
ਸਰਹੱਦੀ ਪਿੰਡ ਅਲੂਣਾ ਗੁਰਦਾਸਪੁਰ ਵਿਖੇ ਅਕਾਲੀ ਲਹਿਰ ਦੇ ਮੋਢੀ, ਖੱਬੀ ਲਹਿਰ ਦੇ ਉਸਰੀਏ, ਮਹਾਨ ਦੇਸ਼ ਭਗਤ, ਪੈਪਸੂ ਮੁਜਾਹਰਾ ਲਹਿਰ ਦੇ ਹੀਰੋ, ਉੱਚ ਕੋਟੀ ਦੇ ਕਵੀ, ਚਿੱਤਰਕਾਰ, ਗਦਰ ਅਖਬਾਰ ਦੇ ਸੰਪਾਦਕ ਮਹਾਨ ਕ੍ਰਾਂਤਕਾਰੀ ਤੇਜਾ ਸਿੰਘ ਸੁਤੰਤਰ ਜੀ ਦਾ 27ਵਾਂ ਜਨਮ ਦਿਹਾੜਾ ਸੁਤੰਤਰ ਯਾਦਗਾਰੀ ਕਮੇਟੀ ਵੱਲੋਂ ਧੂਮ-ਧਾਮ ਅਤੇ ਸ਼ਰਧਾ ਪੂਰਵਕ ਢੰਗ ਨਾਲ ਮਨਾਇਆ ਗਿਆ। ਪਿੰਡ ਅਲੂਣਾ ਵਿਖੇ ਤੇਜਾ ਸਿੰਘ ਸੁਤੰਤਰ ਜੀ ਦੇ ਸਮਾਧੀ ਸਥਾਨ ਵਿਖੇ ਇਸ ਦਿਹਾੜੇ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਨੇ ਇੱਕ ਗੀਤ ਨਾਲ ਕੀਤੀ। ਹਾਜ਼ਰ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਬੱਚਿਆਂ ਨੇ ਸੁਤੰਤਰ ਜੀ ਦੀ ਸਮਾਧ ਨੂੰ ਨਤਮਸਤਕ ਹੋ ਕੇ ਯਾਦ ਕੀਤਾ। ਇਸ ਮੌਕੇ ’ਤੇ ਕਮੇਟੀ ਪ੍ਰਧਾਨ ਜਗਜੀਤ ਸਿੰਘ ਕਾਹਲੋਂ ਨੇ ਤੇਜਾ ਸਿੰਘ ਸੁਤੰਤਰ ਜੀ ਦੀ ਕ੍ਰਿਤੀਤਵ ਸ਼ੈਲੀ ਅਤੇ ਜੀਵਨ ਸ਼ੈਲੀ ਉੱਪਰ ਬੋਲਦਿਆਂ ਕਿਹਾ ਕਿ ਸੁਤੰਤਰ ਜੀ ਮਹਾਨ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਸਨ। ਦੇਸ਼ ਦੀ ਆਜ਼ਾਦੀ ਵਿੱਚ ਉਨਾਂ ਨੇ ਅਭੁੱਲ ਯੋਗਦਾਨ ਪਾਇਆ। ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੜੇ, ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਅਨੇਕਾਂ ਹੀ ਕ੍ਰਾਂਤੀਕਾਰੀ ਮੁਹਿੰਮਾਂ ਚਲਾਈਆਂ ਅਤੇ ਕਈ ਜਥੇਬੰਦੀਆਂ ਨੂੰ ਹੋਂਦ ਵਿਚ ਲਿਆਂਦਾ। ਅਕਾਲੀ ਜਥੇ ਭਰਤੀ ਕੀਤੇ। ਉਹ ਦੇਸ਼ ਵਿਦੇਸ਼ ਦੇ ਪਰਪੱਕ ਭਾਸ਼ਾਈ ਗਿਆਤਾ ਅਤੇ ਮਹਾਨ ਪ੍ਰਚਾਰਕ ਸਨ। ਦੇਸ਼ ਵਿਦੇਸ਼ ਦੀਆਂ ਲਗਭਗ 14 ਭਾਸ਼ਾਵਾਂ ਜਾਣਦੇ ਸਨ। ਵਿਦੇਸ਼ੀ ਯੂਨੀਵਰਸਿਟੀਆਂ ਤੋਂ ਕਈ ਡਿਗਰੀਆਂ ਪ੍ਰਾਪਤ ਕੀਤੀਆਂ। ਕਈ ਦੇਸ਼ਾਂ ਦਾ ਦੌਰਾ ਕੀਤਾ। ਈਸਟਨ ਯੂਨੀਵਰਸਿਟੀ ਮਾਸਕੋ ਤੋਂ ਫਲਸਫੇ ਅਤੇ ਤਕਨੀਕੀ ਸਿੱਖਿਆ ਹਾਸਿਲ ਕੀਤੀ। ਉਹ ਪੰਜਾਬ ਅਸੈਂਬਲੀ ਦੇ ਬਿਨਾਂ ਮੁਕਾਬਲਾ ਮੈਂਬਰ ਚੁਣੇ ਗੲ।