ਨੀਲਮ ਪਾਰੀਕ ਆਪਣੇ ਪਹਿਲੇ ਕਾਵਿ-ਸੰਗ੍ਰਹਿ ‘ਕਹਾਂ ਹੈ ਮੇਰਾ ਆਕਾਸ਼’ ਰਾਹੀਂ ਹਿੰਦੀ ਕਾਵਿ-ਜਗਤ ਵਿੱਚ ਪਹਿਲਾਂ ਹੀ ਖ਼ੂਬ ਚਰਚਿਤ ਹੋ ਚੁੱਕੀ ਹੈ। ਸਿਰਸਾ (ਹਰਿਆਣਾ) ਵਿੱਚ ਜਨਮੀ ਨੀਲਮ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਪੀਜੀ ਕਰਨ ਪਿੱਛੋਂ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ ਤੋਂ ਬੀਐੱਡ, ਰਾਜਸਥਾਨੀ ਸਾਹਿਤ ਵਿੱਚ ਪੀਜੀ ਅਤੇ ਪੱਤਰਕਾਰੀ ਵਿੱਚ ਯੂਜੀ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਮੌਜੂਦਾ ਸਮੇਂ ਕੇਸਰਦੇਸਰ ਜਾਟਾਨ, ਬੀਕਾਨੇਰ ਵਿੱਚ ਅੰਗਰੇਜ਼ੀ ਅਧਿਆਪਕਾ ਵਜੋਂ ਕਾਰਜਸ਼ੀਲ ਹੈ। ਹਿੰਦੀ ਅਤੇ ਰਾਜਸਥਾਨੀ ਭਾਸ਼ਾ ਵਿੱਚ ਕਵਿਤਾਵਾਂ ਅਤੇ ਕਹਾਣੀਆਂ ਲਿਖਣ ਦੇ ਨਾਲ-ਨਾਲ ਉਹਨੇ ਕੁਝ ਹਿੰਦੀ ਮਿੰਨੀ ਕਹਾਣੀਆਂ ਅਤੇ ਬਾਲ-ਸਾਹਿਤ ਤੇ ਵੀ ਕੰਮ ਕੀਤਾ ਹੈ।
ਰੀਵਿਊ ਅਧੀਨ ਹਿੰਦੀ ਕਾਵਿ-ਕਿਤਾਬ (ਮਨਚਰਖੇਪਰ ;ਪੁਸਤਕਮੰਦਰ, ਰਾਜੀਵਗਾਂਧੀਮਾਰਗ, ਸਟੇਸ਼ਨਰੋਡ, ਬੀਕਾਨੇਰ, ਰਾਜਸਥਾਨ ;ਪੰਨੇ96 ;ਮੁੱਲ250/-) ਨੂੰ ਕਵਿੱਤਰੀ ਨੇ ਤਿੰਨ ਭਾਗਾਂ ਵਿੱਚ ਵੰਡਿਆ ਹੈ- ਵਸੰਤ, ਹੇਮੰਤ ਅਤੇ ਗ੍ਰੀਸ਼ਮ (ਯਾਨੀ ਬਸੰਤ, ਸਰਦੀ ਅਤੇ ਗਰਮੀ)। ਇਸ ਵਿੱਚ ਕੁੱਲ 58 ਕਵਿਤਾਵਾਂ ਹਨ। ਸਭ ਤੋਂ ਜ਼ਿਆਦਾ ਕਵਿਤਾਵਾਂ ਬਸੰਤ ਭਾਗ ਦੀਆਂ ਹਨ (31), ਫਿਰ ਗਰਮੀ ਭਾਗ (14) ਅਤੇ ਸਭ ਤੋਂ ਘੱਟ ਸਰਦੀ ਭਾਗ (13)। ਬਸੰਤ ਭਾਗ ਵਿੱਚ ਪ੍ਰੇਮ-ਕਵਿਤਾਵਾਂ ਹਨ, ਸਰਦੀ ਭਾਗ ਵਿੱਚ ਜੀਵਨ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਅਤੇ ਗਰਮੀ ਭਾਗ ਵਿੱਚ ਨਾਰੀ-ਮਨ ਨੂੰ ਕਲਮਬੱਧ ਕੀਤਾ ਗਿਆ ਹੈ।
