ਕੋਟਕਪੂਰਾ, 2 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ ਦੇ ਜਨਰਲ ਹਾਊਸ ਦੀ ਇੱਕ ਅਹਿਮ ਮੀਟਿੰਗ ਸਥਾਨਕ ਕਰਿਆਨਾ ਭਵਨ ਵਿਖੇ ਪ੍ਰਧਾਨ ਓਮਕਾਰ ਗੋਇਲ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸੰਸਥਾ ਨਾਲ ਸਬੰਧਤ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਜੱਥੇਬੰਦੀਆਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸ਼ਹਿਰ ਦੀ ਸਫਾਈ, ਟ੍ਰੈਫਿਕ ਵਿਵਸਥਾ ਅਤੇ ਬਜਾਰਾਂ ’ਚ ਕੀਤੇ ਗਏ ਨਜਾਇਜ ਕਬਜਿਆਂ ਸਬੰਧੀ ਵਿਚਾਰ-ਵਟਾਂਦਰਾ ਕਰਨ ਤੋਂ ਇਲਾਵਾ ਵਪਾਰਕ ਜਥੇਬੰਦੀਆਂ ਦੇ ਆਗੂਆਂ ਤੋਂ ਇੰਨ੍ਹਾਂ ਸਮੱਸਿਆਵਾਂ ਦੇ ਹੱਲ ਬਾਰੇ ਵਿਚਾਰ ਵੀ ਲਏ ਗਏ। ਸੰਸਥਾ ਦੇ ਜਨਰਲ ਸਕੱਤਰ ਰਮਨ ਮਨਚੰਦਾ ਵਲੋਂ ਮੀਟਿੰਗ ਦੀ ਚਲਾਈ ਜਾ ਰਹੀ ਕਾਰਵਾਈ ਦੌਰਾਨ ਪ੍ਰਧਾਨ ਓਮਕਾਰ ਗੋਇਲ ਨੇ ਕਿਹਾ ਕਿ ਵਪਾਰੀ ਵਰਗ ਕਦੇ ਵੀ ਬੰਦ ਨਹੀਂ ਚਾਹੁੰਦਾ ਅਤੇ ਉਹ ਆਪਣੇ ਕਾਰੋਬਾਰ ਨੂੰ ਖੁੱਲ੍ਹਾ ਰੱਖ ਕੇ ਤਰੱਕੀ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਰ ਇੱਥੇ ਉਹ ਇਹ ਵੀ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਹੁਣ ਵਪਾਰੀ ਬਦਲ ਚੁੱਕਿਆ ਹੈ ਅਤੇ ਜਿੱਥੇ ਇਹ ਬੰਦ ਨਹੀ ਕਰਨਾ ਚਾਹੁੰਦਾ, ਉੱਥੇ ਇਹ ਕਿਸੇ ਕਿਸਮ ਦੀ ਧੱਕੇਸ਼ਾਹੀ ਵੀ ਬਰਦਾਸ਼ਤ ਨਹੀ ਕਰਦਾ। ਉਨ੍ਹਾਂ ਕਿਹਾ ਕਿ ਵਪਾਰੀਆਂ ਦੇ ਹਿਤਾਂ ਲਈ ਸ਼ਹਿਰ ਦਾ ਸਮੁੱਚਾ ਵਪਾਰੀ ਵਰਗ ਇਕਜੁੱਟ ਹੈ ਅਤੇ ਵਪਾਰੀਆਂ ਦੇ ਹੱਕਾਂ ਦੀ ਰਾਖੀ ਲਈ ਉਹ ਹਰ ਤਰ੍ਹਾਂ ਦੇ ਜਰੂਰੀ ਕਦਮ ਚੁੱਕਣ ਲਈ ਵੀ ਤਿਆਰ-ਬਰ-ਤਿਆਰ ਹੈ। ਇਸ ਦੌਰਾਨ ਉਨ੍ਹਾਂ ਮੀਟਿੰਗ ’ਚ ਹਾਜਰ ਵੱਖ-ਵੱਖ ਵਪਾਰਕ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਇੰਨ੍ਹਾਂ ਤਿੰਨ੍ਹਾਂ ਮੁੱਦਿਆਂ ਸਬੰਧੀ ਖੁੱਲ੍ਹ ਕੇ ਵਿਚਾਰ ਪ੍ਰਗਟ ਕਰਨ ਅਤੇ ਆਪਣੀਆਂ ਸਮੱਸਿਆਵਾਂ ਇੱਕ ਪਰਿਵਾਰਕ ਮੈਂਬਰ ਵਜੋਂ ਵਿਚਰਦੇ ਹੋਏ ਸਾਰਿਆਂ ਨਾਲ ਸਾਂਝੀਆਂ ਕਰਨ ਦੀ ਅਪੀਲ ਕੀਤੀ। ਸ਼੍ਰੀ ਗੋਇਲ ਦੀ ਅਪੀਲ ਤੋਂ ਬਾਅਦ ਸੁਤੰਤਰ ਗੋਇਲ, ਹਰੀਸ਼ ਸੇਤੀਆ, ਸਾਧੂ ਰਾਮ ਦਿਓੜਾ, ਨਰਿੰਦਰ ਅਰੋੜਾ, ਜਤਿੰਦਰ ਜਸ਼ਨ, ਮਨਤਾਰ ਮੱਕੜ, ਅਸ਼ੋਕ ਗੋਇਲ, ਜਸਵਿੰਦਰ ਜੌੜਾ, ਰਵਿੰਦਰ ਗਰਗ ਅਤੇ ਬਿੱਟੂ ਬਾਂਸਲ ਆਦਿ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਮੀਟਿੰਗ ਦੌਰਾਨ ਸਥਾਨਕ ਬੱਸ ਸਟੈਂਡ ਨੇੜੇ ਸਥਿਤ ਦਸ਼ਮੇਸ਼ ਮਾਰਕੀਟ ਵਿੱਚ ਪ੍ਰਧਾਨ ਸ਼ਰਨਬੀਰ ਸਿੰਘ ਬੇਦੀ ਦੀ ਅਗਵਾਈ ਹੇਠ ਕੀਤੇ ਗਏ ਸਫਾਈ, ਸੁਰੱਖਿਆ, ਬਿਜਲੀ ਅਤੇ ਸੁੰਦਰਤਾ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਵਿਸ਼ੇਸ਼ ਤੌਰ ’ਤੇ ਜਿਕਰ ਕੀਤਾ ਗਿਆ ਅਤੇ ਸਮੂਹ ਮੈਂਬਰਾਂ ਨੂੰ ਮਾਰਕੀਟ ਵਿੱਚ ਆਉਣ ਦਾ ਸੱਦਾ ਵੀ ਦਿੱਤਾ ਗਿਆ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਇੰਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਜਿੱਥੇ ਵਪਾਰੀਆਂ ਨੂੰ ਆਪ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ, ਉੱਥੇ ਕਿਉਂਕਿ ਇਹ ਪ੍ਰਸ਼ਾਸ਼ਨ ਦੀ ਜੁੰਮੇਵਾਰੀ ਬਣਦੀ ਹੈ ਇਸ ਲਈ ਇੰਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸ਼ਨ ‘ਤੇ ਦਬਾਅ ਪਾਉਣਾ ਚਾਹੀਦਾ ਹੈ। ਕੁੱਝ ਮੈਂਬਰਾਂ ਨੇ ਬਜਾਰਾਂ ਵਿੱਚ ਕਬਜਿਆਂ ਨੂੰ ਰੋਕਣ ਲਈ ਪੀਲੀ ਪੱਟੀ ਲਗਾਉਣ ਦੀ ਵੀ ਸਲਾਹ ਦਿੱਤੀ ਅਤੇ ਸ਼ਹਿਰ ਅੰਦਰ 15-20 ਪੁਆਇੰਟ ਬਣਾ ਕੇ ਨਗਰ ਕੌਂਸਲ ਵੱਲੋਂ ਕੂੜਾ ਦਾਨ ਰੱਖਣ ਦਾ ਤਜਰਬਾ ਕਰਨ ਦੀ ਵੀ ਸਲਾਹ ਦਿੱਤੀ। ਮੰਚ ਸੰਚਾਲਨ ਸਕੱਤਰ ਜਨਰਲ ਰਮਨ ਮਨਚੰਦਾ ਵੱਲੋਂ ਕੀਤਾ ਗਿਆ। ਇਸ ਮੌਕੇ ਡਾ.ਅਰਵਿੰਦਰ ਗੁਲਾਟੀ, ਵਿਸ਼ਾਲ ਗੋਇਲ, ਸ਼ੀਤਲ ਗੋਇਲ, ਹਰਸ਼ ਅਰੋੜਾ, ਕਿ੍ਰਸ਼ਨ ਕੁਕਰੇਜਾ, ਪਿੰਕੀ ਕੁਕਰੇਜਾ, ਨਰੇਸ਼ ਮਿੱਤਲ, ਲਵਲੀ ਅਹੂਜਾ, ਰਾਜੂ ਰਾਵਲ, ਸੰਜੀਵ ਕਟਾਰੀਆ, ਰਜਨੀਸ਼ ਗੋਇਲ, ਵਿਪਨ ਗੁਪਤਾ, ਰਾਜਨ ਗਰਗ, ਹਰਦੀਪ ਮਹਿਤਾ, ਸਤੀਸ਼ ਕਟਾਰੀਆ, ਸੰਜੀਵ ਕਟਾਰੀਆ, ਮਾ. ਸੋਮਨਾਥ, ਅਸ਼ੋਕ ਗੁਪਤਾ, ਨਰੇਸ਼ ਸਿੰਗਲਾ, ਵਰਿੰਦਰ ਰਹੇਜਾ ਅਤੇ ਭਿੰਦਰ ਕਟਾਰੀਆ ਆਦਿ ਵੀ ਹਾਜਰ ਸਨ।