ਇਕ ਹੋਰ ਫੌਜ਼ੀ ਜਵਾਨ ਦੀ ਤਿਰੰਗੇ ’ਚ ਲਿਪਟੀ ਮਿ੍ਰਤਕ ਦੇਹ ਪੁੱਜੀ ਘਰ, ਸਰਕਾਰੀ ਸਨਮਾਨਾ ਨਾਲ ਹੋਇਆ ਸਸਕਾਰ
ਫਰੀਦਕੋਟ , 24 ਜੂਨ (ਵਰਲਡ ਪੰਜਾਬੀ ਟਾਈਮਜ਼)
ਅੱਜ ਤੋਂ ਤਕਰੀਬਨ 6 ਸਾਲ ਪਹਿਲਾਂ ਫੌਜ਼ ਵਿੱਚ ਭਰਤੀ ਹੋਏ ਫਰੀਦਕੋਟ ਜ਼ਿਲੇ ਦੇ ਪਿੰਡ ਭਾਗਥਲਾ ਦੇ ਜਵਾਨ ਧਰਮਪ੍ਰੀਤ ਸਿੰਘ ਦੀ ਲਾਸ਼ ਤਿਰੰਗੇ ਵਿੱਚ ਲਿਪਟੀ ਉਨਾਂ ਦੇ ਜੱਦੀ ਪਿੰਡ ਪੁੱਜੀ ਤਾਂ ਉਸਨੂੰ ਦੇਖ ਕੇ ਹਰ ਇਕ ਅੱਖ ਦਾ ਨਮ ਹੋਣਾ ਸੁਭਾਵਿਕ ਸੀ। ਧਰਮਪ੍ਰੀਤ ਜੋ ਉੱਤਰ ਪ੍ਰਦੇਸ਼ ਦੇ ਫਤਿਹਗੜ ਵਿਖੇ ਤਾਇਨਾਤ ਸੀ, ਦੀ ਡਿਊਟੀ ਦੌਰਾਨ ਅਚਾਨਕ ਤਬੀਅਤ ਖਰਾਬ ਹੋ ਗਈ, ਜਿਸ ਨੂੰ ਤੁਰਤ ਹਸਪਤਾਲ ਦਾਖਲ ਕਰਵਾਇਆ ਗਿਆ। ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਅੱਜ ਉਨਾਂ ਦਾ ਸਰਕਾਰੀ ਸਨਮਾਨਾ ਨਾਲ ਅੰਤਿਮ ਸਸਕਾਰ ਕੀਤਾ ਗਿਆ, ਜਿਸ ਨੂੰ ਮੁੱਖ ਅਗਨੀ ਉਨਾਂ ਦੇ ਪਿਤਾ ਵੱਲੋਂ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਪੁੱਜੇ, ਜਿਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸ਼ਹੀਦ ਧਰਮਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਧਰਮਪ੍ਰੀਤ ਦੇਸ਼ ਦਾ ਹੋਣਹਾਰ ਸਿਪਾਹੀ ਸੀ, ਉਹ ਯੂ.ਪੀ. ਦੇ ਫਤਿਹਗੜ ਸੈਂਟਰ ’ਤੇ ਤਾਇਨਾਤ ਸੀ। ਉਨਾਂ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਧਰਮਪ੍ਰੀਤ ਦੀ ਅਚਾਨਕ ਸਿਹਤ ਵਿਗੜਨ ਕਾਰਨ ਐਮਰਜੈਂਸੀ ਵਿੱਚ ਦਾਖਲ ਹੈ ਪਰ ਕੁਝ ਦੇਰ ਬਾਅਦ ਹੀ ਉਨਾਂ ਨੂੰ ਧਰਮਪ੍ਰੀਤ ਦੀ ਮੌਤ ਦੀ ਸੂਚਨਾ ਆ ਗਈ। ਉਨਾਂ ਦੱਸਿਆ ਕਿ ਧਰਮਪ੍ਰੀਤ ਦੀ ਪਤਨੀ ਗਰਭਵਤੀ ਹੈ। ਉੱਧਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵੀ ਇਸ ਘਟਨਾ ’ਤੇ ਦੁੱਖ ਜਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਖੜੀ ਹੈ ਅਤੇ ਜੋ ਸਰਕਾਰ ਆਪਣੇ ਪੱਧਰ ’ਤੇ ਸ਼ਹੀਦ ਪਰਿਵਾਰ ਦੀ ਆਰਥਿਕ ਮੱਦਦ ਕਰਦੀ ਹੈ, ਉਹ ਤਾਂ ਕਰੇਗੀ ਹੀ ਅਤੇ ਜੇਕਰ ਪਰਿਵਾਰ ਨੂੰ ਕਿਸੇ ਹੋਰ ਤਰਾਂ ਦੀ ਮੱਦਦ ਦੀ ਲੋੜ ਹੋਈ ਤਾਂ ਉਹ ਵੀ ਕੀਤੀ ਜਾਵੇਗੀ।