ਭਾਵਾਂ/ਭਾਵਨਾਵਾਂ ਦੀ ਅਭਿਵਿਅਕਤੀ ਦਾ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਕਵਿਤਾ ਹੈ। ਕੋਮਲ ਅਹਿਸਾਸਾਂ ਨੂੰ ਚੰਗੀ ਤਰ੍ਹਾਂ ਕਵਿਤਾ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ। ਜਦੋਂ ਜਦੋਂ ਵੀ ਵਿਅਕਤੀ ਵਿਸ਼ੇਸ਼ ਦੇ ਮਨ ਵਿੱਚ ਜਜ਼ਬਿਆਂ, ਵਲਵਲਿਆਂ ਦੇ ਬੱਦਲ ਉਮਡਦੇ ਹਨ, ਤਾਂ ਉਹ ਕਾਵਿ ਉਡਾਰੀਆਂ ਰਾਹੀਂ ਇਨ੍ਹਾਂ ਨੂੰ ਸਾਂਭ ਲੈਂਦਾ ਹੈ। ਮਰਦ ਅਤੇ ਔਰਤ ਵੱਖੋ-ਵੱਖਰੇ ਭਾਵ-ਜਗਤ ਨਾਲ ਸੰਬੰਧਿਤ ਹਨ। ਜਿੱਥੇ ਮਰਦ ਨੂੰ ਭਾਰੀ-ਭਰਕਮ ਕੰਮਾਂ ਲਈ ਜਾਣਿਆ ਜਾਂਦਾ ਹੈ, ਉੱਥੇ ਔਰਤ ਹਮਦਰਦੀ, ਸਹਿਨਸ਼ੀਲਤਾ ਦਾ ਦੂਜਾ ਨਾਂ ਹੈ।
ਨੀਲਮ ਦੀ ਇਸ ਕਿਤਾਬ ਦੇ ਨਾਂ ਮੁਤਾਬਕ ਇਸ ਵਿੱਚ ਮਨ ਨਾਲ ਸੰਬੰਧਿਤ ਚਾਰ ਕਵਿਤਾਵਾਂ ਹਨ- ਮਨ ਚਰਖ਼ੇ ਪਰ, ਮਨ ਮਲੰਗ, ਮਨ ਹਿਰਣ (ਵਸੰਤ ਭਾਗ) ਅਤੇ ਔਰਤ ਦਾ ਮਨ (ਗ੍ਰੀਸ਼ਮ ਭਾਗ)। ਪਹਿਲਾ ਭਾਗ ਕਿਉਂਕਿ ਪ੍ਰੇਮ-ਕਵਿਤਾਵਾਂ ਵਾਲਾ ਹੈ, ਇਸ ਕਰਕੇ ਇਸ ਵਿੱਚ ਚਾਰ ਕਵਿਤਾਵਾਂ ਪ੍ਰੇਮ ਦੇ ਰੰਗ ਵਾਲੀਆਂ ਵੀ ਹਨ- ਪਾਤੀ ਪ੍ਰੇਮ ਭਰੀ, ਪ੍ਰੇਮ, ਪ੍ਰੇਮ, ਪ੍ਰੇਮ-ਰੰਗ। ਮਾਂ/ ਔਰਤ ਬਾਰੇ ਵੀ 6 ਕਵਿਤਾਵਾਂ ਇਸ ਸੰਗ੍ਰਹਿ ਵਿੱਚ ਸ਼ਾਮਲ ਹਨ- ਮਾਂ, ਮਾਂ -2, ਸਤ੍ਰੀ, ਪਚਾਸ ਸਾਲ ਕੀ ਔਰਤੇਂ, ਔਰਤ ਕਾ ਮਨ, ਹੇ ਸਤ੍ਰੀ।
ਨੀਲਮ ਖ਼ੁਦ ਇੱਕ ਨਾਰੀ ਹੈ ਤੇ ਨਾਰੀ-ਮਨ ਦੀਆਂ ਬਹੁਪਰਤੀ ਤੰਦਾਂ ਨੂੰ ਜਾਣਦੀ ਹੈ। ਉਹਨੇ ਨਾਰੀ ਦੀਆਂ ਬਹੁਤ ਸਾਰੀਆਂ ਤਹਿਆਂ ਨੂੰ ਫਰੋਲਿਆ ਹੈ- ਦੁਖ, ਸੁਖ, ਪੀੜ, ਅਕਾਂਖਿਆ, ਬਿਪਤਾ ਆਦਿ। ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢਾਪੇ ਤੱਕ ਬਹੁਤ ਸਾਰੇ ਮਰਹਲੇ ਆਉਂਦੇ ਹਨ ਅਤੇ ਔਰਤ ਇਨ੍ਹਾਂ ਸਾਰੇ ਮਰਹਲਿਆਂ ਨੂੰ ਬਿਨਾਂ ਕਿੰਤੂ, ਪਰੰਤੂ ਕੀਤਿਆਂ ਸਹਿਜਤਾ ਨਾਲ ਪਾਰ ਕਰ ਲੈਂਦੀ ਹੈ। ਧੀ ਦੇ ਵਿਆਹ ਦੀ ਚਿੰਤਾ, ਦਾਜ-ਦਹੇਜ ਦਾ ਫਿਕਰ, ਪੋਤੇ-ਪੋਤੀਆਂ/ਦੋਹਤੇ-ਦੋਹਤੀਆਂ ਨੂੰ ਲਾਡ ਲਡਾਉਂਦੀਆਂ, ਵਰਤਾਂ-ਫਾਕਿਆਂ ਵਿੱਚ ਜਿਉਂਦੀਆਂ ਔਰਤਾਂ ਆਪਣੀ ਪੀੜ ਨੂੰ ਕਿਵੇਂ ਜਰਦੀਆਂ ਹਨ, ਆਪਣੀ ਬੀਮਾਰੀ ਦਾ ਫਿਕਰ ਛੱਡ ਕੇ ਦੂਜਿਆਂ ਲਈ ਕਿਵੇਂ ਹੱਸਦੀਆਂ ਹਨ- ਇਸ ਸਭ ਕਾਸੇ ਦਾ ਵਰਣਨ ‘ਪਚਾਸ ਸਾਲ ਕੀ ਔਰਤੇਂ’ (79-80) ਕਵਿਤਾ ਵਿੱਚ ਬਾਖੂਬੀ ਕੀਤਾ ਗਿਆ ਹੈ।
ਸੰਗ੍ਰਹਿ ਦੇ ਆਖਰੀ ਭਾਗ ਦੀਆਂ ਕੁਝ ਕਵਿਤਾਵਾਂ ਚੁਣੌਤੀ ਪੂਰਨ/ਵੰਗਾਰ ਭਰੀਆਂ ਹਨ। ਮਨੁੱਖ ਨੂੰ ਇਨਸਾਨ ਬਣਨ ਦੀ ਜਾਚ ਸਿਖਾਉਂਦੀ ਕਵਿਤਾ ‘ਹੇ ਮਾਨਵ’ (87-88) ਵਿੱਚ ਕਵਿੱਤਰੀ ਨੇ ਆਦਮੀ ਨੂੰ ਹੰਕਾਰ ਛੱਡਣ ਦੀ ਨਸੀਹਤ ਦਿੰਦਿਆਂ ਕਿਹਾ ਹੈ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਤਾਂ ਸੋਚੇ! ਆਪਣੇ ਅਹੰ ਵਿੱਚ ਡੁੱਬ ਕੇ ਮਨੁੱਖ ਨੂੰ ਵਾਤਾਵਰਣਿਕ ਵਿਗਾੜ, ਪ੍ਰਦੂਸ਼ਣ ਨੂੰ ਹੋਰ ਵਧਾਉਣਾ ਸ਼ੋਭਾ ਨਹੀਂ ਦਿੰਦਾ। ਅਖ਼ਬਾਰਾਂ ਵਿੱਚ ਛਪਦੀਆਂ ਭਰੂਣ ਹੱਤਿਆ, ਬਲਾਤਕਾਰ, ਆਤੰਕਵਾਦ ਆਦਿ ਖ਼ਬਰਾਂ ਨੂੰ ਪੜ੍ਹ ਕੇ ਔਰਤ ਦਾ ਕੋਮਲ ਹਿਰਦਾ ਵਿਚਲਿਤ ਹੋ ਉਠਦਾ ਹੈ ਤੇ ਸੁਪਨੇ ਵਿੱਚ ਵੀ ਉਹ ਇਸ ਖ਼ੌਫ਼ਨਾਕ ਮੰਜ਼ਿਰ ਨੂੰ ਯਾਦ ਕਰਕੇ ਤ੍ਰਾਹ-ਤ੍ਰਾਹ ਕਰ ਉਠਦੀ ਹੈ। ਕਵਿੱਤਰੀ ਨੇ ਔਰਤ ਦੀ ਸਹਿਨਸ਼ੀਲਤਾ ਦਾ ਬਿਰਤਾਂਤ ਸਿਰਜਦਿਆਂ ਕਿੰਨਾ ਸੱਚ ਕਿਹਾ ਹੇੈ ਕਿ ਉਹ ਰੋਟੀ ਪਕਾਉਂਦਿਆਂ ਵਾਸ਼ਿੰਗ ਮਸ਼ੀਨ ‘ਚ ਕੱਪੜੇ ਵੀ ਧੋਂਦੀ ਹੈ; ਰੋਟੀ ਖਾਂਦਿਆਂ ਸੱਸ-ਸਹੁਰੇ ਦੀ ਦਵਾਈ ਤੇ ਦੁੱਧ ਜੂਸ ਨੂੰ ਵੀ ਯਾਦ ਰੱਖਦੀ ਹੈ; ਬੱਚਿਆਂ ਨੂੰ ਹੋਮ-ਵਰਕ ਕਰਾਉਂਦਿਆਂ ਧੋਤੇ ਹੋਏ ਸੁੱਕੇ ਕੱਪੜੇ ਵੀ ਲਾਹ ਲੈਂਦੀ ਹੈ; ਭਾਂਡੇ ਮਾਂਜਦਿਆਂ/ਸੌਣ ਤੋਂ ਪਹਿਲਾਂ ਅਗਲੇ ਦਿਨ ਬਣਾਉਣ ਵਾਲੀ ਸਬਜ਼ੀ ਦਾ ਪ੍ਰਬੰਧ ਵੀ ਕਰਦੀ ਹੈ,ਦਫ਼ਤਰ ਵਿੱਚ ਡਿਉਟੀ ਨਿਭਾਉਂਦਿਆਂ ਬਿਜਲੀ-ਪਾਣਿ-ਮੋਬਾਈਲ ਦੇ ਬਿਲ ਭਰਨੇ ਯਾਦ ਰੱਖਦੀ ਹੈ ਤੇ ਸਭ ਤੋਂ ਵੱਧ ਸਹੁਰੇ-ਪਰਿਵਾਰ ਵੱਲੋਂ ਪੇਕਿਆਂ ਨੂੰ ਦਿੱਤੇ ਤਾਅਨੇ-ਮਿਹਣੇ ਸਹਾਰਦੀ ਹੈ। ਇਹ ਔਰਤ ਹੀ ਹੁੰਦੀ ਹੈ ਜੀਹਦੇ ਕਰਕੇ ਸਾਰੇ ਰਿਸ਼ਤੇ ਇੱਕ ਧਾਗੇ ਵਿੱਚ ਬੱਝੇ ਰਹਿੰਦੇ ਹਨ, ਘਰ ਜੁੜਿਆ ਰਹਿੰਦਾ ਹੈ :
ਕਿਉਂਕਿ ਜਾਨਤੀ ਹੈ ਵੋ
ਕਯਾ ਯਾਦ ਰਖਨਾ ਹੈ ਯਾਦ ਰਖਕਰ
ਔਰ ਕਯਾ ਭੂਲ ਜਾਨਾ ਹੈ
ਯਾਦ ਰਖਕਰ ਭੀ
ਜਬਕਿ ਸਚ ਤੋ ਯੇ ਹੈ ਕਿ
ਸਤ੍ਰੀ ਕੁਛ ਨਹੀਂ ਭੂਲਤੀ
ਕੁਛ ਭੀ ਨਹੀਂ… (76)
ਮਾਂ ਕੇ ਪਾਸ ਕਹਾਂ ਥਾ ਵਕਤ
