ਭਾਰਤੀ ਸਿਨੇਮਾ ਦੀ ਦਿੱਗਜ ਅਭਿਨੇਤਰੀ ਨਰਗਿਸ ਦਾ ਅੱਜ ਜਨਮਦਿਨ ਹੈ। ਉਹਦਾ ਜਨਮ 1 ਜੂਨ 1929 ਨੂੰ ਬੰਗਾਲ ਪ੍ਰੈਜੀਡੈਂਸੀ, ਕਲਕੱਤਾ ਵਿਖੇ ਹੋਇਆ। ਨਰਗਿਸ ਮਸ਼ਹੂਰ ਗਾਇਕਾ ਜੱਦਨਬਾਈ (1892-1949) ਦੀ ਬੇਟੀ ਸੀ। ਉਹਦੇ ਪਿਤਾ ਦਾ ਨਾਂ ਮੋਹਨ ਚੰਦ ਉੱਤਮ ਚੰਦ ਜਾਂ ਮੋਹਨ ਬਾਬੂ ਸੀ, ਜੋ ਇਸਲਾਮ ਧਰਮ ਅਪਣਾ ਕੇ ਅਬਦੁਲ ਰਸ਼ੀਦ ਬਣ ਗਏ ਸਨ। ਨਰਗਿਸ ਦਾ ਅਸਲੀ ਨਾਂ ਵੀ ਫ਼ਾਤਿਮਾ ਰਸ਼ੀਦ ਸੀ।
ਨਰਗਿਸ ਆਪਣੀ ਐਕਟਿੰਗ ਦੇ ਦਮ ਤੇ ਲੱਖਾਂ ਦਿਲਾਂ ਤੇ ਲੰਮਾ ਸਮਾਂ ਰਾਜ ਕਰਦੀ ਰਹੀ। ਉਹਨੇ ਕਈ ਫ਼ਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਇਗੀ ਦਾ ਲੋਹਾ ਮਨਵਾਇਆ ਅਤੇ ਹਿੰਦੀ ਸਿਨੇਮਾ ਨੂੰ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਪ੍ਰਦਾਨ ਕੀਤੀਆਂ। ਉਹ ਆਪਣੀ ਖ਼ੂਬਸੂਰਤੀ ਅਤੇ ਸਾਦਗੀ ਲਈ ਵੀ ਜਾਣੀ ਜਾਂਦੀ ਸੀ। ਉਹਨੂੰ ‘ਲੇਡੀ ਇਨ ਵਾਈਟ’ ਕਿਹਾ ਜਾਂਦਾ ਸੀ। ਅਸਲ ਵਿੱਚ ਉਹਦਾ ‘ਫ਼ੈਸ਼ਨ ਸੈਂਸ’ ਕਮਾਲ ਦਾ ਸੀ। ਉਹ ਜ਼ਿਆਦਾਤਰ ਸਫ਼ੈਦ ਰੰਗ ਦੀਆਂ ਸਾੜੀਆਂ ਪਹਿਨਣਾ ਪਸੰਦ ਕਰਦੀ ਸੀ। ਇਨ੍ਹਾਂ ਵਿੱਚ ਵੀ ਉਹ ਬੇਹੱਦ ਖ਼ੂਬਸੂਰਤ ਦਿੱਸਦੀ ਸੀ। ਇਸੇ ਵਜਾਹ ਕਰਕੇ ਉਹਨੂੰ ‘ਲੇਡੀ ਇਨ ਵਾਈਟ’ ਕਿਹਾ ਜਾਣ ਲੱਗ ਪਿਆ ਸੀ।
ਨਰਗਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਚਾਈਲਡ ਆਰਟਿਸਟ ਕੀਤੀ ਸੀ। ਜਦੋਂ ਉਹਨੇ ਸਿਨੇਮਾ ‘ਚ ਕਦਮ ਧਰਿਆ ਤਾਂ ਉਹ ਸਿਰਫ਼ ਪੰਜ ਸਾਲ ਦੀ ਸੀ। ਉਹਦੀ ਪਹਿਲੀ ਫ਼ਿਲਮ ‘ਤਲਾਸ਼-ਏ-ਹੱਕ’ (1935) ਸੀ। ਇਹ ਫ਼ਿਲਮ ‘ਸੰਗੀਤ ਫ਼ਿਲਮਜ਼’ ਨਾਂ ਦੀ ਪ੍ਰੋਡਕਸ਼ਨ ਕੰਪਨੀ ਵੱਲੋਂ ਜਾਰੀ ਕੀਤੀ ਗਈ ਸੀ। ਇਹ ਪ੍ਰੋਡਕਸ਼ਨ ਕੰਪਨੀ ਉਹਦੀ ਮਾਂ ਜੱਦਨਬਾਈ ਵੱਲੋਂ ਸ਼ੁਰੂ ਕੀਤੀ ਗਈ ਸੀ, ਜੋ ਭਾਰਤੀ ਫ਼ਿਲਮ ਉਦਯੋਗ ਦੀ ਪਹਿਲੀ ਔਰਤ ਸੰਗੀਤ ਨਿਰਦੇਸ਼ਕਾ ਸੀ। (ਇਹ ਪ੍ਰੋਡਕਸ਼ਨ ਕੰਪਨੀ 1940 ਦੇ ਨੇੜੇ ਤੇੜੇ ਬੰਦ ਹੋ ਗਈ ਸੀ, ਕਿਉਂਕਿ ਉਸ ਸਮੇਂ ਤੱਕ ਹੋਰ ਵੱਡੇ ਪ੍ਰੋਡਕਸ਼ਨ ਹਾਊਸ ਸ਼ੁਰੂ ਹੋ ਚੁੱਕੇ ਸਨ।) ਇਸ ਫ਼ਿਲਮ ਵਿੱਚ ਨਰਗਿਸ ਦੇ ਕੰਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ।
ਨਰਗਿਸ ਪਹਿਲੀ ਵਾਰੀ ਲੀਡ ਐਕਟਰੈਸ ਵਜੋਂ ‘ਤਮੰਨਾ’
(1942) ਰਾਹੀਂ ਸਾਹਮਣੇ ਆਈ। ਉਹਦੀ ਜੁਗਲਬੰਦੀ ਹਿੰਦੀ ਫ਼ਿਲਮਾਂ ਦੇ ਵੱਡੇ ਸ਼ੋਅਮੈਨ ਰਾਜਕਪੂਰ (1924-1988) ਨਾਲ ਖ਼ੂਬ ਚਰਚਿਤ ਰਹੀ। ਪਰਦੇ ਤੇ ਇਨ੍ਹਾਂ ਦੋਹਾਂ ਦੀ ਕੈਮਿਸਟਰੀ ਇੰਨੀ ਜ਼ਬਰਦਸਤ ਸੀ ਕਿ ਇਹਦਾ ਅਸਰ ਪਰਦੇ ਦੇ ਪਿੱਛੇ ਵੀ ਨਜ਼ਰ ਆਇਆ। ਫ਼ਿਲਮਾਂ ਦੇ ਨਾਲ ਨਾਲ ਨਰਗਿਸ ਅਤੇ ਰਾਜਕਪੂਰ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਕਾਫ਼ੀ ਚਰਚਾ ਹੋਈ। ਰਾਜਕਪੂਰ ਨਾਲ ਨਰਗਿਸ ਦੀ ਜੋੜੀ 40 ਦੇ ਦਹਾਕੇ ਵਿੱਚ ਬਣੀ ਸੀ ਪਰ 60 ਦਾ ਦਹਾਕਾ ਆਉਂਦੇ ਆਉਂਦੇ ਇਹ ਸੁਪਰਹਿੱਟ ਜੋੜੀ ਟੁੱਟ ਗਈ। ਰਾਜਕਪੂਰ ਅਤੇ ਨਰਗਿਸ ਦਾ ਰਿਸ਼ਤਾ ਕਰੀਬ 9 ਸਾਲ ਚੱਲਿਆ। ਦੋਵੇਂ ਸ਼ਾਦੀ ਕਰਨਾ ਚਾਹੁੰਦੇ ਸਨ ਪਰ ਰਾਜਕਪੂਰ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੋਣ ਕਰਕੇ ਇਹ ਯੋਜਨਾ ਸਿਰੇ ਨਾ ਚੜ੍ਹ ਸਕੀ।
