ਨਜਾਇਜ ਕਬਜਿਆਂ ਕਾਰਨ ਵਾਹਨ ਚਾਲਕ ਤੇ ਰਾਹਗੀਰ ਪ੍ਰੇਸ਼ਾਨ, ਪ੍ਰਸ਼ਾਸ਼ਨ ਚੁੱਪ
ਕੋਟਕਪੂਰਾ, 2 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਗਰ ਕੌਂਸਲ, ਟੈ੍ਰਫਿਕ ਪੁਲਿਸ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਲਾਪ੍ਰਵਾਹੀ ਦਾ ਵਾਹਨ ਚਾਲਕਾਂ, ਰਾਹਗੀਰਾਂ ਅਤੇ ਆਮ ਲੋਕਾਂ ਨੂੰ ਖਮਿਆਜਾ ਭੁਗਤਣਾ ਪੈ ਰਿਹਾ ਹੈ, ਕਿਉਂਕਿ ਸ਼ਹਿਰ ਦੇ ਅਨੇਕਾਂ ਫੁੱਟਪਾਥਾਂ (ਪਟੜੀਆਂ) ’ਤੇ ਦੁਕਾਨਦਾਰਾਂ ਨੇ ਨਜਾਇਜ ਕਬਜੇ ਕੀਤੇ ਹੋਏ ਹਨ, ਜਿਸ ਕਰਕੇ ਸ਼ਹਿਰ ਦੀਆਂ ਜਿਆਦਾਤਰ ਸੜਕਾਂ ਦੀ ਚੋੜਾਈ ਅੱਧੀ ਤੋਂ ਵੀ ਘੱਟ ਰਹਿ ਗਈ ਹੈ। ਉਕਤ ਸਮੱਸਿਆ ਵਿੱਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈ, ਕਿਉਂਕਿ ਨਜਾਇਜ ਕਬਜਿਆਂ ਕਾਰਨ ਸ਼ਹਿਰ ਦੇ ਹਰ ਬਜਾਰ ਅਤੇ ਗਲੀ-ਮੁਹੱਲੇ ਵਿੱਚ ਟੈ੍ਰਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਜਿਕਰਯੋਗ ਹੈ ਕਿ ਸਥਾਨਕ ਬੱਤੀਆਂ ਵਾਲੇ ਚੌਂਕ ਤੋਂ ਲੈ ਕੇ ਫਰੀਦਕੋਟ ਰੋਡ, ਮੋਗਾ ਰੋਡ, ਮੁਕਤਸਰ ਰੋਡ, ਜੈਤੋ ਰੋਡ, ਬਠਿੰਡਾ ਰੋਡ ਸਮੇਤ ਰੇਲਵੇ ਬਜਾਰ, ਸ਼ਾਸ਼ਤਰੀ ਮਾਰਕਿਟ, ਗੁਰਦਵਾਰਾ ਬਜਾਰ ਸਮੇਤ ਵੱਖ ਵੱਖ ਬਜਾਰਾਂ ਵਿੱਚ ਸੜਕਾਂ ਤੋਂ ਫੁੱਟਪਾਥ ਗਾਇਬ ਹੋ ਗਏ ਹਨ ਅਤੇ ਫੁੱਟਪਾਥਾਂ ਉੱਪਰ ਕਬਜਾ ਕਰਨ ਨਾਲ ਵੀ ਦੁਕਾਨਦਾਰਾਂ ਦਾ ਦਿਲ ਨਹੀਂ ਰੱਜਿਆ, ਹੁਣ ਉਹਨਾਂ ਨੇ ਉਸ ਤੋਂ ਵੀ ਅੱਗੇ ਆ ਕੇ ਨਜਾਇਜ ਕਬਜੇ ਕਰਨੇ ਸ਼ੁਰੂ ਕਰ ਦਿੱਤੇ ਹਨ ਕਿ ਉਸ ਤੋਂ ਅੱਗੇ ਉਹਨਾ ਦੇ ਦੁਪਹੀਆ ਵਾਹਨ ਲੱਗਣ ਕਰਕੇ ਬਜਾਰ ਦੀ ਚੋੜਾਈ ਦਾ ਘੱਟਣਾ ਸੁਭਾਵਿਕ ਹੈ। ਦੁਕਾਨਦਾਰਾਂ ਦੀ ਉਕਤ ਜਿਆਦਤੀ ਕਾਰਨ ਸੜਕਾਂ ਦੀ ਹਾਲਤ ਵੀ ਖਸਤਾ ਹੋ ਗਈ ਹੈ। ਭਾਵੇਂ ਕਈ ਵਾਰ ਆਪਣੀ ਨੀਂਦ ਤੋਂ ਜਾਗਣ ਵਾਲੀ ਨਗਰ ਕੌਂਸਲ ਸ਼ਹਿਰ ਵਿੱਚ ਕੋਈ ਕਾਰਵਾਈ ਕਰਦੀ ਹੈ ਪਰ ਸ਼ਹਿਰ ਦੇ ਮੁੱਖ ਚੌਕਾਂ ਵਿੱਚ ਉਕਤ ਦੁਕਾਨਾਂ ਨੂੰ ਹੱਥ ਵੀ ਨਹੀਂ ਲਾਇਆ ਜਾਂਦਾ। ਵਪਾਰੀ ਆਗੂ ਓਮਕਾਰ ਗੋਇਲ ਨੇ ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਦੁਕਾਨਦਾਰਾਂ ਵਲੋਂ ਕੀਤੇ ਨਜਾਇਜ ਕਬਜੇ ਹਟਾਉਣ ਲਈ ਉਹ ਖੁਦ ਸਹਿਯੋਗ ਕਰਨਗੇ।