ਅਕਸਰ ਹੀ ਅੱਜ ਕੱਲ੍ਹ ਦੇਖਿਆ ਜਾਦਾਂ ਹੈ ਕਿ ਕਈ ਵਿਦਿਆਰਥੀ ਰੱਟਾ ਵਿਧੀ ਨਾਲ ਪੜਾਈ ਕਰਨ ਨੂੰ ਪਹਿਲ ਦਿੰਦੇ ਹਨ ।ਜਦੋਂ ਵੀ ਅਧਿਆਪਕ ਦੁਆਰਾ ਰੱਟਾ ਵਿਧੀ ਨਾਲ ਪੜਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਈ ਵੀ ਪ੍ਰਸ਼ਨ ਪੁੱਛਿਆ ਜਾਂਦਾ ਹੈ ਤਾਂ ਉਹ ਵਿਦਿਆਰਥੀ ਤੁਰੰਤ ਹੀ ਬਹੁਤ ਤੇਜ ਸਪੀਡ ਨਾਲ ਉਸ ਪ੍ਰਸ਼ਨ ਦਾ ਜਵਾਬ ਤਾਂ ਦੇ ਦਿੰਦੇ ਜਦਕਿ ਉਹਨਾਂ ਨੂੰ ਅਸਲ ਵਿੱਚ ਉਸ ਪ੍ਰਸ਼ਨ ਉੱਤਰ ਦਾ ਕੋਈ ਵੀ ਅਰਥ ਪਤਾ ਨਹੀਂ ਹੁੰਦਾ ਕਿਉਕਿ ਉਹਨਾਂ ਵਿਦਿਆਰਥੀਆਂ ਨੇ ਸਿਰਫ ਰੱਟੇ ਲਗਾ ਕੇ ਹੀ ਪੜਿਆ ਹੁੰਦਾ ।ਰੱਟੇ ਲਾਉਣ ਵਾਲੇ ਵਿਦਿਆਰਥੀ ਨੂੰ ਅਗਰ ਪੇਪਰ ਦੇਣ ਸਮੇਂ ਸ਼ੁਰੂ ਵਾਲੇ ਪ੍ਰਸ਼ਨ ਉੱਤਰ ਦੀ ਇਕ ਲਾਇਨ ਵੀ ਭੁੱਲ ਜਾਵੇ ਤਾਂ ਉਸ ਵਿਦਿਆਰਥੀ ਨੂੰ ਸਾਰੇ ਦਾ ਸਾਰਾ ਪ੍ਰਸ਼ਨ ਉੱਤਰ ਭੁੱਲ ਜਾਂਦਾ ਹੈ ਅਤੇ ਪੇਪਰ ਵਿੱਚ ਕੁਝ ਵੀ ਨਹੀਂ ਲਿਖ ਪਾਉਂਦਾ ।ਅਗਰ ਅਸੀ ਉਹ ਹੀ ਪ੍ਰਸ਼ਨ ਉੱਤਰ ਤਰਕ ਨਾਲ ਅਰਥ ਸਮਝ ਕੇ ਪੜਿਆ ਹੋਵੇ ਤਾਂ ਉਹ ਕਦੇ ਵੀ ਨਹੀਂ ਭੁੱਲਦਾ । ਵਿਦਿਆਰਥੀ ਕਿਤਾਬ ਵਿਚੋ ਰੱਟਾ ਲਗਾ ਕੇ ਪਾਸ ਜਰੂਰ ਹੋ ਸਕਦਾ ਹੈ ਪਰ ਅਸਲ ਗਿਆਨ ਤੋ ਵਾਂਝਾ ਰਹਿ ਜਾਂਦਾ ਹੈ ।