ਸ਼ਰੁਤੀ ਤੇ ਆਕਾਸ਼ ਵੱਖ ਵੱਖ ਕਾਲਜਾਂ ਵਿੱਚ ਪ੍ਰੋਫ਼ੈਸਰ ਸਨ। ਘਰ ਆਉਣ ਤੇ ਸਾਰੇ ਕੰਮਾਂ ਨੂੰ ਦੋਹਾਂ ਨੇ ਆਪੋ ਆਪਣੇ ਹਿਸਾਬ ਨਾਲ ਵੰਡਿਆ ਹੋਇਆ ਸੀ। ਅਕਸਰ ਸਬਜ਼ੀ ਲਿਆਉਣ ਤੇ ਬਾਜ਼ਾਰ ਦੇ ਕੰਮਾਂ ਨੂੰ ਕਰਨ ਦਾ ਜ਼ਿੰਮਾ ਆਕਾਸ਼ ਦਾ ਸੀ ਤੇ ਸ਼ਰੁਤੀ ਰੋਟੀ ਚਾਹ ਦਾ ਕੰਮ ਸੰਭਾਲਦੀ। ਸਫ਼ਾਈ ਤੇ ਕੱਪੜੇ ਧੋਣ ਲਈ ਉਨ੍ਹਾਂ ਨੇ ਇੱਕ ਨੌਕਰਾਣੀ ਰੱਖੀ ਹੋਈ ਸੀ। ਆਕਾਸ਼ ਜਦ ਵੀ ਘਰੋਂ ਬਾਹਰ ਸਬਜ਼ੀ ਲੈਣ ਜਾਂਦਾ ਤਾਂ ਅਕਸਰ ਦੁਕਾਨ ਤੇ ਜਾ ਕੇ ਪਤਨੀ ਨੂੰ ਫ਼ੋਨ ਕਰਕੇ ਪੁੱਛਦਾ, “ਕੀ ਲਿਆਵਾਂ?” ਆਟਾ ਗੁੰਨਦੀ ਬੀਵੀ ਖਿਝੀ ਹੋਈ ਕਹਿੰਦੀ, “ਮੈਨੂੰ ਕੀ ਪਤਾ? ਦੁਕਾਨ ਤੇ ਤਾਂ ਤੁਸੀਂ ਖੜ੍ਹੇ ਹੋ। ਜੋ ਪਸੰਦ ਹੈ, ਚੰਗੀ ਹੈ, ਲੈ ਆਓ।” ਵਿਚਾਰਾ ਆਕਾਸ਼ ਬੇਬਸੀ ਜਿਹੀ ਵਿੱਚ ਆਪਣੇ ਹਿਸਾਬ ਨਾਲ ਜੋ ਵੀ ਸਬਜ਼ੀ ਲਿਆਉਂਦਾ, ਘਰ ਜਾ ਕੇ ਬੀਵੀ ਤੋਂ ਤਾਅਨੇ-ਮਿਹਣੇ ਸੁਣਦਾ, “ਆਹ ਕੀ ਚੁੱਕ ਲਿਆਏ ਓ! ਕਿੰਨੀ ਬੇਹੀ ਸਬਜ਼ੀ ਹੈ! ਮਿਰਚਾਂ ਤੇ ਧਣੀਆ ਨਹੀਂ ਲਿਆਂਦਾ?” ਆਕਾਸ਼ ਚੁੱਪਚਾਪ ਮਜਬੂਰੀ ਵਿੱਚ ਸਭ ਕੁਝ ਸੁਣਦਾ ਰਹਿੰਦਾ। ਉਸ ਕੋਲ ਸ਼ਰੁਤੀ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ।
ਇੱਕ ਦਿਨ ਦੋਵੇਂ ਮੀਆਂ-ਬੀਵੀ ਸ਼ਹਿਰੋਂ ਬਾਹਰ ਕਿਤੇ ਗਏ ਹੋਏ ਸਨ। ਘਰ ਵਾਪਸੀ ਤੋਂ ਪਹਿਲਾਂ ਸਬਜ਼ੀ ਲੈਣ ਮੰਡੀ ਚਲੇ ਗਏ। ਆਕਾਸ਼ ਕਾਰ ਵਿੱਚ ਹੀ ਬੈਠਾ ਰਿਹਾ, ਕਿਉਂਕਿ ਕਾਰ ਖੜ੍ਹੀ ਕਰਨ ਲਈ ਢੁਕਵੀਂ ਥਾਂ ਨਹੀਂ ਸੀ ਮਿਲ ਰਹੀ ਤੇ ਉਹਨੂੰ ਇਹ ਵੀ ਡਰ ਸੀ ਕਿ ਜੇ ਦੋਵੇਂ ਜਣੇ ਕਾਰ ‘ਚੋਂ ਉੱਤਰ ਕੇ ਚਲੇ ਗਏ ਤਾਂ ਕਾਰ ਠੀਕ ਥਾਂ ਖੜ੍ਹੀ ਨਾ ਕੀਤੀ ਹੋਣ ਕਰਕੇ ਕਿਤੇ ਮਿਉਂਸਪਲ ਕਮੇਟੀ ਵਾਲੇ ਜੈੱਕ ਪਾ ਕੇ ਕਾਰ ਹੀ ਨਾ ਚੁੱਕ ਕੇ ਲੈ ਜਾਣ। ਉਹਦੇ ਨਾਲ ਇਹ ਘਟਨਾ ਪਹਿਲਾਂ ਹੁੰਦੀ ਹੁੰਦੀ ਬਚੀ ਸੀ। ਖ਼ੈਰ… ਸਬਜ਼ੀ ਵਾਲੇ ਕੋਲ ਜਾ ਕੇ ਸ਼ਰੁਤੀ ਨੇ ਪਤੀ ਨੂੰ ਫ਼ੋਨ ਕਰਕੇ ਪੁੱਛਿਆ, “ਕੀ ਲਿਆਵਾਂ ਜੀ, ਮੈਨੂੰ ਤਾਂ ਕੁਝ ਪਤਾ ਨਹੀਂ ਲੱਗਦਾ।” ਹੁਣ ਆਕਾਸ਼ ਕੋਲ ਉਹਦੇ ਤਾਅਨਿਆਂ ਦਾ ਸਪਸ਼ਟ ਜਵਾਬ ਸੀ, “ਮੈਨੂੰ ਕੀ ਪਤਾ, ਸਬਜ਼ੀ ਵਾਲੇ ਕੋਲ ਤਾਂ ਤੂੰ ਖੜ੍ਹੀ ਹੈਂ! ਜੋ ਠੀਕ ਲੱਗਦੈ, ਲੈ ਆ…।”

~ ਪ੍ਰੋ. ਨਵ ਸੰਗੀਤ ਸਿੰਘ
# navsangeetsingh6957@gmail.com
# 9417692015.