ਰਾਜਕਪੂਰ ਨਾਲ ਰਿਸ਼ਤਾ ਟੁੱਟਣ ਪਿੱਛੋਂ ਸੁਨੀਲ ਦੱਤ (1929- 2005) ਉਹਦੀ ਜ਼ਿੰਦਗੀ ਵਿੱਚ ਆਇਆ। 1957 ਵਿੱਚ ਮਹਿਬੂਬ ਖ਼ਾਨ ਦੀ ‘ਮਦਰ ਇੰਡੀਆ’ ਦੇ ਸੈੱਟ ਤੇ ਨਰਗਿਸ ਤੇ ਸੁਨੀਲ ਦੱਤ ਵਿੱਚ ਦੋਸਤੀ ਹੋ ਗਈ ਜੋ ਪਿਆਰ ਵਿੱਚ ਬਦਲ ਗਈ। ਸਾਲ 1958 ਵਿੱਚ ਦੋਹਾਂ ਨੇ ਸ਼ਾਦੀ ਕਰ ਲਈ। ਦੋਹਾਂ ਦੇ ਤਿੰਨ ਬੱਚੇ ਹੋਏ- ਪ੍ਰਸਿੱਧ ਅਭਿਨੇਤਾ ਸੰਜੇ ਦੱਤ, ਬੇਟੀਆਂ ਪ੍ਰਿਆ ਦੱਤ ਤੇ ਨਮਰਤਾ ਦੱਤ।
ਨਰਗਿਸ ਭਾਰਤੀ ਸਿਨੇਮਾ ਦੀ ਪਹਿਲੀ ਔਰਤ ਸੀ, ਜੀਹਨੂੰ ‘ਪਦਮ ਸ਼੍ਰੀ’ (1958) ਨਾਲ ਨਵਾਜਿਆ ਗਿਆ। ਸਿਰਫ਼ ਇਹੋ ਨਹੀਂ, ਉਹ ਰਾਜਸਭਾ ਵਿੱਚ ਨਾਮਜ਼ਦ ਹੋਣ ਵਾਲੀ ਪਹਿਲੀ ਐਕਟਰੈਸ (1980) ਵੀ ਸੀ। ਉਹਨੇ ਹਰ ਥਾਂ ਆਪਣਾ ਨਾਂ ਬਣਾਇਆ। ਫ਼ਿਲਮ ਕਰੀਅਰ ਵਿੱਚ ਨਰਗਿਸ ਨੇ ‘ਮਦਰ ਇੰਡੀਆ’ ਸਮੇਤ ਕਈ ਹਿੱਟ ਫ਼ਿਲਮਾਂ ਦਿੱਤੀਆਂ, ਜਿਨ੍ਹਾਂ ਵਿੱਚ ‘ਆਗ’ (1948), ‘ਮੇਲਾ’ (1948), ‘ਬਰਸਾਤ’ (1949), ‘ਅੰਦਾਜ਼’ (1949), ‘ਬਾਬੁਲ’ (1950), ‘ਆਵਾਰਾ’ (1951), ‘ਦੀਦਾਰ’ (1951), ‘ਆਹ’ (1953), ‘ਸ਼੍ਰੀ 420’ (1955), ‘ਚੋਰੀ ਚੋਰੀ’ (1956), ‘ਰਾਤ ਔਰ ਦਿਨ’ (1967) ਆਦਿ ਦੇ ਨਾਂ ਉਲੇਖਯੋਗ ਹਨ। ਉਹ ਕਰੀਬ ਤਿੰਨ ਦਹਾਕੇ ਹਿੰਦੀ ਸਿਨੇਮਾ ਵਿੱਚ ਸਕ੍ਰਿਅ ਰਹੀ।
