ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਪੱਤਰਕਾਰਾਂ ਨਾਲ਼ ਦੀਵਾਲ਼ੀ ਦੀਆਂ ਖੁਸ਼ੀਆਂ ਕਰਨਗੇ ਸਾਂਝੀਆਂ
ਫਰੀਦਕੋਟ , 31 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦੇ ਮਕਸਦ ਤਹਿਤ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਜਿਲਾ ਫਰੀਦਕੋਟ ਦੇ ਸਮੂਹ ਪੱਤਰਕਾਰਾਂ ਨਾਲ ਇਕ ਮਿਲਣੀ ਦਾ ਪ੍ਰਬੰਧ ਕੀਤਾ ਗਿਆ ਹੈ। ਸਪੀਕਰ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਆਖਿਆ ਕਿ ਜਿਸ ਤਰਾਂ ਪਿਛਲੇ ਸਾਲ ਵਾਤਾਵਰਣ ਪੱਖੀ ਕਿਸਾਨਾ ਦਾ ਸਨਮਾਨ ਕਰਨ ਲਈ ਪੰਜਾਬ ਨੂੰ ਮਾਝਾ, ਮਾਲਵਾ ਅਤੇ ਦੁਆਬਾ ਦੇ ਤਿੰੰਨ ਖੇਤਰਾਂ ਵਿੱਚ ਵੰਡ ਕੇ ਵੱਖ ਵੱਖ ਸਮਾਗਮ ਕਰਕੇ ਪਿਛਲੇ 10 ਸਾਲਾਂ ਤੋਂ ਨਾੜ ਜਾਂ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾ ਨੂੰ ਸਨਮਾਨਿਤ ਕੀਤਾ ਗਿਆ ਸੀ। ਉਸੇ ਤਰਜ ’ਤੇ ਇਸ ਵਾਰ ਵੀ ਪਰਾਲੀ ਜਾਂ ਨਾੜ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਦਾ ਸਨਮਾਨ ਕਰਨ ਸਬੰਧੀ ਪੱਤਰਕਾਰਾਂ ਨਾਲ ਵਿਚਾਰ ਚਰਚਾ ਵੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸਪੀਕਰ ਸੰਧਵਾਂ ਖੁਦ ਵੀ ਵਾਤਾਵਰਣ ਪ੍ਰੇਮੀ ਹਨ ਤੇ ਪਿਛਲੇ ਲੰਮੇ ਸਮੇਂ ਤੋਂ ਵਾਤਾਵਰਣ ਦੀ ਸੰਭਾਲ ਕਰਨ ਵਾਲੇ ਵਿਅਕਤੀਆਂ ਦਾ ਵਿਸ਼ੇਸ਼ ਸਨਮਾਨ ਕਰਦੇ ਆ ਰਹੇ ਹਨ। ਸਪੀਕਰ ਸੰਧਵਾਂ ਨੇ ਪਿਛਲੇ ਦਿਨੀਂ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ 65 ਪਿੰਡਾਂ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਦਾ ਸਨਮਾਨ ਕਰਨ ਲਈ ਰੱਖੇ ਸਮਾਗਮ ਵਿੱਚ ਸਾਰੇ ਨਵੇਂ ਚੁਣੇ ਮੈਂਬਰਾਂ ਅਤੇ ਸਰਪੰਚਾਂ ਸਮੇਤ ਹੋਰ ਸਮਾਗਮ ਵਿੱਚ ਹਾਜਰ ਅਗਾਂਹਵਧੂ ਕਿਸਾਨਾ ਨੂੰ ਬੇਨਤੀ ਕੀਤੀ ਸੀ ਕਿ ਇਸ ਵਾਰ ਉਹ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ ਕਰਨ, ਜੋ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਵੇਗਾ, ਉਸਦਾ ਵਿਧਾਨ ਸਭਾ ਵਿੱਚ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਨਵੀਆਂ ਚੁਣੀਆਂ ਪੰਚਾਇਤਾਂ ਵਾਲੇ ਸਮਾਗਮ ਵਿੱਚ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਵੀ ਐਲਾਨ ਕੀਤਾ ਸੀ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾ ਦਾ ਜਿਲਾ ਪ੍ਰਸ਼ਾਸ਼ਨ ਵਲੋਂ ਵੀ ਵਿਸ਼ੇਸ਼ ਸਨਮਾਨ ਹੋਵੇਗਾ। ਮਨੀ ਧਾਲੀਵਾਲ ਨੇ ਪੱਤਰਕਾਰ ਵੀਰਾਂ ਨੂੰ 31 ਅਕਤੂਬਰ ਦਿਨ ਵੀਰਵਾਰ ਨੂੰ ਸਵੇਰੇ 10:00 ਵਜੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗ੍ਰਹਿ ਪਿੰਡ ਸੰਧਵਾਂ ਵਿਖੇ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।