*ਤੀਜੇ ਸਲਾਨਾ ਸਮਾਗਮ ਮੌਕੇ ਪੰਜਾਬ ਭਰ ਤੋਂ ਚੋਣਵੇਂ ਅਧਿਆਪਕਾਂ ਦਾ ਕੀਤਾ ਗਿਆ ਸਨਮਾਨ
*ਦੋ ਕਿਤਾਬਾਂ ‘ਕ਼ੰਦੀਲ’ ਵਿਚਾਰ ਅਤੇ ਲੇਖ ਸੰਗ੍ਰਹਿ, ‘ਪਹਿਚਾਣ’ ਕਾਵਿ ਸੰਗ੍ਰਹਿ ਲੋਕ ਅਰਪਣ
ਕਵੀ ਦਰਬਾਰ ਵਿੱਚ ਪੰਜਾਬ ਭਰ ਤੋਂ ਪੁੱਜੇ ਕਵੀ, ਕਵਿੱਤਰੀਆਂ ਨੇ ਸਮਾਜ ਨੂੰ ਸੇਧ ਦਿੰਦੀਆਂ ਰਚਨਾਵਾਂ ਨਾਲ ਬੰਨ੍ਹਿਆ ਚੋਖਾ ਰੰਗ

ਤਲਵੰਡੀ ਸਾਬੋ, 29 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
‘ਪੰਜਾਬੀ ਅਦਬ ਕਲਾ ਕੇਂਦਰ’ ਮਾਲੇਰਕੋਟਲਾ ਅਤੇ ‘ੳਅੲ ਅਦਬੀ ਕਿਰਨਾਂ ਸਾਹਿਤਕ ਮੰਚ’ ਬਠਿੰਡਾ ਵੱਲੋਂ ਸਾਲਾਨਾ ਸਾਹਿਤਕ ਸਮਾਗਮ ਮਾਤਾ ਸਾਹਿਬ ਕੌਰ ਗ਼ਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਭਰ ਤੋਂ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਪੰਜਾਬੀ ਅਦਬ ਦੀ ਫ਼ਲਾਹ-ਓ-ਬਹਿਬੂਦਗੀ ਦੇ ਮੁੱਖ ਮਕ਼ਸਦ ਵਾਲੇ ਇਸ ਸਮਾਗ਼ਮ ਦਾ ਆਗਾਜ਼ ਜਸ਼ਨਦੀਪ ਕੌਰ ਅਤੇ ਕਾਜਲਪ੍ਰੀਤ ਕੌਰ ਦੇ ਕਲਾਮ ਨਾਲ ਹੋਇਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋ. ਬਲਜਿੰਦਰ ਕੌਰ ਸਥਾਨਿਕ ਐਮ. ਐਲ. ਏ. ਪਹੁੰਚੇ ਜਿੰਨਾਂ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਉਪਰੋਕਤ ਦੋਵੇਂ ਅਦਬੀ ਤਨਜ਼ੀਮਾਂ ਦੇ ਸਰਬਰਾਹ ਜਨਾਬ ਜਮੀਲ ਅਬਦਾਲੀ ਅਤੇ ਪਰਮ ‘ਪ੍ਰੀਤ’ ਬਠਿੰਡਾ ਦੀਆਂ ਮਿਹਨਤਾਂ ਅਤੇ ਕੋਸ਼ਿਸ਼ਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਸਮਾਜ ਨੂੰ ਵਧੀਆ ਸੁਨੇਹਾ ਦਿੰਦੇ ਹਨ। ਉਹਨਾਂ ਕਿਹਾ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਮੋੜਨ ਲਈ ਸਾਹਿਤਿਕ ਸਮਾਗਮ ਬਹੁਤ ਵੱਡਾ ਰੋਲ ਅਦਾ ਕਰਦੇ ਹਨ। ਉਹਨਾਂ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਾਂ ਬੋਲੀ ਪੰਜਾਬੀ ਲਈ ਪੰਜਾਬ ਸਰਕਾਰ ਭਾਸ਼ਾ ਵਿਭਾਗ ਜ਼ਰੀਏ ਅਜਿਹੀਆਂ ਸੰਸਥਾਵਾਂ ਦਾ ਦਿਲ ਖੋਲ੍ਹ ਕੇ ਸਨਮਾਨ ਕਰਦੀ ਹੈ ਜੋ ਇਮਾਨਦਾਰੀ ਅਤੇ ਦਿਆਨਤਦਾਰੀ ਦੇ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਤਤਪਰ ਹਨ। ਇਸ ਮੌਕੇ ਐਮ ਐਲ ਏ ਪ੍ਰੋਫੈਸਰ ਬਲਜਿੰਦਰ ਕੌਰ ਸਾਹਿਬਾ ਨੇ ਉਚੇਚੇ ਤੌਰ ‘ਤੇ ਪਰਮ ‘ਪ੍ਰੀਤ’ ਬਠਿੰਡਾ ਦੀ ਸ਼ਲਾਘਾ ਕਰਦੇ ਕਿਹਾ ਕਿ ਤੁਸੀਂ ਥੋੜ੍ਹੇ ਸਮੇਂ ਵਿੱਚ ਜੋ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਉਸ ਲਈ ਤੁਸੀਂ ਮੁਬਾਰਕਬਾਦ ਦੇ ਹੱਕਦਾਰ ਹੋ।
ਇਸ ਸਮਾਗਮ ਵਿੱਚ ਮਹਿਮਾਨ-ਏ-ਖ਼ਸੂਸੀ ਵਜੋਂ ਪਹੁੰਚੇ ਮਸ਼ਹੂਰ-ਓ-ਮਾਅਰੂਫ਼ ਗ਼ਜ਼ਲਗੋ ਅਵਾਮੀ ਸ਼ਾਇਰ ਜਨਾਬ ਜਮੀਲ ‘ਅਬਦਾਲੀ’ ਮੁੱਖ ਪ੍ਰਬੰਧਕ ‘ਪੰਜਾਬੀ ਅਦਬ ਕਲਾ ਕੇਂਦਰ’ ਮਾਲੇਰਕੋਟਲਾ ਨੇ ਅਪਣੇ ਖ਼ਿਆਲਾਤ ਦਾ ਇਜ਼ਹਾਰ ਕਰਦਿਆਂ ਕਿਹਾ ਕਿ ‘ਪੰਜਾਬੀ ਅਦਬ ਕਲਾ ਕੇਂਦਰ’ ਮਾਲੇਰਕੋਟਲਾ ਪੰਜਾਬੀ ਅਦਬ ਦੀਆਂ ਕਾਵਿਕ ਸਿਨਫ਼ਾਂ ਦੇ ਤਕਨੀਕੀ ਪੱਖ ਦੀ ਮਜ਼ਬੂਤੀ ਲਈ ਮਿਸ਼ਨਰੀ ਰੂਪ ‘ਚ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਰਚਾਉਣਾ ਸਾਡੀ ਖੁਸ਼-ਕਿਸਮਤੀ ਹੈ ਕਿਉਂਕਿ ਇਹ ਉਹ ਮੰਚ ਹਨ ਜਿੱਥੋਂ ਸੁਹਿਰਦ ਤੇ ਸੰਜੀਦਾ ਕਲਮਾਂ ਨੂੰ ਜਾਗ ਲੱਗਦਾ ਹੈ। ਉਹਨਾਂ ਅੱਗੇ ਕਿਹਾ ਕਿ ਇਹ ਉਹ ਮੰਚ ਹਨ ਜਿੱਥੋਂ ਇਨਕਲਾਬ ਉੱਗਦੇ ਹਨ, ਜਿੱਥੋਂ ਨਵੀਆਂ ਸੋਚਾਂ ਪੁੰਗਰਦੀਆਂ ਹਨ। ਇਹ ਉਹ ਮੰਚ ਹਨ ਜਿੱਥੋਂ ਸੁੱਤੀਆਂ ਜ਼ਮੀਰਾਂ ਨੂੰ ‘ਜਾਗ’ ਲੱਗਦੇ ਹਨ। ਉਹਨਾਂ ਅੱਗੇ ਕਿਹਾ ਕਿ ਪੰਜਾਬੀ ਸਾਹਿਤ ਨੂੰ ਰੂਹ ਤੋਂ ਪਿਆਰ ਕਰਨ ਵਾਲੇ ਪਾਠਕ ਵਰਗ ਵੱਲੋਂ ਮਿਲੀ ਅਦਬੀ ਮੁਹੱਬਤ ਸਾਡੀ ਤਾਕਤ ਤੇ ਹੌਸਲਾ ਹੈ। ਉਹਨਾਂ ਅੱਗੇ ਕਿਹਾ ਅਜਿਹੇ ਸਮਾਗਮ ਜਿੱਥੇ ਨਵੀਆਂ ਕਲਮਾਂ ਦਾ ਹੌਸਲਾ ਵਧਾਉਂਦੇ ਹਨ ਉੱਥੇ ਹੀ ਉਹਨਾਂ ਦਾ ਆਤਮ-ਵਿਸ਼ਵਾਸ ਵੀ ਮਜ਼ਬੂਤ ਕਰਦੇ ਹਨ। ਉਹਨਾਂ ਦੋਹਾਂ ਤਨਜ਼ੀਮਾਂ ਦੇ ਸਮੂਹ ਮੈਂਬਰਾਨ ਦਾ ਸ਼ੁਕਰੀਆ ਅਦਾ ਕਰਨ ਦੇ ਨਾਲ-ਨਾਲ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦਰਅਸਲ ਅਜਿਹੇ ਕਾਰਜ ਸਮੂਹਿਕ ਸਾਥੀਆਂ ਦੇ ਸਹਿਯੋਗ ਤੋਂ ਬਿਨਾਂ ਬਹੁਤ ਮੁਸ਼ਕਿਲ ਹੁੰਦੇ ਹਨ। ਅੰਤ ਉਹਨਾਂ ਅਪਣੀ ਇੱਕ ਗ਼ਜ਼ਲ ਅਤੇ ਪਰਵਾਸ ਦਾ ਦੁੱਖਾਂਤ ਬਿਆਨਦਾ ਗੀਤ ਪੇਸ਼ ਕੀਤਾ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋ ਪਹੁੰਚੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਜੀ ਨੇ ਜਿੱਥੇ ਅਪਣੇ ਬਹੁਮੁੱਲੀ ਕੀਮਤ ਵਿਚਾਰ ਰੱਖੇ ਓਥੇ ਹੀ ਉਹਨਾਂ ਨੇ ਇਸ ਸਮਾਗਮ ਦੀ ਸਰਾਹਨਾਂ ਕਰਦਿਆਂ ਦੋਹਾਂ ਤਨਜ਼ੀਮਾਂ ਦੀ ਇੰਤਜ਼ਾਮੀਆ ਨੂੰ ਮੁਬਾਰਕਬਾਦ ਵੀ ਦਿੱਤੀ। ਉਹਨਾਂ ਕਵੀਆਂ ਦੇ ਇਤਿਹਾਸਕ ਤੇ ਧਾਰਮਿਕ ਪੱਖ ਤੇ ਚਾਨਣਾ ਪਾਉਣ ਉਪਰੰਤ ਕਵੀ ਸਾਹਿਬਾਨ ਨੂੰ ਸਰੋਪੇ ਵੀ ਭੇਂਟ ਕੀਤੇ।