ਅਭਿਨੈ ਛੱਡਣ ਪਿੱਛੋਂ ਉਹ ਸਮਾਜਕ ਕੰਮਾਂ ਵਿੱਚ ਜੁਟ ਗਈ ਅਤੇ ਆਪਣੇ ਪਤੀ ਸੁਨੀਲ ਦੱਤ ਨਾਲ ‘ਅਜੰਤਾ ਆਰਟਸ ਕਲਚਰਲ ਗਰੁਪ’ ਦੀ ਸਥਾਪਨਾ ਕੀਤੀ। ਇਹ ਗਰੁਪ ਸੀਮਾਵਾਂ ਤੇ ਜਾ ਕੇ ਜਵਾਨਾਂ ਦੇ ਮਨੋਰੰਜਨ ਲਈ ਸਟੇਜ ਸ਼ੋਅ ਕਰਦਾ ਸੀ। ਇਸਤੋਂ ਬਿਨਾਂ ਉਹ ‘ਸਪਾਸਟਿਕ ਸੋਸਾਇਟੀ ਆਫ਼ ਇੰਡੀਆ’ ਨਾਲ ਵੀ ਸੰਬੰਧਿਤ ਰਹੀ।
ਨਰਗਿਸ ਨੂੰ ਫ਼ਿਲਮਾਂ ਵਿੱਚ ਅਭਿਨੈ ਲਈ ‘ਫ਼ਿਲਮਫ਼ੇਅਰ ਸਰਵਸ੍ਰੇਸ਼ਟ ਅਭਿਨੇਤਰੀ ਪੁਰਸਕਾਰ’ (1957, ਮਦਰ ਇੰਡੀਆ), ‘ਸਰਵਸ੍ਰੇਸ਼ਟ ਅਭਿਨੇਤਰੀ ਪੁਰਸਕਾਰ’ (1958, ਕਾਰਲੋਵੀ ਵੇਰੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ), ‘ਸਰਵਸ੍ਰੇਸ਼ਟ ਅਭਿਨੇਤਰੀ ਪੁਰਸਕਾਰ’ (1968, ਰਾਤ ਔਰ ਦਿਨ) ਆਦਿ ਪ੍ਰਾਪਤ ਹੋਏ। ਰਾਜਸਭਾ ਲਈ ਨਾਮਜ਼ਦ (1980) ਹੋਣ ਪਿੱਛੋਂ ਉਹ ਆਪਣਾ ਕਾਰਜਕਾਲ ਵੀ ਪੂਰਾ ਨਾ ਕਰ ਸਕੀ ਅਤੇ ਸਿਰਫ਼ 51 ਸਾਲ ਦੀ ਉਮਰ ਵਿੱਚ 3 ਮਈ 1981 ਨੂੰ ਕਾਲਵੱਸ ਹੋ ਗਈ।
ਉਸਦੀ ਯਾਦ ਵਿੱਚ ‘ਨਰਗਿਸ ਦੱਤ ਮੈਮੋਰੀਅਲ ਕੈਂਸਰ ਫ਼ਾਊਂਡੇਸ਼ਨ’ (1982) ਦੀ ਸਥਾਪਨਾ ਕੀਤੀ ਗਈ, ਮੁੰਬਈ ‘ਚ ਬਾਂਦਰਾ ਵਿਖੇ ਉਹਦੇ ਨਾਂ ਤੇ ਇੱਕ ਸੜਕ ਹੈ, ਹਰ ਸਾਲ ਹੋਣ ਵਾਲੇ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਵਿੱਚ ਰਾਸ਼ਟਰੀ ਏਕਤਾ ਤੇ ਬਣੀ ਸਰਵਸ੍ਰੇਸ਼ਟ ਫ਼ਿਲਮ ਨੂੰ ‘ਨਰਗਿਸ ਦੱਤ ਪੁਰਸਕਾਰ’ ਦਿੱਤਾ ਜਾਂਦਾ ਹੈ। ਫ਼ਿਲਮੀ ਦੁਨੀਆਂ ਵਿੱਚ ਇਸ ਮਹਾਨ ਅਭਿਨੇਤਰੀ ਦਾ ਨਾਂ ਹਮੇਸ਼ਾ ਜ਼ਿੰਦਾ ਰਹੇਗਾ!

* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.