ਗਲੀ ਵਿੱਚ ਜਾਣ ਦੀ ਬਜਾਏ ਲੋਕਾਂ ਨੂੰ ਸੜਕ ਤੇ ਆ ਕੂੜਾ ਪਾਉਣ ਦੇ ਦਿੰਦੇ ਨੇ ਹੁਕਮ
ਬਠਿੰਡਾ, 17 ਅਕਤੂਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
‘ਸਾਡਾ ਬਠਿੰਡਾ ਸਵੱਸ਼ ਬਠਿੰਡਾ’ ‘ਦਾ ਨਾਅਰਾ ਕੇਵਲ ਇੱਕ ਨਾਅਰਾ ਅਤੇ ਡਰਾਮਾ ਮਾਤਰ ਬਣ ਕੇ ਰਹਿ ਗਿਆ ਹੈ। ਕਿਉਂਕਿ ਨਗਰ ਨਿਗਮ ਦਾ ਇਸ ਪਾਸੇ ਉਕਾ ਹੀ ਧਿਆਨ ਨਹੀਂ ਲੱਗ ਰਿਹਾ। ਦੱਸਣਾ ਬਣਦਾ ਹੈ ਕਿ ਸ਼ਹਿਰ ਦੀ ਸਫਾਈ ਅਤੇ ਘਰਾਂ ਚੋਂ ਕੂੜਾ ਚੁੱਕਣ ਲਈ ਨਗਰ ਨਿਗਮ ਵੱਲੋਂ ਸੈਂਕੜੇ ਹੀ ਛੋਟਾ ਹਾਥੀ ਗੱਡੀਆਂ ਲਗਾਈਆਂ ਗਈਆਂ ਹਨ ਜਿਹੜੇ ਕਿ ਆਏ ਮਹੀਨੇ ਘਰਾਂ ਦੇ ਵਿੱਚੋਂ ਇੱਕ ਤੈਅ ਕੀਤੀ ਹੋਈ ਰਾਸ਼ੀ ਵਸੂਲ ਕਰਦੇ ਹਨ। ਪਰ ਇਹਨਾਂ ਦਾ ਕੋਈ ਮਾਈ ਬਾਪ ਜਾਂ ਪੁੱਛਣ ਵਾਲਾ ਨਾ ਹੋਣ ਕਾਰਨ ਇਹ ਮੁਲਾਜ਼ਮ ਆਪਣੀਆਂ ਮਨ ਆਈਆਂ ਕਰਦੇ ਹਨ ਜਿਸ ਕਰਕੇ ਇਹ ਛੋਟੇ ਹਾਥੀ ਸਰਕਾਰ ਲਈ ਚਿੱਟੇ ਹਾਥੀ ਹੀ ਸਾਬਤ ਹੋ ਰਹੇ ਹਨ। ਪਰ ਮੋਟੀਆਂ ਤਨਖਾਹਾਂ ਲੈਣ ਵਾਲੇ ਨਗਰ ਨਿਗਮ ਦੇ ਅਧਿਕਾਰੀ ਇਸ ਪਾਸੇ ਉੱਕਾ ਹੀ ਧਿਆਨ ਦੇਣ ਤੋਂ ਮੁਨਕਰ ਹੋਏ ਬੈਠੇ ਹਨ। ਜੇਕਰ ਇਤਿਹਾਸਿਕ ਨਗਰ ਮੁਹੱਲਾ ਹਾਜੀ ਰਤਨ ਦੀ ਹੀ ਗੱਲ ਕੀਤੀ ਜਾਵੇ ਤਾਂ ਇੱਥੇ ਕਈ ਕਈ ਹਫਤੇ ਇਹ ਛੋਟੇ ਹਾਥੀਆਂ ਵਾਲੇ ਕੂੜਾ ਚੁੱਕਣ ਨਹੀਂ ਆਉਂਦੇ ਜਿਸ ਕਾਰਨ ਲੋਕਾਂ ਦੇ ਘਰੇ ਢੇਰਾਂ ਦੇ ਢੇਰ ਕੂੜਾ ਇਕੱਠਾ ਹੋ ਜਾਂਦਾ ਹੈ ਜਿਹੜਾ ਕਿ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਪਰ ਜੇਕਰ ਕਦੀ ਕਦਾਈ ਨਗਰ ਨਿਗਮ ਦੇ ਇਹ ਸਫਾਈ ਮੁਲਾਜ਼ਮ ਭੁੱਲ ਭੁਲੇਖੇ ਕੂੜਾ ਚੁੱਕਣ ਆ ਵੀ ਜਾਣ ਤਾਂ ਇਹ ਮੇਨ ਸੜਕ ਤੋਂ ਹੀ ਵਾਪਸ ਚਲੇ ਜਾਂਦੇ ਹਨ ਅਤੇ ਜੇਕਰ ਇਹਨਾਂ ਨੂੰ ਕੋਈ ਗਲੀ ਚ ਆ ਕੇ ਕੂੜਾ ਚੁੱਕਣ ਲਈ ਕਹਿੰਦਾ ਹੈ ਤਾਂ ਇਹ ਉਸਨੂੰ ਆਪਣਾ ਕੂੜਾ ਸੜਕ ਤੇ ਚੁੱਕ ਕੇ ਲਿਆਉਣ ਦਾ ਹੁਕਮ ਸੁਣਾਉਂਦੇ ਹਨ। ਸਿਰਫ਼ ਇਨ੍ਹਾਂ ਹੀ ਨਹੀਂ ਇਹ ਲੋਕ ਅਕਸਰ ਇਹਨਾ ਗੱਡੀਂਆਂ ਨੂੰ ਗਲਤ ਸਾਈਡ ਪਾਰਕ ਕਰ ਜਿੱਥੇ ਨਿਯਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ ਉਥੇ ਹਾਦਸਿਆਂ ਦਾ ਵੀ ਕਾਰਣ ਬਣਦੇ ਹਨ।
ਦੱਸਣਾ ਬਣਦਾ ਹੈ ਕਿ ਇਹਨਾਂ ਕਰਮਚਾਰੀਆਂ ਦੀ ਡਿਊਟੀ ਘਰੋ ਘਰ ਜਾ ਕੂੜਾ ਚੁੱਕਣ ਦੀ ਹੈ ਪਰ ਇਹ ਲੋਕ ਗਲੀਆਂ ਚ ਆਉਣ ਦੀ ਬਜਾਏ ਮੇਨ ਸੜਕ ਤੋਂ ਹੀ ਕੁਝ ਧਨਾਢ ਲੋਕਾਂ ਦਾ ਕੂੜਾ ਚੁੱਕ ਬੁੱਤਾ ਸਾਰ ਦਿੰਦੇ ਹਨ। ਮੁਹੱਲਾ ਵਾਸੀਆਂ ਨੇ ਨਗਰ ਨਿਗਮ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਹਨਾਂ ਸਫਾਈ ਕਰਮਚਾਰੀਆਂ ਉੱਤੇ ਸਿਕੰਜਾ ਕਸਿਆ ਜਾਵੇ ਅਤੇ ਇਹਨਾਂ ਨੂੰ ਪਹਿਲਾਂ ਵਾਂਗ ਗਲੀ ਗਲੀ ਵਿੱਚ ਆ ਘਰਾਂ ਚੋਂ ਕੂੜਾ ਚੁੱਕਣ ਦੀ ਹਦਾਇਤ ਕੀਤੀ ਜਾਵੇ। ਇਸ ਬਾਰੇ ਜਦੋਂ ਇਹਨਾਂ ਮੁਲਾਜ਼ਮਾਂ ਨਾਲ ਗੱਲ ਕਰਨੀ ਚਾਹੀ ਤਾ ਇਹਨਾਂ ਨੇ ਕੋਈ ਉੱਤਰ ਦੇਣਾ ਜਰੂਰੀ ਨਹੀਂ ਸਮਝਿਆ। ਇਸ ਬਾਰੇ ਜਦੋਂ ਕਮਿਸ਼ਨਰ ਨਗਰ ਨਿਗਮ ਨਾਲ ਗੱਲ ਕਰਨੀ ਚਾਹੀ ਤਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।