ਰੋਪੜ 19 ਜੂਨ (ਮੇਜਰ ਸਿੰਘ ਨਾਭਾ/ਵਰਲਡ ਪੰਜਾਬੀ ਟਾਈਮਜ਼)
ਲੋਕਾਂ ਵਿੱਚ ਹਰਮਨਪਿਆਰੇ ਰਹੇ ਰੋਪੜ ਜਿਲ੍ਹੇ ਦੇ ਮਾਣ ਸਵ: ਸ਼੍ਰ. ਸੁਖਦਰਸ਼ਨ ਸਿੰਘ ਜਿਲ੍ਹਾ ਯੂਥ ਕੁਆਰਡੀਨੇਟਰ ਦੀ ਯਾਦ ਵਿੱਚ ਪੰਜਾਬੀ ਵਿਰਾਸਤ ਸੱਥ ਪਟਿਆਲਾ (ਰਜਿ:) ਵਲੋਂ ਯਾਦਗਾਰੀ ਭਾਸ਼ਣ ਤੇ ਕਵੀ ਦਰਬਾਰ 22 ਜੂਨ 2024 ਸਵੇਰੇ 10 ਵਜੇ ਤੋਂ ਦੁਪਿਹਰ 1 ਵਜੇ ਤੱਕ ਕਰਵਾਇਆ ਜਾ ਰਿਹਾ ਹੈ ।ਜਿਸ ਦੀ ਪ੍ਰਧਾਨ ਉਨ੍ਹਾਂ ਦੀ ਛੋਟੀ ਭੈਣ ਕਵਿੱਤਰੀ ਸੁਖਵਿੰਦਰ ਆਹੀ ਅਤੇ ਬਾਕੀ ਅਹੁਦੇਦਾਰਾਂ ਵਲੋਂ ਇਹ ਯਾਦਗਾਰੀ ਪ੍ਰੋਗਰਾਮ ਉਲੀਕਿਆ ਗਿਆ ਹੈ ।ਇਸ ਸਾਮਲ ਹੋਣ ਲਈ ਪਰਿਵਾਰਕ ਮੈਂਬਰ , ਰਿਸ਼ਤੇਦਾਰ,ਨਜਦੀਕੀ ਅਤੇ ਸਾਹਿਤਕ ਸਖਸ਼ੀਅਤਾਂ ਸਾਮਲ ਹੋਣਗੀਆਂ ।
ਸ੍ਰ. ਸੁਖਦਰਸ਼ਨ ਸਿੰਘ ਨੇ ਸਿੱਖਿਆ ਵਿਭਾਗ ਵਿੱਚ ਆਪਣੀ ਸਰਵਿਸ ਬਤੌਰ ਲੈਕਚਰਾਰ ਅਮਰਗੜ੍ਹ (ਸੰਗਰੂਰ) ਵਿਖੇ ਨਿਭਾਉਂਦੇ ਹੋਏ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਮੌਕਾ ਮਿਲਿਆ ਜਿਸ ਸਦਕਾ ਉਨ੍ਹਾਂ ਆਪਣੀਆਂ ਸੇਵਾਵਾਂ ਪਹਿਲਾਂ ਡੈਪੂਟੇਸ਼ਨ ਤੇ ਬਤੌਰ ਯੂਥ ਕੋਆਰਡੀਨੇਟਰ ਅਗਸਤ 1978 ‘ਚ ਜਿਲ੍ਹਾ ਫਰੀਦਕੋਟ ਵਿਖੇ ਤਕਰੀਬਨ ਇੱਕ ਸਾਲ ਸੇਵਾ ਨਿਭਾਈ ਅਤੇ ਫਿਰ ਬਦਲੀ ਕਰਵਾਕੇ ਰੋਪੜ ਦੇ ਨਹਿਰੂ ਯੁਵਕ ਕੇਂਦਰ ਵਿਖੇ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਅਤੇ ਬਾਅਦ ਵਿੱਚ ਪੱਕੇ ਤੌਰ ਤੇ ਕੇਂਦਰ ਸਰਕਾਰ ਵਲੋਂ ਕਲਾਸ ਵਨ ਕਾਡਰ’ਚ ਇਸੇ ਪੋਸਟ ਉੱਪਰ ਰੈਗੂਲਰ ਨਿਯੁਕਤੀ ਹੋ ਗਈ ।ਉਨ੍ਹਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਅੰਤਰਰਾਜੀ ਕੈਂਪਾਂ ਵਿੱਚ ਸਮੂਲੀਅਤ ਕਰਵਾ ਕੇ ਨੈਤਿਕ ਸਿੱਖਿਆ ਅਤੇ ਸਮਾਜਿਕ ਸੰਸਕਾਰਾਂ ਦੀ ਸਿੱਖਿਆ ਦਿਵਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਨਿਜਾਤ ਦਿਵਾ ਕੇ ਨਵਾਂ ਰੂਪ ਦਿਵਾਇਆ ।ਉਹ ਰੋਪੜ ਦੇ ਇਲਾਕੇ ਵਿੱਚ ਇੱਕ ਸਮਾਜ ਸੇਵਕ ਦੇ ਤੌਰ ਤੇ ਜਾਣੇ ਜਾਂਦੇ ਸਨ । ਉਨ੍ਹਾਂ ਨੇ ਜਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਵਧੀਆ ਸਬੰਧ ਬਣਾਏ ਹੋਏ ਸਨ । ਨਿਯਮਾਂ ਅਨੁਸਾਰ ਜਨਵਰੀ 1994 ਨੂੰ ਸੇਵਾ ਮੁਕਤ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਕਾਬਲੀਅਤ ਦੇਖਦੇ ਹੋਏ ਉਨ੍ਹਾਂ ਨੂੰ ਜਿਲ੍ਹਾ ਰੈਡ ਕਰਾਸ ਸੋਸਾਇਟੀ ਰੋਪੜ ਦੇ ਸਕੱਤਰ ਦੀ ਨਿਯੁਕਤੀ ਮਿਲ ਗਈ ।ਇਥੇ ਉਨ੍ਹਾਂ ਨੇ ਸੰਨ 2003 ਤੱਕ ਲੋੜਵੰਦਾਂ ਦੀ ਹਰ ਸੰਭਵ ਮਦਦ ਕੀਤੀ ।ਨਸ਼ਾ ਛਡਾਊ ਮੁਹਿੰਮ ਤਹਿਤ ਉਹ ਪੁਲਿਸ ਵਿਭਾਗ ਨਾਲ ਮਿਲ ਕੇ ਵੱਖ-ਵੱਖ ਪ੍ਰੋਗਰਾਮਾਂ ‘ਚ ਲੈਕਚਰ ਦਿੰਦੇ ਰਹਿੰਦੇ ।ਵੂਮੈਨ ਸੈੱਲ ਵਲੋਂ ਔਰਤਾਂ ਦੇ ਮਸਲਿਆਂ ਨੂੰ ਸੁਲਝਾਉਣ ਵਾਲੇ ਬੋਰਡ ਦੇ ਉਹ ਆਖਰੀ ਸਮੇਂ ਤੱਕ ਮੈਂਬਰ ਰਹੇ ।ਸਮਾਜ ਸੁਧਾਰ ਵਿਸ਼ਿਆਂ ਉੱਪਰ ਭਾਸ਼ਣ ਦੇਣ ਲਈ ਸਮਾਜ ਸੇਵੀ ਸੰਸਥਾਵਾਂ ਦੇ ਸੱਦੇ ਉੱਪਰ ਜਾਣ ਲਈ ਹਮੇਸ਼ਾ ਤੱਤਪਰ ਰਹਿੰਦੇ । ਉਨ੍ਹਾਂ ਅੰਦਰ ਸਮਾਜ ਸੁਧਾਰ / ਸੇਵਾ ਦਾ ਜਨੂੰਨ ਸ਼ੁਰੂ ਤੋਂ ਹੀ ਭਰਿਆ ਹੋਇਆ ਸੀ ।