ਆਈ ਵਿਸਾਖੀ ਖੁਸ਼ੀਆਂ ਵਾਲ਼ੀ, ਦਮਦਮਾ ਸਾਹਿਬ ਨੂੰ ਚੱਲੀਏ।
ਤਖ਼ਤ ਸਾਹਿਬ ਚੱਲ ਟੇਕੀਏ ਮੱਥਾ, ਨਾਲ ਸੰਗਤ ਦੇ ਰਲ਼ੀਏ।
ਆਏ ਏਥੇ ਸਨ ਦਸਮ ਪਾਤਸ਼ਾਹ, ਚੱਲ ਕੇ ਢਾਬ ਖਿਦਰਾਣਾ।
ਨੌੰ ਮਹੀਨੇ ਨੌੰ ਦਿਨ ਸਤਿਗੁਰ, ਕੀਤਾ ਇੱਥੇ ਟਿਕਾਣਾ।
ਲੰਮੇ ਸਮੇਂ ਦੇ ਯੁੱਧਾਂ ਪਿੱਛੋਂ, ਕੀਤਾ ਗੁਰ ਬਿਸਰਾਮ।
ਏਸ ਜਗ੍ਹਾ ਨੂੰ ਸਤਿਗੁਰ ਦਿੱਤਾ, ਤਖ਼ਤ ਚੌਥੇ ਦਾ ਨਾਮ।
ਭਾਈ ਡੱਲੇ ਨੂੰ ਦਾਤੇ ਨੇ, ਦਿੱਤੀ ਸੀ ਵਡਿਆਈ।
ਸਿੰਘ ਸਜਾ ਕੇ ਗਲ਼ ਨਾਲ ਲਾਇਆ, ਉਸਦੀ ਪੈਜ ਰਖਾਈ।
ਮੌਜ ‘ਚ ਆ ਕੇ ਦਸਮ ਗੁਰੂ ਨੇ, ਕਈ ਕੌਤਕ ਸਨ ਕੀਤੇ।
ਸੰਗਤ ਨੇ ਵੀ ਦਾਤੇ ਕੋਲ਼ੋਂ, ਘੁੱਟ ਅੰਮ੍ਰਿਤ ਦੇ ਪੀਤੇ।
‘ਗੁਰੂ ਕਾਸ਼ੀ’ ਅਖਵਾਏ ਧਰਤੀ, ਖੁੱਲ੍ਹੇ ਕਈ ਵਿਦਿਆਲੇ।
ਗੁਰ-ਦਾਤੇ ਦੀ ਅਜ਼ਮਤ ਤੋਂ, ਸਭ ਹੁੰਦੇ ਜਾਣ ਨਿਹਾਲੇ।
ਮੇਲੇ ਵਾਲ਼ੇ ਦਿਨਾਂ ਨੂੰ ਏਥੇ, ਲੱਗਣ ਅਜਬ ਬਹਾਰਾਂ।
ਗੁਰ-ਦਰਬਾਰ ‘ਚ ਮੱਥਾ ਟੇਕਣ, ਬੰਨ੍ਹਣੀਆਂ ਪੈਣ ਕਤਾਰਾਂ।
ਚੋਜੀ ਪ੍ਰੀਤਮ ਕੋਲੋਂ ਓਹੀ, ਮਨਇੱਛਿਤ ਫ਼ਲ ਪਾਵੇ।
ਸ਼ਰਧਾ ਨਾਲ਼ ‘ਸ਼ਨਾਨ ਕਰੇ, ਤੇ ਸੱਚੇ ਦਿਲੋਂ ਧਿਆਵੇ।
ਸਰਕਸ, ਝੂਲੇ, ਖਾਣ-ਪੀਣ ਦੀਆਂ, ਸਜੀਆਂ ਬਹੁਤ ਦੁਕਾਨਾਂ।
ਲੋਕਾਂ ਦੇ ਇਸ ਅਜਬ ਜਲੌਅ ਨੂੰ, ਖੜ੍ਹ ਕੇ ਵੇਖ ਜਵਾਨਾ।
ਕਿਧਰੇ ਕਵੀ, ਕਵੀਸ਼ਰ ਕਿਧਰੇ, ਢਾਡੀ ਵਾਰਾਂ ਗਾਉਂਦੇ।
ਮੱਲ ‘ਖਾੜੇ ਵਿੱਚ ਦੂਰ ਪਰ੍ਹੇ, ਇੱਕ-ਦੂਜੇ ਨੂੰ ਪਏ ਢਾਹੁੰਦੇ।
ਦਸਮ ਪਿਤਾ ਦੇ ਦਰ ਤੇ ਸਾਰੇ, ਆਓ ਸੀਸ ਝੁਕਾਈਏ!
ਧੰਨ ਗੁਰੂ, ਧੰਨ ਅੰਮ੍ਰਿਤ-ਦਾਤਾ, ਨਾਲ਼ ਰੂਹੀ ਦੇ ਗਾਈਏ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.