ਇਹ ਰੱਟਾ ਵਿਧੀ ਨਾਲ ਪੜਾਈ ਕਰਨ ਵਾਲੇ ਵਿਦਿਆਰਥੀ ਜਦੋਂ ਛੋਟੀਆਂ ਜਮਾਤਾਂ ਵਿਚੋ ਪੜਾਈ ਕਰ ਕੇ ਵੱਡੀਆਂ ਜਮਾਤਾਂ ਵਿੱਚ ਜਾਂਦੇ ਹਨ ਤਾਂ ਉਹਨਾਂ ਨੂੰ ਪੜਾਈ ਦੇ ਅਰਥ ਸਮਝਣ ਵਿੱਚ ਬਹੁਤ ਜਿਆਦਾ ਮੁਸ਼ਕਿਲ ਆਉਂਦੀ ਹੈ ਕਿਉਂਕਿ ਉਹਨਾਂ ਨੇ ਬੇਸਿਕ ਸਿਲੇਬਸ ਛੋਟੀਆ ਜਮਾਤਾਂ ਵਿੱਚ ਸਮਝਿਆ ਨਹੀਂ ਹੁੰਦਾ ਸਿਰਫ ਰੱਟਾ ਲਗਾ ਕੇ ਹੀ ਪੜਿਆ ਹੁੰਦਾ ਹੈ ।ਅੱਜ ਕੱਲ ਦਾ ਯੁੱਗ ਕੰਪੀਟੀਸ਼ਨ ਦਾ ਯੁੱਗ ਹੈ ।ਅਸੀ ਕੋਈ ਵੀ ਨੋਕਰੀ ਪ੍ਰਾਪਤ ਕਰਨੀ ਹੈ ਜਾ ਫਿਰ ਕਿਸੇ ਕਾਲਜ ਜਾ ਯੂਨੀਵਰਸਿਟੀ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਦਾਖਲਾ ਲੈਣਾ ਹੈ ਤਾਂ ਸਾਨੂੰ ਬਹੁਤ ਵੱਡੇ ਕੰਪੀਟੀਸ਼ਨ ਵਿਚੋ ਗੁਜਰਨਾ ਪੈਂਦਾ ਹੈ ਜੋ ਕਿ ਸਾਡੇ ਲਈ ਬਹੁਤ ਵੱਡਾ ਚੈਲੰਜ ਹੁੰਦਾ ਹੈ ।ਅਗਰ ਅਸੀ ਸ਼ੁਰੂ ਤੋ ਲੈ ਕੇ ਰੱਟਾ ਵਿਧੀ ਨਾਲ ਪੜਾਈ ਕੀਤੀ ਹੈ ਤਾਂ ਅਸੀ ਕੋਈ ਵੀ ਕੰਪੀਟੀਸ਼ਨ ਵਾਲਾ ਪੇਪਰ ਪਾਸ ਨਹੀਂ ਕਰ ਸਕਦੇ ।ਜੇਕਰ ਅਸੀਂ ਸ਼ੁਰੂ ਤੋ ਹੀ ਤਰਕ ਵਿਧੀ ਨਾਲ ਪੜਾਈ ਕੀਤੀ ਹੈ ਤਾਂ ਸਾਨੂੰ ਮੁਕਾਬਲੇ ਦੀਆ ਪ੍ਰੀਖਿਆਵਾਂ ਪਾਸ ਕਰਨ ਵਿੱਚ ਕੋਈ ਵੀ ਦਿੱਕਤ ਨਹੀਂ ਆਵੇਗੀ। ਔਖੇ ਵਿਸ਼ਿਆਂ ਦੇ ਸੌਖੇ ਤਰੀਕੇ ਨਾਲ ਪੜਣ ਲਈ ਹੱਥ ਲਿਖਤ ਨੋਟਸ ਤਿਆਰ ਕੀਤੇ ਜਾ ਸਕਦੇ ਹਨ । ਬੱਚੇ ਆਪਣੀ ਲਿਖਾਈ ‘ਚ ਤਿਆਰ ਕੀਤੇ ਮਟੀਰੀਅਲ ਤੋਂ ਕਿਤਾਬਾਂ ਦੀ ਬਜਾਏ ਜ਼ਿਆਦਾ ਸਿੱਖਦੇ ਹਨ।