ਉਨ੍ਹਾਂ ਬਹੁਤਾਤ ਵਿੱਚ ਏਨੇ ਵਧੀਆ ਕੰਮ ਕੀਤੇ ਜਿਸ ਸਦਕਾ ਉਨ੍ਹਾਂ ਨੇ ਰਾਸ਼ਟਰੀ , ਨੈਸ਼ਨਲ ਅਵਾਰਡ ਅਤੇ ਹੋਰ ਬਹੁਤ ਸਾਰੇ ਸਨਮਾਨ ਪ੍ਰਾਪਤ ਕੀਤੇ । ਉਨ੍ਹਾਂ ਨੂੰ 12 ਜਨਵਰੀ 1993 ਨੂੰ ਬੰਗਲੌਰ ਵਿਖੇ ਯੂਨੀਅਨ ਮਨਿਸਟਰ ਆਫ ਹਿਊਮਨ ਰਿਸੋਰਸਜ਼ ਡਿਵੈਲਪਮੈਂਟ ਸ੍ਰੀ ਅਰਜਨ ਸਿੰਘ ਵਲੋਂ ਉੱਤਰੀ ਭਾਰਤ ਦਾ ‘ਬੈਸਟ ਯੂਥ ਕੁਆਰਡੀਨੇਟਰ ਆਫ ਨਾਰਥ ਇੰਡੀਆ ਅਵਾਰਡ’ ਦਿੱਤਾ ਗਿਆ ਜੋ ਕਿ ਰੋਪੜ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ ।ਉਨ੍ਹਾਂ ਦੇ ਇਲਾਕੇ ਲਈ ਕੀਤੇ ਵਧੀਆ ਕੰਮਾਂ ਸਦਕਾ ਅੱਜ ਵੀ ਉਨ੍ਹਾਂ ਨੂੰ ਹਲਕੇ ਦੇ ਲੋਕ ਯਾਦ ਕਰਦੇ ਹਨ ।ਸੱਚ-ਮੁੱਚ ਉਹ ਇੱਕ ਸੰਸਥਾ ਤੋਂ ਘੱਟ ਨਹੀਂ ਸਨ ।
ਪਰਿਵਾਰ ਨੂੰ ਮਾਣ ਹੈ ਕਿ ਉਨ੍ਹਾਂ ਦੀ ਵੱਡੀ ਬੇਟੀ ਡਾ. ਪਵਨਪ੍ਰੀਤ ਕੌਰ ਹੈਲਥ ਵਿਭਾਗ ਵਿੱਚ ਡਾਇਰੈਕਟਰ (ਪ੍ਰੋਕਿਉਰਮੈਂਟ / ਖਰੀਦ ) ਸੇਵਾਵਾਂ ਨਿਭਾ ਰਹੀ ਹੈ ।ਉਹ 87 ਸਾਲ ਦੀ ਉਮਰ ਵਿੱਚ ਪੂਰੇ ਸਿਹਤਮੰਦ ਸਨ ਅਤੇ ਰੌਜਾਨਾ ਆਪਣੇ ਆਪ ਨੂੰ ਰੁਝੇਵਿਆਂ ਵਿੱਚ ਪ੍ਰੋਅ ਕੇ ਰੱਖਦੇ ਸਨ । ਉਹ 2 ਜੂਨ 2024 ਨੂੰ ਸੰਖੇਪ ਜਿਹੀ ਬਿਮਾਰੀ ਕਾਰਨ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ ।ਬਹੁਤ ਸਾਰੇ ਉਨ੍ਹਾਂ ਦੀ ਸੋਚ ਵਾਲੇ ਕੰਮ ਅਧੂਰੇ ਰਹਿਣ ਕਾਰਨ ਸਮਾਜ ਅਤੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ।