ਠੰਡੇ ਠਾਰ ਤੇ ਸੀਤਲ ਰਹੀਏ, ਭਾਵੇਂ ਆਵੇ ਜੇਠ ਮਹੀਨਾ।
ਲੋਹੇ ਲਾਖੇ ਕਦੇ ਨਾ ਹੋਈਏ, ਕੋਮਲ ਰੱਖੀਏ ਆਪਣਾ ਸੀਨਾ।
ਤਪਦੇ ਏਸ ਮਹੀਨੇ ਦੇ ਵਿੱਚ, ਗੁਰੂ ਅਰਜਨ ਦਿੱਤੀ ਕੁਰਬਾਨੀ।
ਤੱਤੇ ਰੇਤ ਦੇ ਕੜਛੇ ਪੈਂਦੇ, ਸੀ ਬਲੀਦਾਨ ਬੜਾ ਲਾਸਾਨੀ।
ਤੱਤੀ ਤਵੀ ਤੇ ਬਹਿ ਕੇ ਉਨ੍ਹਾਂ, ਮੁੱਖੋਂ ਮੂਲੋਂ ਸੀਅ ਨਾ ਕੀਤੀ।
ਲਿਖ ਨਾ ਸਕਦੀ ਕਾਨੀ ਮੇਰੀ, ਨਾਲ ਗੁਰੂ ਦੇ ਜੋ ਵੀ ਬੀਤੀ।
ਜੂਨ ਮਹੀਨਾ ਸਾਲ ਚੁਰਾਸੀ, ਸਿੱਖਾਂ ਉੱਤੇ ਬਿਪਤਾ ਭਾਰੀ।
ਗੋਲ਼ੀਆਂ ਚੱਲਣ ਚਾਰੇ ਪਾਸੇ, ਸੁਖਮਨੀ ਸਾਹਿਬ ਜਾਣ ਉਚਾਰੀ।
ਦੱਸਿਆ ਸਾਡੇ ਗੁਰਾਂ ਨੇ ਸਾਨੂੰ, ਹਿੰਮਤ ਕਦੇ ਨਾ ਹਾਰੋ ਭਾਈ।
ਓਹੀ ਸੱਚੇ ਸਿੱਖ ਗੁਰੂ ਦੇ, ਚੱਲਦੇ ਨੇ ਜੋ ਹੁਕਮ ਰਜ਼ਾਈ।
ਆਵੇ ਪਤਝੜ ਹੋਵੇ ਵਰਖਾ, ਜਾਂ ਆ ਜਾਏ ਸਰਦੀ ਗਰਮੀ।
ਹਿਰਦਾ ਜੋ ਇਕਸਾਰ ਰਖੇਂਦਾ, ਉਹ ਬੰਦਾ ਹੈ ਅਸਲੀ ਧਰਮੀ।
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)