ੇ ਸੁਤੰਤਰ ਜੀ ਦੇ ਸਮੁੱਚੇ ਪਰਿਵਾਰ ਨੇ ਨਾਮਧਾਰੀ ਲਹਿਰ, ਗਦਰ ਲਹਿਰ, ਅਕਾਲੀ ਲਹਿਰ ਅਤੇ ਆਜ਼ਾਦੀ ਦੀ ਲਹਿਰ ਵਿੱਚ ਅਹਿਮ ਹਿੱਸਾ ਪਾਇਆ। ਉਨ੍ਹਾਂ ਅਮਰੀਕਾ ਵਿੱਚ ਰਹਿ ਕੇ ਗਦਰ ਅਖਬਾਰ ਵੀ ਕੱਢਿਆ। ਉਨ੍ਹਾਂ ਨੇ ਭਾਰਤ ਦੀ 80 ਫੀਸਦੀ ਕਿਸਾਨੀ ਨੂੰ ਜੱਥੇਬੰਦ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ। ਉਹ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਵੀ ਰਹੇ। ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਤੇਜਾ ਸਿੰਘ ਸੁਤੰਤਰ ਜੀ ਦੀ ਜੀਵਨੀ ਸਕੂਲ ਅਤੇ ਕਾਲਜਾਂ ਦੇ ਸਿਲੇਬਸਾਂ ਵਿੱਚ ਲੱਗਣੀ ਚਾਹੀਦੀ ਹੈ। ਉਨਾਂ ਦੇ ਨਾਂਅ ਦਾ ਗੇਟ ਹਰਦੋਛਨੀ ਰੋਡ ਗੁਰਦਾਸਪੁਰ ਵਿਖੇ ਬਣਾਇਆ ਜਾਵੇ। ਵਰਤਮਾਨ ਸਰਕਾਰਾਂ ਨੂੰ ਇਸ ਮਹਾਨ ਆਜ਼ਾਦੀ ਘੁਲਾਟੀਏ ਦੀ ਯਾਦ ਵਿੱਚ ਸਮਾਰਕ ਯਾਦਗਾਰੀ ਚਿੰਨ ਬਣਾਉਣੇ ਚਾਹੀਦੇ ਹਨ। ਇਸ ਮੌਕੇ ਤੇ ਪ੍ਰਸਿੱਧ ਗਾਇਕ ਮੰਗਲਦੀਪ ਸਟੇਟ ਐਵਾਰਡਰੀ ਨੇ ਆਪਣੇ ਗੀਤਾਂ ਰਾਹੀਂ ਸੁਤੰਤਰ ਜੀ ਨੂੰ ਯਾਦ ਕੀਤਾ। ਇਸ ਮੌਕੇ ’ਤੇ ਕਾਮਰੇਡ ਰਾਜ ਸਿੰਘ, ਬਲਵਿੰਦਰ ਸਿੰਘ, ਓਮ ਪ੍ਰਕਾਸ਼, ਮਾਸਟਰ ਅਜੇ ਕੁਮਾਰ, ਮਾਸਟਰ ਸਤਬੀਰ ਸਿੰਘ, ਸੈਂਟਰ ਹੈਡ ਟੀਚਰ ਸੁਰੇਸ਼ ਕੁਮਾਰ, ਸੈਂਟਰ ਹੈਡ ਟੀਚਰ ਮਨਜੀਤ ਸਿੰਘ, ਸੈਂਟਰ ਹੈਡ ਟੀਚਰ ਭੁਪਿੰਦਰ ਸਿੰਘ, ਬਿਸ਼ਨ ਦਾਸ, ਅਸ਼ੋਕ, ਪੰਕਜ, ਰਾਮ ਸਿੰਘ, ਹਰਵਿੰਦਰ ਸਿੰਘ ਸੈਣੀ, ਜਸਪਾਲ ਸਿੰਘ, ਬੂਟਾ ਰਾਮ, ਪਰਮਜੀਤ, ਜ਼ਿਮੀਦਾਰ ਸੁਖਵਿੰਦਰ ਕਾਹਲੋ ਤੋਂ ਇਲਾਵਾ ਅਨੇਕਾਂ ਸ਼ਖਸ਼ੀਅਤਾਂ ਨੇ ਸੁਤੰਤਰ ਜੀ ਨੂੰ ਯਾਦ ਕੀਤਾ।
ਬਲਵਿੰਦਰ ਬਾਲਮ 98156-25409