ਖਾਣ ਪੀਣ ਦੀਆਂ ਵਸਤਾਂ ’ਚ ਮਿਲਾਵਟ ਪਾਈ ਗਈ ਤਾਂ ਕਾਨੂੰਨੀ ਹੋਵੇਗੀ ਕਾਰਵਾਈ
ਫਰੀਦਕੋਟ, 01 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਨੇ ਜਨਤਾ ਨੂੰ ਇਸ ਸਾਲ ਸਾਫ ਅਤੇ ਹਰੀ-ਭਰੀ ਪ੍ਰਦੂਸ਼ਣ-ਮੁਕਤ ਦੀਵਾਲੀ ਮਨਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਇਹ ਦੀਵਾਲੀ ਸਾਡੇ ਵਾਤਾਵਰਣ ਅਤੇ ਸਿਹਤ ਦੋਨੋਂ ਦੀ ਰੱਖਿਆ ਕਰਨ ਲਈ ਮਹੱਤਵਪੂਰਨ ਮੌਕਾ ਹੈ, ਸੋ ਇਸ ਮਹਾਨ ਤਿਉਹਾਰ ਨੂੰ ਸਿਹਤਮੰਦ ਢੰਗ ਨਾਲ ਮਨਾਉਣ ਲਈ ਸਾਡੀ ਸਾਂਝੀ ਜਿੰਮੇਵਾਰੀ ਹੈ। ਵੱਧ ਰਹੇ ਪ੍ਰਦੂਸ਼ਣ ਅਤੇ ਇਸ ਨਾਲ ਜਨ ਸਿਹਤ ’ਤੇ ਹੋ ਰਹੇ ਬੁਰੇ ਅਸਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਜਰੂਰੀ ਹੈ ਕਿ ਅਸੀਂ ਇਸਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਕਰੀਏ। ਡਾ. ਚੰਦਰ ਸ਼ੇਖਰ ਨੇ ਕਿਹਾ ਕਿ ਇਸ ਵਾਰ ਦੀਵਾਲੀ ਦੀਆਂ ਖੁਸ਼ੀਆਂ ਨੂੰ ਮਨਾਉਣ ਲਈ ਧੂਆਂ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ ਵਾਲੇ ਪਟਾਕਿਆਂ ਅਤੇ ਮੋਮਬੱਤੀਆਂ ਦੀ ਥਾਂ ਸਰੋਂ ਦੇ ਤੇਲ ਦੇ ਦੀਵਿਆਂ ਦੀ ਵਰਤੋਂ ਕੀਤੀ ਜਾਏ। ਇਹ ਸਿਰਫ਼ ਸਾਡੇ ਮਾਹੌਲ ਲਈ ਹੀ ਨਹੀਂ, ਸਗੋਂ ਸਾਡੀ ਸਿਹਤ ਲਈ ਵੀ ਬਹੁਤ ਲਾਭਕਾਰੀ ਸਾਬਤ ਹੋਵੇਗਾ। ਉਹਨਾਂ ਕਿਹਾ ਕਿ ਦਿਵਾਲੀ ਦੇ ਮੌਕੇ ‘ਤੇ ਵਿਸਫੋਟਕ ਪਟਾਖਿਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ, ਕਿਉਕਿ ਬਹੁਤ ਸਾਰੇ ਲੋਕਾਂ ਵਿੱਚ ਪ੍ਰਦੂਸ਼ਣ ਤੋਂ ਖਾਸਕਰ ਬੱਚਿਆਂ ਅਤੇ ਬੁਜ਼ੁਰਗਾਂ ਨੂੰ ਸਾਹ ਦੀਆਂ ਅਤੇ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋਣ ਦਾ ਖਤਰਾ ਹੁੰਦਾ ਹੈ। ਡਾ. ਚੰਦਰ ਸ਼ੇਖਰ ਨੇ ਮਿਠਾਈਆਂ ਦੇ ਨਿਰਮਾਤਾਵਾਂ, ਹਲਵਾਈਆਂ ਅਤੇ ਵਿਕਰੇਤਾਵਾਂ ਨੂੰ ਵੀ ਤਾਕੀਦ ਕੀਤੀ ਹੈ ਕਿ ਉਹ ਮਿਠਾਈਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਾ ਕਰਨ। ਮਿਲਾਵਟ ਵਾਲੀਆਂ ਮਿਠਾਈਆਂ ਸਿਹਤ ਲਈ ਖਤਰਨਾਕ ਹੋ ਸਕਦੀਆਂ ਹਨ ਅਤੇ ਸਿਹਤ ਵਿਭਾਗ ਨੂੰ ਸਖਤ ਕਾਰਵਾਈ ਕਰਨ ਲਈ ਮਜਬੂਰ ਕਰ ਸਕਦੀਆਂ ਹਨ।