ਜੋਤਿਸ਼ ਤੇ ਵਾਸਤੂਸ਼ਾਸਤਰ ਗੈਰ ਵਿਗਿਆਨਕ ,ਕੋਈ ਵੀ ਗੱਲ ਅਨੁਭਵ ਤੇ ਤਰਕ ਦੀ ਕਸੌਟੀ ਤੇ ਪਰਖ ਕੇ ਮੰਨੋ –ਤਰਕਸ਼ੀਲ
ਭੋਲੀ ਭਾਲੀ ਜਨਤਾ ਨੂੰ ਲੁੱਟਣ ਵਾਲਿਆਂ ਦੀ ਇਸ ਦੇਸ਼ ਵਿੱਚ ਕੋਈ ਘਾਟ ਨਹੀਂ ਹੈ।ਅਖੌਤੀ ਬਾਬੇ,ਤਾਂਤਰਿਕ, ਪਾਂਡੇ,ਜੋਤਸ਼ੀਆਂ,ਵਾਸਤੂਸਾਸਤਰੀਆਂ ਆਦਿ ਨੇ ਲੋਕਾਂ ਨੂੰ ਲੁੱਟਣ ਲਈ ਜਾਲ ਵਿਛਾਇਆ ਹੋਇਆ ਹੈ।ਇਨ੍ਹਾਂ ਆਪਣੀ ਲੁੱਟ ਨੂੰ ਤੇਜ਼ ਕਰਨ ਲਈ ਵਿਗਿਆਨਿਕ ਖੋਜਾਂ ਟੀ ਵੀ ਚੈਨਲਾ, ਕੇਬਲਾਂ, ਕੰਪਿਊਟਰਾਂ,ਮੋਬਾਇਲਾਂ ਤੇ ਪ੍ਰਿੰਟ ਮੀਡੀਆ ਦੀ ਪੂਰੀ ਵਰਤੋਂ ਕਰ ਰਹੇ ਹਨ।ਸਵੇਰੇ ਸਵੇਰ ਚੈਨਲਾਂ ਉਤੇ ਰਾਸ਼ੀਫਲ ਅਤੇ ਵੱਖ ਵੱਖ ਤਰਾਂ ਦੇ ਵਹਿਮ-ਭਰਮ ਫੈਲਾ ਕੇ ਸ਼ਨੀ,ਰਾਹੂ ਕੇਤੂ ਗ੍ਰਿਹਾਂ ਦਾ ਡਰ ਪਾਉਂਦੇ ਹੋਏ ਲੋਕਾਂ ਦੀ ਆਰਥਿਕ ਤੇ ਮਾਨਸਿਕ ਲੁੱਟ ਕਰਨ ਲਈ ਨਗ, ਮੂੰਗੇ,ਕਵਚ ਆਦਿ ਵੇਚ ਰਹੇ ਹੁੰਦੇ ਹਨ।ਜੋਤਸ਼ੀਆਂ, ਤਾਂਤਰਿਕਾਂ ਵੱਲੋਂ ਪਿੰਡ ਪਿੰਡ, ਸ਼ਹਿਰ ਸ਼ਹਿਰ ਤੇ ਚੈਨਲਾਂ ਤੇ ਦੁਕਾਨਾਂ ਖੋਲੀਆਂ ਹਨ,ਵਿਦੇਸ਼ ਜਾਣ ਲਈ, ਤਲਾਕ,ਵਸ਼ੀਕਰਨ ਜਿਸ ਨੂੰ ਮਰਜ਼ੀ ਵਸ ਕਰ ਲਵੋ, ਪਿਆਰ ਵਿਆਹ ਸਫਲ ਕਰਨ, ਮੰਗਲੀਕ,ਜਨਮ ਕੁੰਡਲੀਆਂ, ਨੌਕਰੀ,ਔਲਾਦ ਤੇ ਖਾਸ ਕਰ ਪੁੱਤਰ ਦੀ ਪ੍ਰਾਪਤੀ,ਘਰੇਲੂ ਪ੍ਰੇਸ਼ਾਨੀਆਂ ਜਾਂ ਝਗੜੇ, ਬਿਮਾਰੀ ਤੋਂ ਮੁਕਤੀ,ਜਾਦੂ ਟੂਣਾ,ਕੀਤਾ ਕਰਾਇਆ, ਓਪਰੀ ਛਾਇਆ,ਕਾਲੇ ਇਲਮ ਨਾਲ ਦੁਸ਼ਮਣ ਤੇ ਜਿੱਤ ਜਾਂ ਕਿਸੇ ਨੂੰ ਵਸ ਕਰਨਾ, ਪੜ੍ਹਾਈ ਵਿੱਚ ਨੰਬਰ ਲੈਣ,ਛੁਪਿਆ ਧਨ ਲੱਭਣ ਆਦਿ ਲਈ ਇਨ੍ਹਾਂ ਵੱਲੋਂ ਗਰੰਟੀਆਂ ਨਾਲ ਇਲਾਜ/ ਉਪਾਅ ਕਰਨ ਦੇ ਝੂਠੇ ਦਿਲਾਸੇ ਦਿੱਤੇ ਜਾਂਦੇ ਹਨ। ਲੋਕਾਂ ਦਾ ਸੋਚਣ ਢੰਗ ਵਿਗਿਆਨਕ ਨਾ ਹੋਣ ਕਾਰਨ,ਉਹ ਛੇਤੀ ਭਰਮਾਏ ਜਾਂਦੇ ਤੇ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ ।ਜੇ ਕੋਈ ਚੁਸਤ ਚਲਾਕ ਵਿਅਕਤੀ ਤੀਜੀ ਅੱਖ ਖੋਲ ਕੇ ਦਿਮਾਗ ਤੇਜ਼ ਕਰਨ ,ਸੁੰਘ ਕੇ ਪੜ੍ਹਨ, ਹਿਪਨੋਸਿਸ ਨਾਲ ਦਿਮਾਗ ਵਧਾਉਣ ਦੀ ਭਾਵ ਥੋੜਾ ਜਿਹਾ ਲਾਲਚ ਸੁੱਟ ਦੇਵੇ ਤਾਂ ਲੋਕ ਛੇਤੀ ਮੱਕੜਜਾਲ ਵਿਚ ਫਸ ਜਾਂਦੇ ਹਨ ਤੇ ਰੱਜ ਕੇ ਲੁੱਟ ਕਰਵਾਉਂਦੇ ਹਨ। ਭਰਮ ਜਾਲ ਸਬੰਧੀ ਮੈਂ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹਾਂਗਾ।
ਕਈ ਸਾਲ ਪਹਿਲਾਂ ਦੀ ਗੱਲ ਹੈ ਅਸੀਂ ਤਰਕਸ਼ੀਲ ਸਾਥੀ ਸੰਗਰੂਰ ਵਿਖੇ ਇੱਕ ਮਰਗ ਤੇ ਇੱਕਠੇ ਸੀ, ਸੂਬਾ ਆਗੂ ਵੀ ਸਾਡੇ ਨਾਲ ਸਨ। ਉਸ ਸਮੇਂ ਕਈ ਜੋਤਸ਼ੀਆਂ ਨੇ ਲੀਫਲੈਟ ਵੰਡੇ ਹੋਏ ਸੀ ਤੇ ਉਨ੍ਹਾਂ ਦਾ ਕੇਬਲ ਟੀਵੀ ਤੇ ਪ੍ਰਚਾਰ ਚਲ ਰਿਹਾ ਸੀ ਕਿ ਇਹ ਲੋਕਾਂ ਦਾ ਬੀਤਿਆ ਸਮਾਂ,ਵਰਤਮਾਨ ਤੇ ਭਵਿੱਖ ਦੱਸਦੇ ਹਨ,ਉਪਰੋਕਤ ਦੱਸੀਆਂ ਸਾਰੀਆਂ ਸਮੱਸਿਆ, ਬੀਮਾਰੀਆਂ/ ਸੰਕਟਾਂ ਦਾ ਹੱਲ ਕਰਦੇ ਹਨ.