ਅਸੀਂ ਇੱਕ ਅਜਿਹੇ ਸਮਾਜ ਵਿੱਚ ਰਹਿ ਰਹੇ ਹਾਂ,ਜਿੱਥੇ ਅਕਸਰ ਗੱਲਾਂ ਤਰਕ ਨਾਲ ਨਹੀਂ, ਸਗੋਂ ਭੀੜ ਦੀ ਸੋਚ ਨਾਲ ਕੀਤੀਆਂ ਜਾਂਦੀਆਂ ਹਨ। ਲੋਕ ਸੱਚ ਦੇ ਪਿੱਛੇ ਨਹੀਂ ਜਾਂਦੇ, ਸਗੋਂ ਜੋ ਸਭ ਕਰ ਰਹੇ ਨੇ, ਉਹੀ ਆਪ ਕਰਨਾ ਚੰਗਾ ਸਮਝਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਵਿਚੋਂ ਕੱਢਣ ਦਾ ਰਾਹ ਹੈ ;ਤਰਕਸ਼ੀਲਤਾ।
ਤਰਕਸ਼ੀਲ ਹੋਣਾ ਮਤਲਬ ਹੈ ਕਿਸੇ ਵੀ ਗੱਲ ਨੂੰ ਮੰਨਣ ਤੱਕ ਲੈ ਜਾਣਾ, ਸੋਚਣਾ, ਪਰਖਣਾ ਅਤੇ ਤੱਥਾਂ ਦੇ ਆਧਾਰ ‘ਤੇ ਫੈਸਲਾ ਲੈਣਾ। ਅੰਧ ਵਿਸ਼ਵਾਸ, ਝੂਠੀ ਰੀਤੀ ਰਿਵਾਜ਼ ਜਾਂ ਸਿਰਫ਼ ਸਦੀਆਂ ਤੋਂ ਚੱਲੇ ਆ ਰਹੇ ਹਨ ,ਰਿਵਾਜਾਂ ਨੂੰ ਸੱਚ ਸਮਝ ਕੇ ਮੰਨਣਾ ਹੈ। ਇਹ ਅਸਲ ਵਿਚ ਮੂਰਖਤਾ , ਲਾਈਲੱਗਤਾ ਦੀ ਨਿਸ਼ਾਨੀ ਹੈ।
ਅਜੋਕੇ ਸਮੇਂ ਕਈ ਚਤਰ ਲੋਕ ਇਹਨਾਂ ਹੀ ਗੱਲਾਂ ਦਾ ਫਾਇਦਾ ਉਠਾਉਂਦੇ ਹਨ। ਅਸੀਂ ਆਪਣੇ ਸਮਾਜ ਵਿਚ ਵੇਖਦੇ ਹਾਂ ਕਿ ਕਈ ਥਾਵਾਂ ਤੇ ਲੋਕ ਅਸਲੀ ਦਵਾਈ ਦੀ ਥਾਂ ਢੋਂਗੀ ਬਾਬਿਆਂ ਕੋਲ ਜਾਂਦੇ ਹਨ। ਕਿਸੇ ਦੀ ਮੌਤ ਹੋ ਜਾਵੇ ਤਾਂ ਕਈ ਥਾਵਾਂ ਤੇ ਇਸਨੂੰ ਭੂਤ-ਪ੍ਰੇਤ ਦਾ ਸਾਇਆ ਕਹਿ ਦਿੰਦੇ ਹਨ। ਇਸ ਤਰ੍ਹਾਂ ਦੀ ਸੋਚ, ਸਮਾਜ ਨੂੰ ਅੱਗੇ ਨਹੀਂ ਵਧਣ ਦਿੰਦੀ,ਇਹ ਰੁਕਾਵਟ ਬਣ ਜਾਂਦੀ ਹੈ।
ਤਰਕਸ਼ੀਲਤਾ ਦੀ ਸ਼ੁਰੂਆਤ ਸਿੱਖਿਆ ਤੋਂ ਹੁੰਦੀ ਹੈ। ਜਦ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਵਾਲ ਪੁੱਛਣ ਦੀ ਆਜ਼ਾਦੀ ਮਿਲੇ, ਤੇ ਉਹਨਾਂ ਨੂੰ ਸਿਖਾਇਆ ਜਾਵੇ ਕਿ ਹਰ ਗੱਲ ਦਾ ਤੱਥ /ਕਾਰਨ ਹੁੰਦਾ ਹੈ। ਜਦ ਕਾਰਨ ਪੁੱਛਣ ਦੀ ਲਗਨ ਉਤਪੰਨ ਹੋਵੇਗੀ ਉਦੋਂ ਹੀ ਇੱਕ ਤਰਕਸ਼ੀਲ ਪੀੜ੍ਹੀ ਤਿਆਰ ਹੋਵੇਗੀ।
ਨੌਜਵਾਨਾਂ ਵਿੱਚ ਤਰਕਸ਼ੀਲਤਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਉਹ ਦੌਰ ਹੁੰਦਾ ਹੈ ਜਿੱਥੇ ਮਨੁੱਖ ਆਪਣੇ ਫੈਸਲੇ ਖ਼ੁਦ ਲੈਂਦਾ ਹੈ। ਜੇ ਅਸੀਂ ਨੌਜਵਾਨਾਂ ਵਿੱਚ ਹੀ ਸੋਚਣ, ਸਮਝਣ ਅਤੇ ਤਰਕ ਕਰਨ ਦੀ ਆਦਤ ਪਾ ਲਈ, ਤਾਂ ਨਾ ਸਿਰਫ਼ ਆਪਣਾ ਜੀਵਨ, ਸਗੋਂ ਪੂਰਾ ਸਮਾਜ ਬਦਲ ਸਕਦੇ ਹਾਂ।ਤਰਕਸ਼ੀਲਤਾ ਕਦੇ ਵੀ ਸਿਰਫ਼ ਧਰਮ ਜਾਂ ਰੀਤੀਆਂ ਦਾ ਵਿਰੋਧ ਨਹੀਂ, ਇਹ ਤਾਂ ਸੱਚ ਦਾ ਪਿੱਛਾ ਹੈ,ਇਹ ਮਨੁੱਖੀ ਅਧਿਕਾਰ ਹੈ। ਸੋਚਣ ਦਾ, ਜਾਣਨ ਤੇ ਫੈਸਲਾ ਕਰਨ ਦਾ। ਜੇ ਅਸੀਂ ਇੱਕ ਤਰਕਸ਼ੀਲ ਸਮਾਜ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਪੜ੍ਹਨ ਦੇ ਨਾਲ ਨਾਲ ਜ਼ਿਆਦਾ ਸੋਚਣਾ ਸਿੱਖਣਾ ਪਵੇਗਾ।

ਮੰਜੂ ਰਾਇਕਾ।