ਜ਼ਿਲੇ ਅੰਦਰ ਪਟਾਕੇ ਵੇਚਣ ਲਈ 24 ਆਰਜੀ ਲਾਈਸੰਸ ਕੀਤੇ ਜਾਰੀ : ਡੀ.ਸੀ.
ਫਰੀਦਕੋਟ, 27 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਵਿਨੀਤ ਕੁਮਾਰ ਨੇ ਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪਟਾਖਿਆਂ ਦੀ ਵਿਕਰੀ ਲਈ ਥਾਵਾਂ ਨਿਰਧਾਰਿਤ ਕੀਤੀਆਂ ਹਨ। ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਪਟਾਖੇ ਵਿਕਰੇਤਾਵਾਂ ਵੱਲੋਂ ਫਰੀਦਕੋਟ ’ਚ ਨਹਿਰੂ ਸਟੇਡੀਅਮ ਵਿਖੇ, ਕੋਟਕਪੂਰਾ ਵਿਖੇ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਦੇ ਗਰਾਊਂਡ ਅਤੇ ਜੈਤੋ ਵਿਖੇ ਤਹਿਸੀਲ ਕੰਪਲੈਕਸ ਦੇ ਅੱਗੇ ਖਾਲੀ ਪਈ ਜਗ੍ਹਾ ਵਿਚ ਪਟਾਖੇ ਵੇਚੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਟਾਖਿਆਂ ਦੀ ਵਿਕਰੀ ਸਿਰਫ ਉਸ ਲਾਇਸੰਸ ਸੁਦਾ ਵਿਕਰੇਤਾ ਵੱਲੋਂ ਹੀ ਕੀਤੀ ਜਾ ਸਕਦੀ ਹੈ, ਜਿਸ ਨੂੰ ਦਫਤਰ ਜ਼ਿਲ੍ਹਾ ਮੈਜਿਸਟ੍ਰੇਟ, ਫਰੀਦਕੋਟ ਵੱਲੋਂ ਆਰਜੀ ਲਾਇਸੰਸ ਜਾਰੀ ਕੀਤਾ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਰਜੀ ਲਾਇਸੰਸ ਪ੍ਰਾਪਤ ਕਰਨ ਲਈ ਚਾਹਵਾਨ ਬਿਨੈਕਾਰ ਦੀਆਂ ਦਰਖਾਸਤਾਂ ਪ੍ਰਾਪਤ ਕਰਨ ਲਈ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ। ਸਮਾਂ ਸੀਮਾਂ ਦੌਰਾਨ ਵੱਖ-ਵੱਖ ਬਿਨੈਕਾਰਾਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ। ਜਿੰਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਚਾਰਨ ਉਪਰੰਤ ਜ਼ਿਲ੍ਹਾ ਫਰੀਦਕੋਟ ਵਿੱਚ ਕੁੱਲ 24 ਆਰਜੀ ਲਾਇਸੰਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਿਰਧਾਰਤ ਜਗ੍ਹਾ ਤੋਂ ਇਲਾਵਾ ਹੋਰ ਕਿਸੇ ਜਗ੍ਹਾ ਤੇ ਪਟਾਕੇ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।