ਕੋਟਕਪੂਰਾ, 19 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦਸਮੇਸ਼ ਪਬਲਿਕ ਸਕੂਲ ਦੇ ਬੱਚਿਆਂ ਨੇ ਪਾਣੀ ਦੀ ਹੋ ਰਹੀ ਬੇਕਦਰੀ ਦੇ ਸਬੰਧ ’ਚ ਇੱਕ ਵਿਸ਼ੇਸ਼ ਸਮਾਗਮ ਵਿੱਚ ਹਿੱਸਾ ਲੈਂਦੇ ਹੋਏ ਪਾਣੀ ਬਚਾਓ, ਰੁੱਖ ਲਗਾਓ ਦੇ ਜੈਕਾਰੇ ਬੜੀ ਗਰਮਜੋਸ਼ੀ ਨਾਲ ਲਗਾਏ। ਸਮਾਗਮ ’ਚ ਪਾਣੀ ਬਚਾਉਣ ਤੇ ਰੁੱਖ ਲਾਉਣ ਸਬੰਧੀ ਬੱਚਿਆਂ ਨੇ ਆਪਣੇ ਹੱਥਾਂ ’ਚ ਚਾਰਟ ਫੜੇ ਹੋਏ ਸਨ। ਬੱਚਿਆਂ ਨੇ ਆਪਣੇ ਹੱਥੀਂ ਰੁੱਖ ਲਾ ਕੇ ਵੱਧ ਤੋਂ ਵੱਧ ਰੁੱਖ ਲਾਉਣ ਦਾ ਸੁਨੇਹਾ ਵੀ ਦਿੱਤਾ। ਬਾਅਦ ’ਚ ਬੱਚਿਆਂ ਨੇ ਵੱਧ ਤੋਂ ਵੱਧ ਰੁੱਖ ਲਾਉਣ ਦਾ ਤੇ ਪਾਣੀ ਬਚਾਉਣ ਦਾ ਪ੍ਰਣ ਵੀ ਲਿਆ। ਸਮਾਗਮ ਦੇ ਅੰਤ ਵਿੱਚ ਸਕੂਲ ਮੁਖੀ ਅਜੇ ਸ਼ਰਮਾ ਨੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬੱਚਿਆਂ ਵਿੱਚ ਪਾਣੀ ਨੂੰ ਬਚਾਉਣ ਦਾ ਤੇ ਰੁੱਖਾਂ ਨੂੰ ਲਗਾਉਣ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਹੈ। ਉਹਨਾਂ ਕਿਹਾ ਕਿ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ ਤੇ ਪਾਣੀ ਤੋਂ ਬਿਨਾਂ ਧਰਤੀ ’ਤੇ ਜੀਵਨ ਸੰਭਵ ਨਹੀਂ। ਉਹਨਾਂ ਅੱਗੇ ਕਿਹਾ ਕਿ ਇਹ ਸਾਰਾ ਸਮਾਗਮ ਕੋਆਰਡੀਨੇਟਰ ਮੈਡਮ ਹਰਬਿੰਦਰ ਕੌਰ ਬਰਾੜ ਦੀ ਅਗਵਾਈ ’ਚ ਉਲੀਕਿਆ ਗਿਆ ਹੈ, ਜੋ ਕਿ ਕਾਬਿਲ-ਏ-ਤਾਰੀਫ਼ ਹੈ। ਸਕੂਲ ਦੇ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਆਪਣੀ ਇਬਾਰਤ ਵਿੱਚ ਕਿਹਾ ਕਿ ਸਕੂਲ ਮੁਖੀ ਅਜੇ ਸ਼ਰਮਾ ਸਮੇਤ ਸਮੂਹ ਵਿਦਿਆਰਥੀ ਵਰਗ ਅਤੇ ਸਮੁੱਚਾ ਸਟਾਫ਼ ਨਿੱਤ ਨਵੀਆਂ ਪੁਲਾਂਘਾਂ ਪੁੱਟ ਕੇ ਸੰਸਥਾ ਦੇ ਨਾਮ ਨੂੰ ਬਾਖੂਬੀ ਰੁਸ਼ਨਾ ਰਹੇ ਹਨ।