ਪੰਜ ਧੀਆਂ ਤੋਂ ਬਾਅਦ ਗੁਰਦਰਸ਼ਨ ਸਿੰਘ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਸੀ ਪੁੱਤ ਦੇ ਪੈਦਾ ਹੋਣ ਤੇ ਪੂਰੇ ਪਿੰਡ ਵਿੱਚ ਲੱਡੂ ਵੰਡੇ ਗਏ ਰਿਸ਼ਤੇਦਾਰਾਂ ਨੂੰ ਕੱਪੜੇ ਆਦਿ ਸਮਾਨ ਭੇਜਿਆ ਗਿਆ ਘਰ ਵਿੱਚ ਬਹੁਤ ਹੀ ਖੁਸ਼ੀ ਵਾਲਾ ਮਾਹੌਲ ਸੀ ਭੈਣਾਂ ਵੀ ਖੁਸ਼ ਸਨ ਕਿ ਇੱਕ ਵੀਰ ਦੇ ਨਾਲ਼ ਉਹਨਾਂ ਦੀ ਕਦਰ ਪੈ ਗਈ ਸੀ।
ਪੰਜੇ ਧੀਆਂ ਇਕ ਇਕ ਕਰਕੇ ਵਧੀਆ ਪੜ ਲਿਖ ਗਈਆ ਅਤੇ ਫਿਰ ਆਪਣੀ ਪੜ੍ਹਾਈ ਦੇ ਹਿਸਾਬ ਨਾਲ਼ ਰੁਤਬਿਆਂ ਤੱਕ ਵੀ ਪਹੁੰਚ ਗਈਆਂ। ਦੂਸਰੇ ਪਾਸੇ ਇਕੱਲੇ ਕਾਰੇ ਪੁੱਤਰ ਨੂੰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਲਾਡ ਪਿਆਰ ਅਤੇ ਸੁੱਖ ਸੁਵਿਧਾਵਾਂ ਵੀ ਸਾਰੀਆਂ ਹੀ ਮਿਲੀਆਂ। ਲਾਡਾਂ ਦੇ ਵਿੱਚ ਪੁੱਤਰ ਪੜ੍ਹਾਈ ਵਿੱਚ ਵੀ ਬਹੁਤਾ ਹੁਸ਼ਿਆਰ ਨਾ ਹੋ ਰਿਹਾ। ਮਾੜੀ ਦੋਸਤੀ ਵਿੱਚ ਪੈ ਗਿਆ ਅਤੇ ਫਿਰ ਹੌਲੀ-ਹੌਲੀ ਨਸ਼ੇ ਦੀ ਦਲਦਲ ਵਿੱਚ ਫਸਦਾ ਫਸ ਗਿਆ। ਜਦੋਂ ਤੱਕ ਘਰਦਿਆਂ ਨੇ ਇਸ ਗੱਲ ਵੱਲ ਧਿਆਨ ਦਿੱਤਾ ਅਤੇ ਸੰਭਲਣ ਦੀ ਕੋਸ਼ਿਸ਼ ਕੀਤੀ ਉਦੋਂ ਤੱਕ ਵਕਤ ਬਹੁਤ ਬੀਤ ਚੁੱਕਾ ਸੀ ਅਤੇ ਪੁੱਤਰ ਨੂੰ ਨਸ਼ੇ ਦੀ ਲੱਤ ਪੂਰੀ ਤਰ੍ਹਾਂ ਲੱਗ ਚੁੱਕੀ ਸੀ।
ਅੱਜ ਗੁਰਦਰਸ਼ਨ ਸਿਵਿਆਂ ਵਿੱਚ ਧਾਹਾਂ ਮਾਰ ਮਾਰ ਕੇ ਰੋ ਰਿਹਾ ਸੀ ਕਿ ਇਸ ਪੁੱਤ ਬਦਲੇ ਮੈਂ ਪੰਜ ਧੀਆਂ ਜੰਮੀਆਂ। ਪਰ ਪੁੱਤ ਫਿਰ ਵੀ ਕੋਲ ਨਾ ਰਿਹਾ ਬੁਢਾਪੇ ਦੀ ਡੰਗੋਰੀ ਨਾ ਬਣ ਸਕਿਆ। ਧੀਆਂ ਵਾਰੀ ਵਾਰੀ ਬਾਪ ਨੂੰ ਧਰਵਾਸ ਦੇ ਰਹੀਆਂ ਸਨ। ਪਰ ਗੁਰਦਰਸ਼ਨ ਸਿੰਘ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਬੇਸ਼ਕ ਉਸਦੀਆਂ ਧੀਆਂ ਕਾਬਲ ਸਨ, ਪਰ ਪੁੱਤ ਦੇ ਜਾਣ ਦੀ ਪੀੜਾ ਉਸ ਲਈ ਅਸਹਿ ਸੀ। ਉਹੀ ਗੁਰਦਰਸ਼ਨ ਜਿਸ ਨੇ ਦੁਆਵਾਂ ਕਰ ਕਰ ਕੇ ਪੁੱਤ ਨੂੰ ਮੰਗਿਆ ਸੀ। ਅੱਜ ਉਹੀ ਗੁਰਦਰਸ਼ਨ ਇਹ ਕਹਿ ਰਿਹਾ ਸੀ ਕਿ ਕਾਸ਼..! ਤੂੰ ਮੇਰੇ ਘਰ ਪੈਂਦਾ ਹੀ ਨਾ ਹੁੰਦਾ ਅਤੇ ਮੈਂਨੂੰ ਇਹ ਦੁੱਖ ਸਹਿਣ ਨਾ ਕਰਨਾ ਪੈਦਾ। ਭੈੜੀ ਨਸ਼ੇ ਦੀ ਲੱਤ ਨੇ ਘਰ ਦਾ ਚਿਰਾਗ ਖੋਹ ਲਿਆ ਸੀ ਅਤੇ ਅੱਜ ਘਰ ਵਿੱਚ ਵੀਰਾਨੀ ਛਾਈ ਹੋਈ ਸੀ।
ਉਹੀ ਬਾਪ ਜੋ ਧੀਆਂ ਨੂੰ ਚੰਗਾ ਨਹੀਂ ਸੀ ਸਮਝਦਾ ਅੱਜ ਧੀਆਂ ਉਸੇ ਬਾਪ ਦੀ ਡੰਗੋਰੀ ਬਣੀਆਂ ਹੋਈਆਂ ਸਨ। ਗੁਰਦਰਸ਼ਨ ਅੱਜ ਬੇਬੱਸ ਧੀਆਂ ਦੇ ਗਲੇ ਲੱਗ-ਲੱਗ ਕੇ ਰੋ ਰਿਹਾ ਸੀ ਅਤੇ ਆਪਣੇ ਆਪ ਨੂੰ ਕੋਸ ਰਿਹਾ ਸੀ ਕਿ ਕਾਸ਼..! ਉਸਨੇ ਸਮੇਂ ਸਿਰ ਆਪਣੇ ਪੁੱਤਰ ਵੱਲ ਧਿਆਨ ਦਿੱਤਾ ਹੁੰਦਾ ਤਾਂ ਉਹ ਨਸ਼ੇ ਦੀ ਦਲਦਲ ਵਿੱਚੋਂ ਬਚ ਸਕਦਾ ਸੀ।

ਪਰਵੀਨ ਕੌਰ ਸਿੱਧੂ
ਮੇਰੀ ਲਿਖਤ ਨੂੰ ਜਗਾਂ ਦੇਣ ਲਈ ਬਹੁਤ ਸ਼ੁਕਰੀਆ ਅਤੇ ਸਤਿਕਾਰ ਜੀਉ।