ਸੋ ਅਸੀਂ ਇਕੱਠੇ ਹੋਏ ਸਾਥੀਆਂ ਸਲਾਹ ਕੀਤੀ ਕਿ ਜੋਤਸ਼ੀਆਂ ਦੇ ਦਾਅਵਿਆਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਂਦੀ ਜਾਵੇ। ਅਸੀਂ ਸਾਰੇ ਸਾਥੀ ਜਿਨ੍ਹਾਂ ਵਿੱਚ ਲੈਕਚਰਾਰ ਕ੍ਰਿਸਨ ਸਿਘ, ਡਾਕਟਰ ਅਵਤਾਰ ਸਿੰਘ, ਜਸਵੀਰ ਸਿੰਘ, ਚਮਕੌਰ ਸਿੰਘ, ਸੰਤੋਸ਼ ਪਟਵਾਰੀ,ਸਵਰਨਜੀਤਸਿੰਘ, ਮਨਧੀਰ ਸਿੰਘ ਰਜਿੰਦਰ ਭਦੌੜ ਤੇ ਮੇਰੇ ਪਰਮਵੇਦ ਸਮੇਤ ਸਾਰੇ ਇਕੱਠੇ ਹੋ ਕੇ ਕੌਲਾ ਪਾਰਕ ਦੇ ਸਾਹਮਣੇ ਇੱਕ ਜੋਤਸ਼ੀ ਦੀ ਦੁਕਾਨ ਦੇ ਸਾਹਮਣੇ ਇਕੱਠੇ ਹੋ ਗਏ. ਅਸੀਂ ਦੋ ਸਾਥੀਆਂ ਨੂੰ ਜੋਤਸ਼ੀ ਕੋਲ ਭੇਜਣ ਦਾ ਫੈਸਲਾ ਕੀਤਾ। ਪਹਿਲਾਂ ਇੱਕ ਕੁੜੀ ਦੇ ਪਿਤਾ ਪਟਵਾਰੀ ਨੂੰ ।ਉਸ ਨੂੰ ਸਾਰੀ ਗਲ ਸਮਝਾਈ ਗਈ ਕਿ ਕੀ ਕਹਿਣਾ, ਕੀ ਪੁੱਛਣਾ ਹੈ। ਉਹ ਉਪਰ ਜੋਤਸ਼ੀ ਕੋਲ ਗਿਆ, 50/-ਰੁਪਏ ਫੀਸ ਭਰੀ ਤੇ ਕਹਿੰਦਾ, “ਜੋਤਸ਼ੀ ਜੀ ਮੈਂ ਡਬਲ ਐਮ ਏ ਹਾਂ, ਵਧੀਆ ਨੰਬਰਾਂ ਨਾਲ ਪਾਸ ਕੀਤੀ ਹੈ, ਸਰਕਾਰੀ ਨੌਕਰੀ ਨਹੀਂ ਮਿਲ ਰਹੀ, ਜੰਤਰੀ ਦੇਖ ਕੇ ਦੱਸੋ ਕਿ ਮੇਰੀ ਕਿਸਮਤ ਵਿੱਚ ਸਰਕਾਰੀ ਨੌਕਰੀ ਹੈ ,ਜੇ ਹੈ ,ਤਾਂ ਕਦੋਂ ਮਿਲੇਗੀ?” ਜੋਤਸ਼ੀ ਜੀ ਨੇ ਪੱਤਰੀ ਦੇਖ ਕੇ ਕਿਹਾ,” ਤੇਰੀ ਕਿਸਮਤ ਵਿੱਚ ਸਰਕਾਰੀ ਨੌਕਰੀ ਨਹੀਂ, ਪ੍ਰਾਈਵੇਟ ਨੌਕਰੀ ਕਰ ਲੈ । ਪੈਸੇ ਕਮਾਉਣ ਦਾ ਉਪਾਅ ਕਰ ਦੇਵਾਂਗੇ। ” ਪਟਵਾਰੀ ਨੇ ਜੋਤਸ਼ੀ ਤੋਂ ਦੂਜੀ ਪੁੱਛ ਰੱਖੀ, ਕਿਹਾ,” ਮੇਰਾ ਵਿਆਹ ਹੋਏ ਨੂੰ ਚਾਰ ਸਾਲ ਹੋ ਗਏ ਹਨ ਅਜੇ ਤਕ ਔਲਾਦ ਦੀ ਪ੍ਰਾਪਤੀ ਨਹੀਂ ਹੋਈ ।ਦੱਸੋ ਮੇਰੀ ਕਿਸਮਤ ਵਿੱਚ ਔਲਾਦ ਹੈ।” ਜੋਤਸ਼ੀ ਨੇ ਕਿਹਾ ,”ਤੇਰੀ ਕਿਸਮਤ ਵਿੱਚ ਔਲਾਦ ਹੈ, ਪਹਿਲਾ ਬੱਚਾ ਲੜਕਾ ਹੋਵੇਗਾ।ਇਸ ਲਈ ਉਪਾਅ ਕਰਨਾ ਪਵੇਗਾ।” ਖਰਚਾ ਪੁੱਛਣ ਤੇ ਜੋਤਸ਼ੀ ਜੀ ਨੇ 5000/- ਰੁਪਏ ਕਿਹਾ। ਇਸ ਤੋਂ ਬਾਅਦ ਪਟਵਾਰੀ ਜੀ ਵਾਪਸ ਸਾਡੇ ਕੋਲ ਆ ਗਏ ਤੇ ਸਾਰੀ ਰਿਪੋਰਟਿੰਗ ਕੀਤੀ। ਉਸ ਤੋਂ ਬਾਅਦ ਅਸੀਂ ਦੂਜਾ ਸਾਥੀ ਭੇਜਿਆ ਜਿਹੜਾ ਅਣਵਿਆਹਿਆ ਸੀ।ਉਸ ਨੂੰ ਸਾਰੀ ਗਲ ਸਮਝਾ ਕੇ ਭੇਜਿਆ।ਉਸ ਨੇ ਵੀ ਦਾਖਲੇ ਦੀ ਪਰਚੀ ਫੀਸ ਦੇ 50/- ਰੁਪਏ ਦਿਤੇ ਤੇ ਜੋਤਸ਼ੀ ਜੀ ਨੂੰ ਆਪਣੀ ਸਮੱਸਿਆ ਦੱਸਦਿਆਂ ਕਿਹਾ ਕਿ ਮੈਂ 3 ਲੜਕੀਆਂ ਦਾ ਪਿਓ ਹਾਂ, ਦੱਸੋ ਮੇਰੀ ਕਿਸਮਤ ਵਿਚ ਲੜਕਾ ਹੈ? ਜੋਤਸ਼ੀ ਜੀ ਨੇ ਪੱਤਰੀ ਦੇਖ ਕੇ ਕਿਹਾ ,”ਚੌਥੀ ਔਲਾਦ ਲੜਕੇ ਦੇ ਰੂਪ ਵਿੱਚ ਹੋਵੇਗੀ,ਉਹ ਬਹੁਤ ਹੀ ਆਗਿਆਕਾਰੀ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਵਾਲਾ ਹੋਵੇਗਾ। ਉਪਾਅ ਕਰਵਾਉਣਾ ਪਵੇਗਾ।” ਉਸ ਤੋਂ ਬਾਅਦ ਉਹ ਵੀ ਵਾਪਸ ਸਾਡੇ ਕੋਲ ਆ ਗਿਆ। ਅਸੀਂ ਦੋਨੋਂ ਸਾਥੀਆਂ ਦੀ ਗੱਲ ਸੁਣਨ ਤੋਂ ਬਾਅਦ ਜੋਤਸ਼ੀ ਕੋਲ ਗਏ।ਉਸ ਕੋਲ ਦੋ ਪੜ੍ਹੀਆਂ ਲਿਖੀਆਂ ਔਰਤਾਂ ਬੈਠੀਆਂ ਸਨ। ਉਹ ਸਾਨੂੰ ਦੇਖ ਕੇ ਜਾਣ ਲੱਗੀਆਂ, ਸਾਡੀ ਬੇਨਤੀ ਤੇ ਉਹ ਰੁਕ ਗਈਆਂ। ਅਸੀਂ ਜੋਤਸ਼ੀ ਨੂੰ ਉਸ ਦਾ ਹੈਂਡਬਿਲ ਦਿਖਾਇਆ ਤੇ ਕਿਹਾ ,”ਤੁਸੀਂ ਲੋਕਾਂ ਦਾ ਵਰਤਮਾਨ, ਭੂਤਕਾਲ ਤੇ ਭਵਿੱਖ ਦੱਸਣ ਦਾ ਦਾਅਵਾ ਕੀਤਾ ਹੈ ਤੇ ਹਰ ਸਮੱਸਿਆ ਦੇ ਸਮਾਧਾਨ ਲਈ ਵੀ ਕਿਹਾ ਹੈ। ਸਭ ਤੋਂ ਪਹਿਲਾਂ ਇਹ ਪਟਵਾਰੀ ਤੁਹਾਡੇ ਕੋਲ ਆਇਆ ਤੁਸੀਂ ਕਿਹਾ ਕਿ ਇਸਦੀ ਕਿਸਮਤ ਵਿੱਚ ਸਰਕਾਰੀ ਨੌਕਰੀ ਨਹੀਂ ਤੇ ਔਲਾਦ ਬਾਰੇ ਪੁੱਛਣ ਤੇ ਤੁਸੀਂ ਕਿਹਾ ਪਹਿਲੀ ਔਲਾਦ ਲੜਕਾ ਹੋਵੇਗਾ । ਚਮਕੌਰ ਸਿੰਘ ਨੂੰ ਸਾਹਮਣੇ ਕਰਦਿਆਂ ਕਿਹਾ ਕਿ ਇਹ ਵਿਅਕਤੀ ਵੀ ਤੁਹਾਡੇ ਕੋਲ ਆਇਆ ਸੀ ਇਸ ਦੇ ਔਲਾਦ ਬਾਰੇ ਪੁੱਛਣ ਤੇ ਤੁਸੀਂ ਕਿਹਾ ਕਿ ਇਸ ਦੇ ਘਰੇ ਬਹੁਤ ਛੇਤੀ ਲੜਕਾ ਆਉਣ ਵਾਲਾ ਹੈ।” ਜੋਤਸ਼ੀ ਤੋਂ ਹਾਂ ਭਰਵਾਉਣ ਤੋਂ ਬਾਅਦ,ਅਸੀਂ ਕਿਹਾ ,” ਇਹ ਪਹਿਲਾ ਵਿਅਕਤੀ 4 ਸਾਲ ਤੋਂ ਸਰਕਾਰੀ ਨੌਕਰੀ ਵਿੱਚ ਹੈ ਤੇ ਇਸ ਦੇ ਘਰ ਪਹਿਲੀ ਲੜਕੀ ਪੈਦਾ ਹੋਈ ਹੈ।ਦੂਜਾ ਵਿਅਕਤੀ ਜਿਸ ਦੇ ਬਾਰੇ ਤੁਸੀ ਕਿਹਾ ਕਿ ਛੇਤੀ ਲੜਕਾ ਆਉਣ ਵਾਲਾ ਹੈ,ਇਸ ਦਾ ਤਾਂ ਅਜੇ ਵਿਆਹ ਵੀ ਨਹੀਂ ਹੋਇਆ। ਤੁਸੀਂ ਭਵਿੱਖ ਦੱਸਣ ਦਾ ਦਾਅਵਾ ਕਰਦੇ ਹੋਂ ਪਰ ਇਥੇ ਤਾਂ ਕੁੱਝ ਵੀ ਸੱਚ ਨਹੀਂ।” ਉਸ ਕਿਹਾ ਤੁਹਾਨੂੰ ਪਤਾ ਹੈ, ਸਾਡੇ ਕੋਲ ਕੁੱਝ ਨਹੀਂ, ਮਸਾਲਾ ਲਾ ਕੇ ਗੱਲਾਂ ਰੱਖਣੀਆਂ ਪੈਂਦੀਆਂ ਹਨ। ਭਰਮਾਊ ਤੇ ਲਾਲਚ ਤੋਂ ਬਿਨਾਂ ਕੋਈ ਆਉਂਦਾ ਨਹੀਂ। “ਅਸੀਂ ਕਿਹਾ ,”ਲੋਕਾਂ ਨੂੰ ਗੁੰਮਰਾਹ ਨਾ ਕਰੋ,ਝੂਠ ਨਾ ਬੋਲੋ, ਝੂਠਾ ਪ੍ਰਚਾਰ ਨਾ ਕਰੋ, ਵਿਗਿਆਨਕ ਖੋਜਾਂ ਦੀ ਦੁਰਵਰਤੋ ਕਰਕੇ ਲੋਕਾਂ ਨੂੰ ਭਰਮਾਓ ਨਾ ।” ਜੋਤਿਸ਼ ਦੀ ਗੱਲਾਂ , ਕੀਤੇ ਦਾਅਵਿਆਂ ਨੂੰ ਝੁਠਲਾ ਕੇ,ਗੈਰ ਵਿਗਿਆਨਕ ਸਿੱਧ ਕਰਕੇ ਅਸੀਂ ਹੇਠਾਂ ਇਕੱਠੇ ਹੋਏ ਲੋਕਾਂ ਨੂੰ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਵੈਰ ਵਿਰੋਧ ਲੋਕਾਂ ਦੀ ਲੁੱਟ ਨਾਲ ਤੇ ਗੁੰਮਰਾਹ,ਭਰਮਾਊ ਪ੍ਰਚਾਰ ਨਾਲ ਹੈ, ਲੋਕਾਂ ਨਾਲ ਹੁੰਦੀ ਲੁੱਟ ਨਾਲ ਹੈ।ਰਜਿੰਦਰ ਭਦੌੜ ਨੇ ਲੋਕਾਂ ਨੂੰ ਜੋਤਸ਼ੀ ਦੇ ਦਾਅਵੇ ਵਾਲੇ ਹੈਂਡਬਿਲ ਲੋਕਾਂ ਨੂੰ ਦਿਖਾਉਂਦਿਆਂ ਕਿਹਾ,” ਇਸ ਪਰਚੇ ਵਿੱਚ ਜੋਤਸ਼ੀ ਨੇ ਲੋਕਾਂ ਦਾ ਭੂਤ, ਵਰਤਮਾਨ ਤੇ ਭਵਿੱਖ ਦੱਸਣ ਦਾਅਵਾ ਕਰਦਿਆਂ ਹਰ ਸਮੱਸਿਆ, ਕੀਤੇ ਕਰਾਇਆ ਦਾ ਅਸਰ ਖਤਮ ਕਰਨ ਦਾ ਦਾਅਵਾ ਕੀਤਾ ਹੈ। ਅਸੀਂ ਇਹ ਦੋ ਸਾਥੀ ਇਸ ਕੋਲ ਭੇਜੇ ਸੀ,ਪਰਚੀ ਕਟਾਈ ਸੀ, ਜੋ ਪੁੱਛਿਆ ਸਭ ਗਲਤ ਦੱਸਿਆ। ਅਸੀਂ ਲੋਕਾਂ ਨੂੰ ਪੂਰੀ ਰਿਪੋਰਟਿੰਗ ਕੀਤੀ।ਅਸੀਂ ਕਿਹਾ ਜੋਤਿਸ਼ ਤੇ ਵਾਸਤੂਸ਼ਾਸਤਰ ਗੈਰ ਵਿਗਿਆਨਕ ਹਨ, ਕਿਸੇ ਵੀ ਜੋਤਸ਼ੀ, ਅਖੌਤੀ ਸਿਆਣੇ, ਤਾਂਤਰਿਕ, ਚੌਂਕੀ ਲਾਉਣ ਵਾਲੇ ਆਦਿ ਕੋਲ ਕੋਈ ਗੈਬੀ ਸ਼ਕਤੀ ਨਹੀਂ,ਜਿਸ ਨਾਲ ਕਿਸੇ ਦਾ ਭਲਾ ਕਰ ਸਕਣ, ਸਭ ਭਰਮਾਊ ਗੱਲਾਂ ਹੁੰਦੀਆਂ ਹਨ।ਆਪਣਾ ਸੋਚਣ ਢੰਗ ਵਿਗਿਆਨਕ ਬਣਾਓ, ਹਰ ਗਲ ਅਨੁਭਵ ਤੇ ਤਰਕ ਦੀ ਕਸੌਟੀ ਤੇ ਪਰਖ ਕੇ ਮੰਨੋ, ਲਾਈਲੱਗ ਨਾ ਬਣੋ। ਫ਼ਿਰ ਅਸੀਂ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਰੱਖੀਆਂ 23 ਸ਼ਰਤਾਂ ਬਾਰੇ ਵਿਸਥਾਰ ਪੂਰਵਕ ਇਕੱਠੇ ਹੋਏ ਲੋਕਾਂ ਨੂੰ ਦੱਸਦਿਆਂ ਕਿਹਾ ਕਿ ਉਪਰੋਕਤ ਸਾਰੀ ਕਿਸਮ ਦੇ ਧੰਦੇ ਕਰਨ ਵਾਲਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਖੁੱਲੀ ਚੁਣੌਤੀ ਦਿੱਤੀ ਹੋਈ ਹੈ ਕਿ ਉਹ ਆਪਣੀ ਗੈਬੀ ਸ਼ਕਤੀ ਨਾਲ ਸੁਸਾਇਟੀ ਦੀਆਂ ਰੱਖੀਆ 23 ਸ਼ਰਤਾਂ ਵਿੱਚੋਂ ਇਕ ਵੀ ਧੋਖਾ ਰਹਿਤ ਹਾਲਤਾਂ ਵਿੱਚ ਪੂਰੀ ਕਰ ਦੇਣ ਤਾਂ ਉਨਾਂ ਨੂੰ ਪੰਜ ਲੱਖ ਰੁਪਏ ਦਿਤੇ ਜਾਣਗੇ ਤੇ ਹੋਰ ਸੁਸਾਇਟੀਆਂ ਵੱਲੋਂ ਰੱਖੇ ਇਨਾਮਾਂ ਦੀ ਰਕਮ ਜੋੜ ਕੇ ਕਰੋੜਾਂ ਵਿੱਚ ਹੈ ਪਰ ਅੱਜ ਤਕ ਕੋਈ ਵੀ ਇਹ ਸ਼ਰਤ ਨਹੀ ਜਿੱਤ ਸਕਿਆ।ਇਨਾਂ ਸ਼ਰਤਾਂ ਵਿਚ ਸੀਲਬੰਦ ਕਰੰਸੀ ਨੋਟ ਦਾ ਨੰਬਰ ਦਸਣ ਜਾਂ ਉਸਦੀ ਨਕਲ ਪੈਦਾ ਕਰਨ,ਬਲਦੀ ਅੱਗ ਵਿੱਚ ਨੰਗੇ ਪੈਰੀਂ ਤੁਰ ਸਕੇ,ਪਾਣੀ ਤੇ ਚਲ ਸਕੇ,ਅਜਿਹੀ ਵਸਤੂ ਜੋ ਅਸੀਂ ਮੰਗੀਏ ਉਹ ਹਵਾ ਵਿਚੋਂ ਪੈਦਾ ਕਰ ਸਕੇ,ਛੁਪੀ ਜਾਂ ਛੁਪਾਈ ਚੀਜ ਲਭ ਸਕੇ,ਪਾਣੀ ਨੂੰ ਸ਼ਰਾਬ ਜਾਂ ਪੈਟਰੋਲ ਵਿੱਚ ਬਦਲ ਦੇਵੇ ਜਾਂ ਸ਼ਰਾਬ ਨੂੰ ਖੂਨ ਜਾਂ ਪੈਟਰੋਲ ਵਿੱਚ ਬਦਲ ਦੇਵੇ,ਸਰੀਰ ਦੇ ਅੰਗ ਨੂੰ ਇਕ ਇੰਚ ਵਧਾ ਸਕੇ,ਭੂਤ ਪ੍ਰੇਤ ਜਾਂ ਆਤਮਾ ਦੀ ਫੋਟੋ ਖਿੱਚ ਸਕੇ ਤੇ ਫਿਰ ਅਲੋਪ ਕਰੇ ਜਾਂ ਉਸਨੂੰ ਹਾਜ਼ਰ ਕਰੇ,ਪੁਨਰ ਜਨਮ ਤੌਰ ਤੇ ਕੋਈ ਅਨੋਖੀ ਭਾਸ਼ਾ ਬੋਲ ਸਕੇ।