ਸਿਖਾਨੇ ਕਾ, ਸਮਝਾਨੇ ਕਾ
ਬੈਠਾਕਰ ਗੋਦ ਮੇਂ ਅਪਨੀ,
ਫਿਰ ਭੀ ਸਿਖਾ ਦਿਆ,
ਹਰ ਹਾਲ ਮੇਂ ਜੀਨਾ,
ਹਰ ਪਲ ਕੋ ਜੀਨਾ,
ਅਪਨੇ ਲਿਏ,
ਅਪਨੋਂ ਕੇ ਲਿਏ। (59)
ਸੰਗ੍ਰਹਿ ਵਿੱਚ ਬਾਲਪਨ ਦੀਆਂ ਪਿਆਰੀਆਂ-ਮਿੱਠੀਆਂ ਯਾਦਾਂ (ਆ ਲੌਟ ਚਲੇਂ), ਮਾਂ ਦੇ ਆਂਚਲ ਦਾ ਵਰਣਨ (ਜਾਦੂ), ਪਿਤਾ ਤੋਂ ਦੂਰ ਹੋਣ ਦਾ ਅਹਿਸਾਸ (ਸ਼ਤਰੰਜ) ਆਦਿ ਨੂੰ ਵਿਸ਼ੇਸ਼ ਤੌਰ ਤੇ ਰੇਖਾਂਕਿਤ ਕੀਤਾ ਗਿਆ ਹੈ।
ਅਸਲ ਵਿੱਚ ਸੰਗ੍ਰਹਿ ਦੀਆਂ ਸਾਰੀਆਂ ਹੀ ਕਵਿਤਾਵਾਂ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਸੰਜੋਈ ਬੈਠੀਆਂ ਹਨ। ਰਿਸ਼ਤਿਆਂ ਦੇ ਇੰਦਰ-ਧਨੁਸ਼ੀ ਰੰਗਾਂ ਨਾਲ ਲਬਰੇਜ਼ ਇਹ ਕਵਿਤਾਵਾਂ ਨਾਰੀ-ਮਨ ਵਿੱਚ ਕਿਤੇ ਧੁੰਦਲੇ ਜਿਹੇ ਆਕਾਰ ਤੋਂ ਸਾਕਾਰ ਹੁੰਦੀਆਂ ਹਨ ਤੇ ਫਿਰ ਬਣਦੀ ਹੈ ਨਿਰਮਲ ਤੇ ਨਿਰਛਲ ਕਵਿਤਾ- ਬਿਨਾਂ ਕਿਸੇ ਉਚੇਚ ਤੋਂ, ਬਿਨਾਂ ਮਸਨੂਈ ਆਭਾ ਤੋਂ। ਰਾਜਸਥਾਨੀ ਸਾਹਿਤ ਅਕਾਦਮੀ, ਉਦੈਪੁਰ ਦੇ ਆਰਥਕ ਸਹਿਯੋਗ ਨਾਲ ਪ੍ਰਕਾਸ਼ਿਤ ਹੋਈ ਇਹ ਕਾਵਿ-ਕਿਤਾਬ ਨਾਰੀ-ਮਨ ਦੇ ਅਣਦਿੱਸਦੇ/ਅਣਜਾਣੇ ਰਾਹਾਂ ਦੀ ਥਾਹ ਪਾਉਂਦੀ ਹੈ। ਜੀਵਨ ਦੀ ਭੱਜ-ਦੌੜ, ਮਹਾਂਨਗਰੀ ਸੰਸਕ੍ਰਿਤੀ, ਜ਼ਿੰਦਗੀ ਦੇ ਵਿਵਿਧਮੁਖੀ ਰੰਗਾਂ ਨੂੰ ਚਿਤਰਦੀ ਨੀਲਮ ਦੀ ਇਸ ਪੁਸਤਕ ਨੂੰ ਸਰਲ, ਸੌਖੇ ਸ਼ਬਦਾਂ ਵਿੱਚ ਅਹਿਸਾਸਾਂ ਦੀ ਕੋਮਲਤਾ ਨਾਲ ਪ੍ਰਸਤੁਤ ਕੀਤਾ ਗਿਆ ਹੈ।

~ਪ੍ਰੋ.ਨਵਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.