ਫਰੀਦਕੋਟ 10 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਅੱਜ ਪੰਜਾਬ ਸਰਕਾਰ ਅਤੇ ਸ਼ੈਲਰ ਮਾਲਿਕਾਂ ਤੋਂ ਦੁਖੀ ਹੋਏ ਕਿਸਾਨਾਂ ਨੇ ਫਰੀਦਕੋਟ ਦੇ ਕੰਮੇਆਣਾ ਚੌਕ ਵਿੱਚ ਧਰਨਾ ਲਗਾ ਦਿੱਤਾ । ਜਿਸ ਕਰਕੇ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਹੋ ਗਈ। ਇਸ ਸਮੇਂ ਬੋਲਦਿਆਂ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਵਾਂਦਰ , ਅਮਨਦੀਪ ਸਿੰਘ ਵਾਂਦਰ, ਕੰਵਲਜੀਤ ਸਿੰਘ ਕੌਰੀ ਵਾਂਦਰ ਸਰਪੰਚ ਨੇ ਕਿਹਾ ਕਿ ਪਿੰਡ ਕਿਲ੍ਹਾ ਨੌਂ ਦੀ ਮੰਡੀ ਵਿੱਚ ਸ਼ੈਲਰ ਮਾਲਕਾਂ ਵੱਲੋਂ ਮਨਮਰਜੀ ਅਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਹ ਪਿਛਲੇ ਵੀਹ ਦਿਨਾਂ ਤੋਂ ਮੰਡੀ ਵਿੱਚੋਂ ਝੋਨਾ ਨਹੀ ਉਠਾ ਰਹੇ ਹਨ ਅਤੇ ਨਾ ਹੀ ਮੰਡੀ ਬੋਰਡ ਵੱਲੋਂ ਅਜੇ ਤੱਕ ਬਾਰਦਾਨਾਂ ਹੀ ਭੇਜਿਆ ਜਾ ਰਿਹਾ ਹੈ। ਜਿਸ ਕਰਕੇ ਅੱਜ ਸਾਨੂੰ ਮਜਬੂਰ ਹੋ ਕੇ ਫਰੀਦਕੋਟ ਸ਼ਹਿਰ ਦੇ ਕੰਮੇਆਣਾ ਚੌਕ ਵਿੱਚ ਧਰਨਾਂ ਲਾਉਣ ਤੋਂ ਮਜਬੂਰ ਹੋਣਾ ਪਿਆ ਹੈ। ਧਰਨਾ ਲਾਉਣਾ ਸਾਡਾ ਸ਼ੌਕ ਨਹੀ ਮਜਬੂਰੀ ਹੈ । ਉਨਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਫਿਰ ਸਾਨੂੰ ਮਜਬੂਰ ਹੋ ਕੇ ਪੂਰੇ ਸ਼ਹਿਰ ਦੀਆਂ ਸੜਕਾਂ ਨੂੰ ਵੀ ਜਾਮ ਕੀਤਾ ਜਾਵੇਗਾ। ਇਸ ਸਮੇਂ ਜ਼ਿਲਾਂ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਧਰਨਾਂ ਚੁੱਕਣ ਲਈ ਅਤੇ ਸਥਿਤੀ ਨੂੰ ਅਮਨ ਅਮਾਨ ਕਰਨ ਲਈ ਕਿਹਾ ਅਤੇ ਮੰਗਾਂ ਮੰਨਣ ਦਾ ਵੀ ਪੂਰਾ ਭਰੋਸਾ ਦਿੱਤਾ । ਇਸ ਸਮੇ ਗੁਰੂ ਨਾਨਕ ਸ਼ੈਲਰ ਮਾਲਕ ਦੇ ਬਲਵਿੰਦਰ ਸਿੰਘ, ਸ਼ੈਲਰ ਯੂਨੀਅਨ ਦੇ ਪ੍ਰਧਾਨ, ਇੰਸਪੈਕਟਰ ਮੰਡੀ ਬੋਰਡ ਸ ਗੁਰਦੇਵ ਸਿੰਘ ਅਤੇ ਕਈ ਉੱਚ ਅਧਿਕਾਰੀ ਪਹੁੰਚੇ। ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਅੱਜ ਹੀ 25000 ਬਾਰਦਾਨਾਂ ਪਹੁੰਚ ਜਾਵੇਂਗਾ ਅਤੇ 5 ਹਜ਼ਾਰ ਬਾਰਦਾਨਾਂ ਦੋ ਦਿਨਾਂ ਤੱਕ ਪਹੁੰਚ ਜਾਵੇਂਗਾ ਅਤੇ ਹੁਣ ਤੋਂ ਹੀ ਝੋਨੇ ਦੀ ਚੁਕਾਈ ਸੁਰੂ ਹੋ ਜਾਵੇਗੀ। ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਸਤੁੰਸ਼ਟ ਹੋਏ ਕਿਸਾਨਾਂ ਨੇ ਧਰਨਾਂ ਚੁੱਕ ਦਿੱਤਾ ਜਿਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਸੁੱਖ ਦਾ ਸਾਹ ਆਇਆ। ਪੁਲਿਸ ਨੇ ਆਵਾਜਾਈ ਨੂੰ ਮੁੜ ਤੋਂ ਬਹਾਲ ਕਰ ਦਿੱਤੀ ਗਈ।