ਸਪੀਕਰ ਵਲੋਂ ਪੱਤਰਕਾਰਾਂ ਤੋਂ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਸਹਿਯੋਗ ਦੀ ਮੰਗ
ਕੋਟਕਪੂਰਾ, 1 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਜੱਦੀ ਘਰ ਪਿੰਡ ਸੰਧਵਾਂ ਵਿਖੇ ਜ਼ਿਲੇ ਦੇ ਵੱਖ-ਵੱਖ ਸਟੇਸ਼ਨਾ ਦੇ ਪੱਤਰਕਾਰਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਰੱਖੀ ਮਿਲਣੀ ਦੌਰਾਨ ਪੱਤਰਕਾਰਤਾ ਵਿੱਚ ਨਿਭਾਏ ਯੋਗਦਾਨ ਬਦਲੇ ਪੱਤਰਕਾਰਾਂ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਜੇਕਰ ਮੇਰੇ ਜਾਂ ਸਰਕਾਰ ਦੇ ਕਿਸੇ ਕੰਮਕਾਜ ਵਿੱਚ ਕੋਈ ਕਮੀ-ਪੇਸ਼ੀ ਹੋਵੇ ਤਾਂ ਤੁਰਤ ਮੇਰੇ ਧਿਆਨ ਵਿੱਚ ਲਿਆਂਦੀ ਜਾਵੇ, ਉਸ ਬਦਲੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹੋਵਾਂਗਾ। ਪੱਤਰਕਾਰਾਂ ਨੂੰ ‘ਪ੍ਰਸੰਸਾ ਪੱਤਰ’ ਨਾਲ ਸਨਮਾਨਿਤ ਕਰਦਿਆਂ ਸਪੀਕਰ ਸੰਧਵਾਂ ਨੇ ਆਖਿਆ ਕਿ ਆਪਜੀ ਵਲੋਂ ਪੱਤਰਕਾਰਤਾ ਦੇ ਖੇਤਰ ਵਿੱਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਅਤੇ ਲੋਕ ਭਲਾਈ ਸਕੀਮਾ ਨੂੰ ਪ੍ਰਚਾਰਨ ਵਿੱਚ ਇਕ ਪੱਤਰਕਾਰ ਅਹਿਮ ਭੂਮਿਕਾ ਨਿਭਾਉਂਦਾ ਹੈ। ਸਪੀਕਰ ਸੰਧਵਾਂ ਨੇ ਆਸ ਪ੍ਰਗਟਾਈ ਕਿ ਤੁਸੀਂ ਸਾਫ ਸੁਥਰੇ ਅਕਸ ਜਰੀਏ ਆਪਣੀ ਕਲਮ ਰਾਹੀਂ ਇਸੇ ਤਰਾਂ ਸਮਾਜ ਦੀ ਸੇਵਾ ਕਰਦੇ ਰਹੋਗੇ। ਸਮਾਗਮ ਵਿੱਚ ਹਾਜਰ ਹੋਏ ਕੁਝ ਨਵੇਂ ਪੱਤਰਕਾਰਾਂ ਸਮੇਤ ਸਾਰਿਆਂ ਨਾਲ ਜਾਣ-ਪਛਾਣ ਕਰਨ ਤੋਂ ਬਾਅਦ ਸਪੀਕਰ ਸੰਧਵਾਂ ਨੇ ਮੁਸ਼ਕਿਲ ਸਮੇਂ ਵਿੱਚ ਵੀ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਉਣ ਵਾਲੇ ਪੱਤਰਕਾਰਾਂ ਦਾ ਜਿਕਰ ਕਰਦਿਆਂ ਆਖਿਆ ਕਿ ਕਈ ਵਾਰ ਨਿਰਪੱਖ ਅਤੇ ਖੋਜੀ ਪੱਤਰਕਾਰ ਦੀ ਇਕ ਖਬਰ ਨਾਲ ਸਰਕਾਰਾਂ ਬਣ ਜਾਂ ਟੁੱਟ ਸਕਦੀਆਂ ਹਨ। ਕਈ ਵਾਰ ਇਕ ਖਬਰ ਦੇਸ਼ ਦਾ ਬਹੁਤ ਵੱਡਾ ਫਾਇਦਾ ਕਰਨ ਦਾ ਸਬੱਬ ਬਣਦੀ ਹੈ ਤੇ ਕਈ ਵਾਰ ਅਣਗਹਿਲੀ ਜਾਂ ਲਾਪ੍ਰਵਾਹੀ ਨਾਲ ਲਿਖੀ ਖਬਰ ਨਾਲ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਬਣ ਜਾਂਦਾ ਹੈ। ਸਪੀਕਰ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਦੋ ਚੋਣਾ ਮੌਕੇ ਉਸਨੂੰ ਸ਼ਾਨਦਾਰ ਵੋਟਾਂ ਨਾਲ ਜਿਤਾਉਣ, ਸਪੀਕਰ ਦੀ ਕੁਰਸੀ ’ਤੇ ਬਿਰਾਜਮਾਨ ਕਰਨ ਦਾ ਸਿਹਰਾ ਆਮ ਲੋਕਾਂ ਦੇ ਨਾਲ ਨਾਲ ਪੱਤਰਕਾਰਾਂ ਨੂੰ ਵੀ ਦਿੱਤਾ, ਕਿਉਂਕਿ ਪੱਤਰਕਾਰਾਂ ਨੇ ਵਿਧਾਨ ਸਭਾ ਦੀਆਂ ਚੋਣਾ ਵਿੱਚ ਵੀ ਅਤੇ ਉਸ ਤੋਂ ਇਲਾਵਾ ਕਿਸੇ ਵੀ ਮੌਕੇ ’ਤੇ ਮੈਨੂੰ ਕਿਸੇ ਪ੍ਰਕਾਰ ਦੀ ਵਗਾਰ ਨਹੀਂ ਪਾਈ, ਮੇਰੇ ਤੋਂ ਇਕ ਰੁਪਏ ਦਾ ਵੀ ਇਸ਼ਤਿਹਾਰ ਨਹੀਂ ਮੰਗਿਆ, ਜਿਸ ਕਰਕੇ ਅੱਜ ਮੈਂ ਲੋਕ ਸੇਵਾ ਵਿੱਚ ਹਰ ਸਮੇਂ ਹਾਜਰ ਰਹਿ ਕੇ ਖੁਸ਼ੀ ਮਹਿਸੂਸ ਕਰਦਾ ਹਾਂ। ਸਪੀਕਰ ਸੰਧਵਾਂ ਨੇ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਪੱਤਰਕਾਰਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਆਖਿਆ ਕਿ ਨਸ਼ਾ ਅਤੇ ਭਿ੍ਰ੍ਰਸ਼ਟਾਚਾਰ ਮੁਕਤ ਸ਼ਾਸ਼ਨ ਲਿਆਉਣ ਲਈ ਪੱਤਰਕਾਰ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ। ਉਹਨਾ ਪੱਤਰਕਾਰਾਂ ਨੂੰ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ।
Leave a Comment
Your email address will not be published. Required fields are marked with *