ਮਿੱਟੀ ਨੂੰ ਤਰਾਸ਼ ਕੇ ਸੋਨਾ ਬਣਾਉਣ ਵਾਲਾ ਖੁਦ ਸਹੂਲਤਾਂ ਤੋਂ ਵਾਂਝਾ : ਹੰਸਰਾਜ ਪ੍ਰਜਾਪਤੀ

ਕੋਟਕਪੂਰਾ, 29 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰਜਾਪਤੀ ਕੁੰਮਹਾਰ ਮਹਾਂਸੰਘ ਜਲਾਲਾਬਾਦ ਦੇ ਯੂਥ ਚੇਅਰਮੈਨ ਸ਼੍ਰੀ ਹੰਸਰਾਜ ਪ੍ਰਜਾਪਤੀ ਸਮਾਜਸੇਵੀ ਨੇ ਇਸ ਅਖਬਾਰ ਦੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਅੱਜ ਦੇ ਬਦਲਵੇਂ ਯੁੱਗ ਵਿਚ ਇਲੈਕਟ੍ਰਾਨਿਕ ਲੜੀਆਂ ਨੇ ਦੀਵਿਆਂ ਦੀ ਥਾਂ ਲੈ ਲਈ ਹੈ ਪਰ ਫਿਰ ਵੀ ਜੋ ਰੌਣਕ ਦੀਵਾਲੀ ਦੀਆਂ ਖੁਸ਼ੀਆਂ ਵੇਲੇ ਦੀਵਿਆਂ ਨਾਲ ਮਿਲਦੀ ਹੈ, ਉਹ ਬਿਜਲੀ ਵਾਲੀਆਂ ਲੜੀਆਂ ’ਚ ਨਹੀਂ। ਉਹਨਾਂ ਦੱਸਿਆ ਕਿ ਦੇਸ਼ ਭਰ ’ਚ ਦੀਵਾਲੀ ਦੇ ਤਿਉਹਾਰ ਮੌਕੇ ਮਿੱਟੀ ਦੇ ਦੀਵੇ ਸਰੋਂ ਦੇ ਤੇਲ ਨਾਲ ਜਗਾਉਣ ਦੀ ਪਰੰਪਰਾ ਪੁਰਾਤਨ ਕਾਲ ਤੋਂ ਚੱਲੀ ਆ ਰਹੀ ਹੈ ਤੇ ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ਮੌਕੇ ਚਾਈਨਿਸ ਲੜੀਆਂ ਨੂੰ ਛੱਡ ਕੇ ਵੱਧ ਤੋਂ ਵੱਧ ਮਿੱਟੀ ਦੇ ਦੀਵੇ ਜਗਾਉ, ਕਿਉਂਕਿ ਇਸ ਨਾਲ ਬਹੁਤ ਸਾਰੇ ਬੈਕਟੀਰੀਆ ਖਤਮ ਹੋਣਗੇ ਤੇ ਨਾਲ ਹੀ ਡੇਂਗੂ ਜਿਹੀਆਂ ਬਿਮਾਰੀਆਂ ਤੇ ਕੁਝ ਹੱਦ ਤੱਕ ਰੋਕਥਾਮ ਲੱਗੇ। ਉਨਾਂ ਆਖਿਆ ਕਿ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੂੰ ਹੁਣ ਚਾਈਨਿਸ ਲੜੀਆਂ ਦੇ ਆ ਜਾਣ ਕਾਰਨ ਹੋ ਜਿਆਦਾ ਮੰਦਹਾਲੀ ਦੇ ਦੌਰ ’ਚ ਧਕੇਲ ਦਿੱਤਾ ਹੈ। ਹੰਸ ਰਾਜ ਨੇ ਦੱਸਿਆ ਕਿ ਮਿੱਟੀ ਦੇ ਬਣੇ ਦੀਵੇ, ਪਾਣੀ ਵਾਲੇ ਵਾਟਰ ਕੂਲਰ, ਘੜੇ, ਤਵੇ, ਗਿਲਾਸ ਆਦਿ ਦੀ ਵੱਧ ਤੋਂ ਵੱਧ ਵਰਤੋਂ ਕਰੋ ਤਾਂ ਕਿ ਆਪਣਾ ਸਰੀਰ ਬਿਮਾਰੀਆਂ ਰਹਿਤ ਬਣਿਆ ਰਹੇ ਅਤੇ ਹੱਥੀਂ ਕਿਰਤ ਕਰਨ ਵਾਲਿਆਂ ਦਾ ਮੁੱਲ ਪੈਣਾ ਵੀ ਮਿਲ ਸਕੇ। ਉਨਾਂ ਆਪਣੇ ਪ੍ਰਜਾਪਤ ਭਰਾਵਾਂ ਨੂੰ ਵੀ ਸੁਨੇਹਾ ਦਿੱਤਾ ਕਿ ਆਪਣੇ ਮਿੱਟੀ ਦੇ ਕੰਮ ਨੂੰ ਖਤਮ ਹੋਣ ਤੋਂ ਬਚਾਉਣ ਤਾਂ ਕਿ ਜੋ ਆਪਣੇ ਮਿੱਟੀ ਦੇ ਬਣੇ ਭਾਂਡੇ ਦੁਬਾਰਾ ਵੱਧ ਤੋਂ ਵੱਧ ਵਰਤੇ ਜਾ ਜਾਣ। ਹੰਸ ਰਾਜ ਨੇ ਆਖਿਆ ਕਿ ਅੱਜ ਮਿੱਟੀ ਨੂੰ ਤਰਾਸ਼ ਕੇ ਸੋਨਾ ਬਣਾਉਣ ਵਾਲਾ ਖੁਦ ਸਹੂਲਤਾਂ ਤੋਂ ਵਾਂਝਾ ਹੁੰਦਾ ਦਿਖਾਈ ਦੇ ਰਿਹਾ ਹੈ, ਜਿਸ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ। ਉਹਨਾ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਵੱਧ ਤੋਂ ਵੱਧ ਮਿੱਟੀ ਦੇ ਬਣੇ ਦੀਵੇ ਜਗਾੳਣ ਲਈ ਪ੍ਰੇਰਿਤ ਜਰੂਰ ਕਰਨ ਤਾਂ ਜੋ ਮਿੱਟੀ ਦੇ ਬਣੇ ਬਰਤਨਾ ਵੱਲ ਲੋਕਾਂ ਦੀ ਰੁਝਾਨ ਵੱਧ ਸਕੇ। ਹੰਸਰਾਜ ਨੇ ਸਾਰਿਆਂ ਨੂੰ ਹੀ ਅਪੀਲ ਕੀਤੀ ਕਿ ਇਸ ਵਾਰ 100 ਫੀਸਦੀ ਨਹੀਂ ਤਾਂ ਘੱਟੋ ਘੱਟੋ 50 ਫੀਸਦੀ ਹੀ ਦੀਵੇ ਜਰੂਰ ਜਗਾਏ ਜਾਣ ਤਾਂ ਜੋ ਹੱਥੀਂ ਕਿਰਤ ਕਰਨ ਵਾਲਿਆਂ ਦਾ ਮਨੋਬਲ ਹੋ ਵੱਧ ਸਕੇ। ਉਹਨਾਂ ਆਖਿਆ ਕਿ ਤੰਦਰੁਸਤ ਜੀਵਨ ਜਿਊਣ ਲਈ ਅਤੇ ਕਮਜੋਰ ਤਬਕੇ ਦੀ ਦੀਵਾਲੀ ਨੂੰ ਵੀ ਖੁਸ਼ੀਆਂ ਭਰਿਆ ਬਣਾਉਣ ਲਈ ਦੇਸ਼ ਵਿਚ ਬਣੇ ਸਮਾਨ ਜਿਵੇਂ ਮਿੱਟੀ ਦੇ ਦੀਵੇ, ਮੋਮਬੱਤੀਆਂ ਜਗਾਓ ਅਤੇ ਹੋਰ ਸਮਾਨ ਜੋ ਲੋਕਲ ਬਣਦਾ ਹੈ, ਖਰੀਦੋ ਤਾਂ ਜੋ ਗਰੀਬ ਵਰਗ ਦੀ ਦੀਵਾਲੀ ਵੀ ਖੁਸ਼ੀਆਂ ਭਰੀ ਹੋਵੇ।