ਮੋਹਾਲੀ 14 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਵਾਰਤਕ ਕਿਤਾਬ “ਰਤੇ ਇਸਕ ਖੁਦਾਇ” ਅੱਜ ਮੋਹਾਲੀ ਵਿਖੇ ਇਕ ਸਾਦੇ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਇਸ ਮੌਕੇ ਪ੍ਰਸਿੱਧ ਸਾਹਿਤਕਾਰ, ਆਲੋਚਕ ਅਤੇ ਕਹਾਣੀਕਾਰ ਡਾ. ਰਵਿੰਦਰ ਸਿੰਘ, ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ ਦੇ ਪ੍ਰਧਾਨ ਪ੍ਰੋਫੈਸਰ ਜਸਵੀਰ ਸਿੰਘ, ਪ੍ਰਸਿੱਧ ਆਰ.ਟੀ.ਆਈ. ਕਾਰਕੁਨ ਤੇ ਸਮਾਜ ਸੇਵੀ ਹਰਮਿੰਦਰ ਸਿੰਘ ਤੋਂ ਇਲਾਵਾ ਨਿਊਜ਼ੀਲੈਂਡ ਤੋਂ ਨੌਜਵਾਨ ਕਵੀ ਗੁਰਕਰਨ ਸਿੰਘ ਬਰਾੜ ਉਚੇਚੇ ਤੌਰ ਤੇ ਹਾਜ਼ਰ ਸਨ। ਡਾ. ਰਵਿੰਦਰ ਸਿੰਘ ਨੇ ਸਵੈਚ ਨੂੰ “ਰਤੇ ਇਸਕ ਖੁਦਾਇ” ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨੌਜੁਆਨ ਪੀੜੀ ਨੂੰ ਸ਼ਬਦ ਸੱਭਿਆਚਾਰ ਰਾਹੀਂ ਆਪਣੇ ਵਿਰਸੇ ਨਾਲ ਜੋੜਨਾ ਸਮੇਂ ਦੀ ਲੋੜ ਹੈ ਅਤੇ ਸਾਨੂੰ ਇਸ ਕਾਰਜ ਲਈ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰਨ ਦੀ ਜ਼ਰੂਰਤ ਹੈ।
ਇਸ ਮੌਕੇ ਆਪਣੀ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਸਵੈਚ ਨੇ ਦੱਸਿਆ ਕਿ ਸਹਿਜ ਪ੍ਰਕਾਸ਼ਨ ਅਦਾਰੇ ਵੱਲੋਂ ਛਾਪੀ ਗਈ ਇਸ ਪੁਸਤਕ ਵਿੱਚ ਮਹਾਨ ਸਿੱਖ ਜਰਨੈਲਾਂ, ਅਜ਼ਾਦੀ ਸੰਗਰਾਮੀਏ, ਪੰਜਾਬੀ ਸਾਹਿਤ ਜਗਤ ਦੇ ਨਾਮਚੀਨ ਸੁਖਨਵਰਾਂ, ਹਨੇਰਿਆਂ ਨੂੰ ਰੁਸ਼ਨਾਉਂਦੇ ਦੀਵਿਆਂ ਵਰਗੇ ਅਧਿਆਪਕਾਂ ਤੋਂ ਇਲਾਵਾ ਜ਼ਿੰਦਗੀ ਨੂੰ ਆਪਣੇ ਅਸੂਲਾਂ ਤੇ ਜਿਉਣ ਵਾਲੇ ਪਰਵਾਨਿਆਂ ਦੇ ਕੁੱਲ 24 ਸ਼ਬਦ ਚਿੱਤਰ ਸ਼ਾਮਲ ਕੀਤੇ ਗਏ ਹਨ।
ਇਸ ਮੌਕੇ ਪ੍ਰੋਫੈਸਰ ਜਸਵੀਰ ਸਿੰਘ ਨੇ ਆਖਿਆ ਕਿ ਇਸ ਪੁਸਤਕ ਦੇ ਲੇਖਕ ਨੇ ਆਪਣੀ ਪਕੜ ਦੀ ਵਿਧਾ ਨੂੰ ਉਸਾਰਨ ਵੱਲ ਬੜੀ ਸ਼ਿੱਦਤ ਨਾਲ ਕਦਮ ਵਧਾਉਂਦਿਆ ਵਿਸ਼ੇ ਦੀ ਰੌਚਕਤਾ, ਸੰਜੀਦਗੀ ਤੇ ਸਹਿਜਤਾ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਆਖਿਆ ਕਿ ਸਵੈਚ ਨੇ ਵੱਖ-ਵੱਖ ਸ਼ਖਸੀਅਤਾਂ ਬਾਬਤ ਜੋ ਵਿਚਾਰਾਂ ਦੀ ਝੜੀ ਲਾਈ ਹੈ, ਉਹ ਪੜ੍ਹਨ ਤੇ ਵਿਚਾਰਨ ਯੋਗ ਹੈ।ਹਰਮਿੰਦਰ ਸਿੰਘ ਅਤੇ ਗੁਰਕਰਨ ਸਿੰਘ ਬਰਾੜ ਵੱਲੋਂ ਵੀ ਸਵੈਚ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਸਵੈਚ ਇਸ ਤੋਂ ਪਹਿਲਾਂ ਆਪਣਾ ਕਾਵਿ ਸੰਗ੍ਰਹਿ “ਇਬਾਦਤਗਾਹ” ਵੀ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾ ਚੁੱਕਿਆ ਹੈ।
Leave a Comment
Your email address will not be published. Required fields are marked with *