ਖ਼ਾਸ ਤੌਰ ‘ਤੇ ਵਿਗਿਆਨ ਤੇ ਹਿਸਾਬ ਜਿਹੇ ਔਖੇ ਵਿਸ਼ਿਆਂ ਦੇ ਫਾਰਮੂਲਿਆਂ ਨੂੰ ਫਲੈਸ਼ ਕਾਰਡਾਂ ‘ਤੇ ਲਿਖ ਕੇ ਸੌਖਿਆਂ ਯਾਦ ਕੀਤਾ ਜਾ ਸਕਦਾ ਹੈ। ਰੱਟਾ ਵਿਧੀ ਰਾਹੀਂ ਮੂੰਹ ਜ਼ੁਬਾਨੀ ਯਾਦ ਕਰਨ ਦੀ ਬਜਾਏ ਬੱਚੇ ਨੂੰ ਤੱਥ ਦੀ ਸਮਝ ਹੋਣੀ ਜ਼ਰੂਰੀ ਹੈ। ਇਸ ਨਾਲ ਉਸ ਨੂੰ ਪ੍ਰੀਖਿਆ ‘ਚ ਲਿਖਣ ‘ਚ ਮਦਦ ਮਿਲਦੀ ਹੈ ਤੇ ਉਹ ਮੁੱਖ ਤੱਥਾਂ ਦਾ ਲਿਖਤੀ ਵਿਸਥਾਰ ਦੇਣਾ ਸਿੱਖ ਜਾਂਦਾ ਹੈ। ਬਿਨਾਂ ਧਿਆਨ ਕੇਂਦਰਤ ਕੀਤੀ ਘੰਟਿਆਂਬੱਧੀ ਪੜ੍ਹਨ ਦਾ ਕੋਈ ਫ਼ਾਇਦਾ ਨਹੀਂ, ਜਦੋਂਕਿ ਇਕਾਗਰ ਚਿੱਤ ਨਾਲ ਕੁਝ ਮਿੰਟ ਪੜ੍ਹੇ ਦਾ ਹੀ ਜ਼ਿਆਦਾ ਫ਼ਾਇਦਾ ਹੋ ਜਾਂਦਾ ਹੈ। ਇਸ ਲਈ ਸਾਰੇ ਵਿਦਿਆਰਥੀਆਂ ਨੂੰ ਇਸ ਗੱਲ ਵੱਲ ਖਾਸ ਧਿਆਨ ਦੇਣ ਦੀ ਜਰੂਰਤ ਹੈ ਕਿ ਸਾਨੂੰ ਪੜਾਈ ਦੇ ਸਿਲੇਬਸ ਨੂੰ ਚੰਗੀ ਤਰ੍ਹਾਂ ਤਰਕ ਨਾਲ ਅਰਥ ਸਮਝ ਕੇ ਪੜਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਸਾਨੂੰ ਕੋਈ ਮੁਸ਼ਕਿਲ ਨਾ ਆਵੇ।ਕਿਤਾਬੀ ਪੜਾਈ ਤੋ ਬਿਨਾਂ ਵਿਸ਼ੇ ਨਾਲ ਸਬੰਧਤ ਅਖ਼ਬਾਰਾਂ,ਰੇਡਿਓ, ਸਿੱਖਿਆ ਸੰਬੰਧੀ ਮੈਗਜੀਨ ,ਇਤਿਹਾਸਕ ਯਾਤਰਾ ਤੇ ਜਾ ਕੇ ਇਤਿਹਾਸਿਕ ਥਾਵਾਂ ਦੇਖਣਾ, ਟੀਵੀ ਤੇ ਇੰਟਰਨੈੱਟ ਰਾਹੀਂ ਵੀ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਕਿਉਂਕਿ ਵੱਖ ਵੱਖ ਤਰੀਕਿਆਂ ਨਾਲ ਕੀਤੀ ਪੜਾਈ ਨਾਲ ਜਿਆਦਾ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ ।

ਚਰਨਜੀਤ ਸਿੰਘ ਚਹਿਲ
ਈ.ਟੀ.ਟੀ
ਸਰਕਾਰੀ ਪ੍ਰਾਇਮਰੀ ਸਕੂਲ ਤੂਤ, ਫਿਰੋਜ਼ਪੁਰ