ਸਦੀਆਂ ਪਹਿਲਾਂ
ਇਕ ਵਿਦਵਾਨ ਰਾਵਣ ਤੋਂ
ਹੋਈ ਸੀ ਇਕ ਗਲਤੀ
ਸੀਤਾ ਨੂੰ ਚੁੱਕ ਲਿਜਾਣ ਦੀ
ਜਿਸ ਨੂੰ ਅਸੀਂ ਅੱਜ ਤੱਕ
ਕੀਤਾ ਨਹੀਂ ਮਾਫ
ਭਾਵੇਂ ਕਿ ਉਸ ਦਾ
ਦਿੱਲ ਸੀ ਸਾਫ਼
ਹਰ ਸਾਲ ਉਸਦੇ ਪੁਤਲੇ
ਸਾੜੀ ਜਾ ਰਹੇ ਹਾਂ।
ਪਰ ਅੱਜ ਤਾਂ –
ਇਸ ਤੋਂ ਕਿਤੇ ਵੱਧ
ਖਤਰਨਾਕ ਨੇ ਰਾਵਣ
ਜੋ ਸੀਤਾ ਵਰਗੀਆਂ
ਸਵਿੱਤਰੀਆਂ ਨੂੰ
ਚੁੱਕ ਵੀ ਲਿਜਾਂਦੇ ਨੇ
ਤੇ ਉਸ ਤੋਂ ਅਗਲਾ
ਗੁਨਾਹ ਵੀ ਕਰਦੇ ਨੇ।
ਅਸੀਂ ਇਹਨਾਂ ਰਾਵਣਾਂ ਲਈ ਕਿਉਂ ਹੋ ਜਾਂਦੇ ਹਾਂ ਖਾਮੋਸ਼?
ਜਦ ਕਿ ਇਹਨਾਂ ਦਾ
ਇੰਨਾਂ ਵੱਡਾ ਹੁੰਦਾ ਏ ਦੋਸ਼?
ਕਿਉਂ ਡਰ ਜਾਂਦੇ ਹਾਂ
ਇਹਨਾਂ ਦੇ ਵੱਡੇ
ਬਾਪ ਦਾਦਿਆਂ ਤੋਂ?
ਅੱਜ ਲੋੜ ਹੈ-
ਇਹਨਾਂ ਦੇ ਚਿਹਰੇ ਪਛਾਨਣ ਦੀ
ਇਹਨਾਂ ਦੀ ਅਸਲੀਅਤ ਜਾਨਣ ਦੀ
ਜਦ ਤੱਕ ਅਸੀਂ ਰਹਾਂਗੇ ਖਾਮੋਸ਼
ਰਾਵਣਾ ਮੰਨਣਾ ਨਹੀਂ ਏ ਦੋਸ਼!
ਆਓ- ਅੱਜ ਸੱਚ ਦੇ ਹਾਣੀ ਬਣੀਏਂ
ਚੰਡੀ, ਦੁਰਗਾ, ਮਾਈ ਭਾਗੋ
ਜਾਂ ਝਾਂਸੀ ਦੀ ਰਾਣੀ ਬਣੀਏਂ!
ਭਾਵੇਂ ਅੱਜ ਜ਼ਿੰਦਗੀ ਦੇ
ਹਰ ਮੋੜ ਤੇ ਬੈਠੇ ਨੇ ਰਾਵਣ
ਪਰ ਕਿਤੇ ਕਿਤੇ-
ਸਰਦਾਰ ਬਘੇਲ ਸਿੰਘ ਜਾਂ ਨਲੂਏ ਜਹੇ ਸਰਦਾਰ ਵੀ ਹੋਣਗੇ
ਜੋ ‘ਦੀਸ਼’ ਵਰਗੀਆਂ ਭੈਣਾਂ ਦੀ
ਪੱਤ ਬਚਾਉਣਗੇ
ਤੇ ਅੱਜ ਦੇ ਰਾਵਣਾਂ ਨੂੰ
ਨੱਥ ਪਾਉਣਗੇ!

ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ
ਸੰਪਰਕ: +1 403 404 1450