇ ਤੇੜੇ ਪਰਾਲੀ ਦੀਆਂ ਗਠਾਂ ਸਟੋਰ ਕਰਨ ਲਈ ਡੰਪ ਲਾਇਆ ਜਾਵੇ ਤਾਂ ਜੋ ਪਰਾਲੀ ਦੀ ਸੰਭਾਲ ਠੀਕ ਤਰਾਂ ਕੀਤੀ ਜਾ ਸਕੇ।
Leave a Comment
Your email address will not be published. Required fields are marked with *