‘ਗ੍ਰਾਮ ਪੰਚਾਇਤ ਕੋਠੇ ਸੰਪੂਰਨ ਸਿੰਘ ਦੀ ਸਰਬਸੰਮਤੀ ਨਾਲ ਚੋਣ’ ਗੁਰਮੇਲ ਸਿੰਘ ਬਰਾੜ ਬਣੇ ਸਰਪੰਚ
ਜੈਤੋ/ਫਰੀਦਕੋਟ, 30 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਦੇ ਪਲੇਠੇ ਦਿਨ ਹੀ ਬਲਾਕ ਜੈਤੋ ’ਚ ਚੰਗੇਰੀ ਸ਼ੁਰੂਆਤ ਹੋਈ। ਹਲਕਾ ਜੈਤੋ ਦੇ ਵਿਧਾਇਕ ਇੰਜੀ. ਅਮੋਲਕ ਸਿੰਘ ਦੀ ਪ੍ਰੇਰਨਾ ਅਤੇ ਸੁਹਿਰਦ ਯਤਨਾਂ ਸਦਕਾ ਕੋਠੇ ਸੰਪਰੂਨ ਸਿੰਘ ਦੇ ਲੋਕਾਂ ਨੇ ਗ੍ਰਾਮ ਪੰਚਾਇਤ ਦੇ ਸਮੁੱਚੇ ਨੁਮਾਇੰਦੇ ਸਰਬਸੰਮਤੀ ਨਾਲ ਚੁਣਨ ਦੀ ਪਹਿਲਕਦਮੀ ਕੀਤੀ। ਇਸ ਸਬੰਧ ਵਿੱਚ ਅੱਜ ਪਿੰਡ ’ਚ ਲੋਕਾਂ ਦਾ ਇਕੱਠ ਹੋਇਆ। ਇਥੇ ਵਿਧਾਇਕ ਅਮੋਲਕ ਸਿੰਘ ਵੀ ਪੁੱਜੇ ਹੋਏ ਸਨ। ਉਨ੍ਹਾਂ ਪਿੰਡ ਵਾਸੀਆਂ ਨੂੰ ਭਾਈਚਾਰਕ ਮਿਲਵਰਤਣ ਦੀ ਮਿਸਾਲ ਕਾਇਮ ਕਰਨ ਲਈ ਪ੍ਰੇਰਿਆ ਤਾਂ ਪਿੰਡ ਵਾਸੀ ਝੱਟ ਤਿਆਰ ਹੋ ਗਏ। ਪਿੰਡ ਦੇ ਲੋਕਾਂ ਨੇ ਆਪਣੇ ਏਕੇ ਅਤੇ ਪਿਆਰ ਦਾ ਸਬੂਤ ਦਿੰਦਿਆਂ ਗੁਰਮੇਲ ਸਿੰਘ ਬਰਾੜ ਨੂੰ ਸਰਵ ਪ੍ਰਵਾਨਗੀ ਨਾਲ ਸਰਪੰਚ ਚੁਣ ਲਿਆ। ਇਸੇ ਤਰ੍ਹਾਂ ਜਸਕਰਨ ਸਿੰਘ, ਗੁਰਦੀਪ ਸਿੰਘ, ਨਰਿੰਦਰ ਸਿੰਘ ਅਤੇ ਮਨਜੀਤ ਕੌਰ ਦੀ ਪੰਚ ਵਜੋਂ ਚੋਣ ਕੀਤੀ ਗਈ। ਮੁਬਾਰਕਾਂ ਦੇ ਆਦਾਨ-ਪ੍ਰਦਾਨ ਦੌਰਾਨ ਹੀ ਵਿਧਾਇਕ ਅਮੋਲਕ ਸਿੰਘ ਨੇ ਨਵੇਂ ਚੁਣੇ ਪੰਚਾਇਤੀ ਨੁਮਾਇੰਦਿਆਂ ਦੇ ਹਾਰ ਪਹਿਨਾ ਕੇ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਬਸੰਮਤੀ ਵਾਲੀਆਂ ਗ੍ਰਾਮ ਪੰਚਾਇਤਾਂ ਲਈ ਐਲਾਨੀ ਗਈ 5 ਲੱਖ ਰੁਪਏ ਦੀ ਨਗਦ ਰਾਸ਼ੀ, ਉਹ ਜਲਦੀ ਹੀ ਪੰਚਾਇਤ ਨੂੰ ਦੁਆਉਣਗੇ। ਇਸ ਮੌਕੇ ਐਡਵੋਕੇਟ ਹਰਸਿਮਰਨ ਮਲਹੋਤਰਾ, ਡਾ. ਲਛਮਣ ਭਗਤੂਆਣਾ, ਧਰਮਜੀਤ ਸਿੰਘ ਰਾਮੇਆਣਾ, ਕੁਲਦੀਪ ਸਿੰਘ, ਲਾਡੀ ਬਿਸ਼ਨੰਦੀ, ਦਵਿੰਦਰ ਸਿੰਘ ਖਾਲਸਾ ਸਮੇਤ ਅਨੇਕਾਂ ਪਤਵੰਤੇ ਹਾਜ਼ਰ ਸਨ।