
ਕੋਟਕਪੂਰਾ, 6 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਡੌਲਫਿਨ ਪਬਲਿਕ ਸਕੂਲ” ਵਾੜਾ ਦਰਾਕਾ ਵਿਖੇ ਨੈਤਿਕ ਕਦਰਾਂ-ਕੀਮਤਾਂ ਦੀ ਪ੍ਰਫੁੱਲਤਾ ਲਈ ਵਿਦਿਅਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਡਾ. ਅਵੀਨਿੰਦਰਪਾਲ ਸਿੰਘ ਡਾਇਰੈਕਟਰ ਹਿਊਮਨ ਰਿਸੋਰਸ ਪਲੈਨਿੰਗ ਐਂਡ ਫਾਲੋਅਪ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਰਣਜੀਤ ਸਿੰਘ ‘ਟੋਨੀ’ ਖੇਤਰੀ ਯੂਨਿਟ ਵਾੜਾਦਰਾਕਾ ਨੇ ਹਾਜਰੀ ਭਰੀ। ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਅਵੀਨਿੰਦਰਪਾਲ ਸਿੰਘ ਨੇ ਜੀਵਨ ਜਿਉਣ ਦੇ ਢੰਗਾਂ ਬਾਰੇ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਮਝਾਉਂਦਿਆਂ ਚੰਗੇ ਬੁਰੇ ਦੀ ਪਹਿਚਾਣ, ਕਿਸੇ ਨੂੰ ਦੋਸ਼ ਨਾ ਦੇਣਾ, ਸੱਚ ਦੇ ਰਾਹ ’ਤੇ ਚੱਲਣ, ਸਭ ਦੀ ਭਲਾਈ ਕਰਨ, ਝੂਠ ਨਾ ਬੋਲਣ, ਸੋਨੇ ਅਤੇ ਪੱਥਰ ਦੀਆਂ ਉਦਾਹਰਣਾ ਰਾਹੀਂ ਗੁਰਬਾਣੀ ਵਿੱਚੋਂ ਤਰਕ ਦੇ ਕੇ ਬੱਚਿਆਂ ਨੂੰ ਅੰਦਰ ਦੇ ਹਨੇਰੇ ਤੇ ਚਾਨਣ ਬਾਰੇ ਦੱਸਿਆ। ਬੱਚਿਆਂ ਨੇ ਧਿਆਨਪੂਰਵਕ ਉਹਨਾਂ ਦੀਆਂ ਗੱਲਾਂ ਨੂੰ ਸੁਣਿਆ ਅਤੇ ਆਪਣੇ ਜੀਵਨ ਵਿੱਚ ਚੰਗੀਆਂ ਗੱਲਾਂ ਨੂੰ ਅਪਣਾਉਣ ਦਾ ਪ੍ਰਣ ਲਿਆ। ਇਸ ਸਮੇਂ ਸਕੂਲ ਪਿ੍ਰੰਸੀਪਲ ਮੈਡਮ ਸਤਿੰਦਰ ਕੌਰ ਨੇ ਦੱਸਿਆ ਕਿ ਪੜਾਈ ਦੇ ਨਾਲ-ਨਾਲ ਬੱਚਿਆਂ ਦੇ ਜੀਵਨ ਨੂੰ ਸੁਚੱਜਾ ਬਣਾਉਣ ਲਈ ਸੰਸਥਾ ਵੱਲੋਂ ਹੋਰ ਵੀ ਇਸ ਤਰਾਂ ਦੇ ਸੈਮੀਨਾਰ ਸਮੇਂ-ਸਮੇਂ ’ਤੇ ਕਰਵਾਏ ਜਾਣਗੇ। ਉਹਨਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸੰਸਥਾ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੂਲ ਚੇਅਰਮੈਨ ਹਰਮਨਪ੍ਰੀਤ ਸਿੰਘ ਬਰਾੜ ਸਮੇਤ ਅਧਿਆਪਕ ਅਮਰਜੀਤ ਕੌਰ, ਅੰਮਿ੍ਰਤ ਕੌਰ, ਰਜਨੀ ਬਾਲਾ, ਪਾਰੁਲ ਅਤੇ ਸ਼ਿਖਾ ਆਦਿ ਵੀ ਹਾਜਰ ਸਨ।