ਆਪਣਾ ਸਰੀਰ ਇਕ ਥਾਂ ਤੋਂ ਦੂਜੀ ਥਾਂ ਬਿਨਾਂ ਛੱਡੇ ਲਿਜਾ ਸਕੇ,ਅੱਧੇ ਘੰਟੇ ਲਈ ਸਾਹ ਰੋਕ ਸਕੇ,ਘਰਾਂ ਵਿੱਚ ਖੂਨ ਦੇ ਸਿਟੇ,ਇੱਟਾਂ,ਰੋੜੇ ਡਿੱਗਣ ਪਿਛੇ ਗੈਬੀ ਸ਼ਕਤੀ ਦਾ ਹੱਥ ਸਿੱਧ ਕਰੇ ਆਦਿ।ਕੋਈ ਜੋਤਸ਼ੀ ਜਾਂ ਪਾਂਡਾ ਦਸ ਚਿੱਤਰਾਂ ਜਾਂ ਦਸ ਜਨਮ ਪੱਤਰੀਆਂ ਨੂੰ ਇਹ ਵੇਖਕੇ ਦਸ ਦੇਵੇ ਕਿ ਕਿਹੜੇ ਮਰਦ ਤੇ ਕਿਹੜੀਆਂ ਔਰਤਾਂ ਦੀਆਂ ਹਨ ਤੇ ਇਨਾਂ ਵਿਚੋਂ ਕਿੰਨੇ ਮਰੇ ਤੇ ਕਿੰਨੇ ਜੀਉਂਦੇ ਹਨ ? ਜਨਮ ਦਾ ਠੀਕ ਸਮਾਂ,ਸਥਾਨ ਦਸ ਦੇਣ ਉਹ ਇਨਾਮ ਜਿੱਤ ਸਕਦੇ ਹਨ ,5% ਗਲਤੀ ਮਾਫ ਹੈ।ਅੱਜ ਤੱਕ ਜੋਤਸ਼ੀਆਂ ਨੇ ਕਦੇ ਤੂਫਾਨ,ਭੁਚਾਲ, ਰੋਜ਼ਾਨਾ ਹੋ ਰਹੇ ਕਤਲਾਂ,ਹਾਦਸਿਆਂ, ਚੋਰੀਆਂ, ਡਾਕਿਆਂ ਬਾਰੇ ਭਵਿੱਖਬਾਣੀ ਨਹੀਂ ਕੀਤੀ ਤੇ ਨਾ ਹੀ ਕਰ ਸਕਣਗੇ। ਇਨ੍ਹਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸਰਕਾਰਾਂ ਦਾ ਕੰਮ ਹੈ,ਪਰ ਉਹ ਇਨ੍ਹਾਂ ਨੂੰ ਆਪਣੇ ਹਿੱਤ ਵਿੱਚ ਸਮਝਦੇ ਹਨ,ਇਸ ਲਈ ਵਿਗਿਆਨਕ ਖੋਜਾਂ ਦੀ ਰਾਤ ਦਿਨ ਦੁਰਵਰਤੋਂ ਹੋ ਰਹੀ ਹੈ। ਅਸੀਂ ਲੋਕਾਂ ਨੂੰ ਇਨ੍ਹਾਂ ਅਖੌਤੀ ਸਿਆਣਿਆਂ, ਤਾਂਤਰਿਕਾਂ, ਜੋਤਸ਼ੀਆਂ ਦੇ ਭਰਮਾਂ ਦੇ ਮੱਕੜਜਾਲ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਦੇ ਉਜਾਲੇ ਵਿੱਚ ਆਉਣ ਦਾ ਸੁਨੇਹਾ ਦੇ ਕੇ ਅਸੀਂ ਆਪੋ ਆਪਣੇ ਘਰਾਂ ਨੂੰ ਰਵਾਨਾ ਹੋਏ।

ਮਾਸਟਰ ਪਰਮ ਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
ਅਫ਼ਸਰ ਕਲੋਨੀ ਸੰਗਰੂਰ
9417422349