ਇਸ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਨੈਸ਼ਨਲ ਅਵਾਰਡੀ ਉੱਘੇ ਕਵਿਸ਼ਰ ਰੇਵਤੀ ਪ੍ਰਸਾਦ ਜੀ ਨੇ ਜਿੱਥੇ ਆਪਣੀਆਂ ਰਚਨਾਵਾਂ ਨਾਲ ਕਾਵਿਕ ਰੰਗ ਬੰਨ੍ਹਿਆ ਉੱਥੇ ਹੀ ਉਹਨਾਂ ‘ਪੰਜਾਬੀ ਅਦਬ ਕਲਾ ਕੇਂਦਰ’ ਮਾਲੇਰਕੋਟਲਾ ਅਤੇ ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ ਦੇ ਪ੍ਰਬੰਧਕਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਅਜਿਹੇ ਸਫ਼ਲ ਸਮਾਗਮ ਰਚਾਉਣਾ ਤੁਹਾਡੀ ਕਾਬਲਿਅਤ ਦੀ ਸਨਦ ਹਨ।
ਇਸ ਤੋਂ ਬਾਅਦ ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ ਦੇ ਮੁੱਖ ਪ੍ਰਬੰਧਕ ਪਰਮ ‘ਪ੍ਰੀਤ’ ਬਠਿੰਡਾ ਨੇ ਆਪਣੀ ਰਚਨਾ ਪੇਸ਼ ਕਰਨ ਦੇ ਨਾਲ-ਨਾਲ ਹਾਜ਼ਰੀਨ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਸਾਹਿਤਕ ਸਮਾਗਮ ਦੂਰ-ਅੰਦੇਸ਼ੀ ਨਾਲ ਹੋਣੇ ਚਾਹੀਦੇ ਹਨ। ਜ਼ਮੀਨੀ ਪੱਧਰ ‘ਤੇ, ਛੋਟਾ-ਵੱਡਾ, ਨਵਾਂ-ਪੁਰਾਣਾ, ਅਮੀਰ-ਗਰੀਬ ਵਰਗੇ ਪਾੜ ਪਾਉਣ ਵਾਲੇ ਕਾਰਨਾਂ ਨੂੰ ਪਿੱਛੇ ਸੁੱਟ ਕੇ ਨਿਮਰਤਾ, ਇਖ਼ਲਾਸ, ਇਮਾਨਦਾਰੀ ਅਤੇ ਦਿਆਨਤਦਾਰੀ ਦਾ ਲੜ ਫੜ ਕੇ ਸਭ ਨੂੰ ਨਾਲ ਲੈ ਕੇ ਸਾਹਿਤਕ ਕਾਫ਼ਲਿਆਂ ਨੂੰ ਅੱਗੇ ਵਧਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਜੋ ਆਪਣੀ ਮੰਜ਼ਿਲ ਤੇ ਨਿਸ਼ਾਨੇ ਲਈ ਸਹੀ ਰਾਹਾਂ ‘ਤੇ ਚੱਲ ਰਹੇ ਹਾਂ। ਉਹਨਾਂ ਜਿੱਥੇ ਆਪਣੇ ਅਦਬੀ ਗੁਰੂ ਜਨਾਬ ਜਮੀਲ ਅਬਦਾਲੀ ਜੀ ਦਾ ਇਸ ਸਮਾਗਮ ਦੇ ਲਈ ਸ਼ੁਕਰੀਆ ਅਦਾ ਕੀਤਾ ਉੱਥੇ ਹੀ ਪੰਜਾਬੀ ਅਦਬ ਕਲਾ ਕੇਂਦਰ ਮਾਲੇਰਕੋਟਲਾ ਦੇ ਐਗਜ਼ੀਕਿਊਟਿਵ ਮੈਂਬਰ ਅਤੇ ਉੱਘੀ ਸ਼ਾਇਰਾ ਮੁਹਤਰਮਾ ‘ਅੰਜੂ’ ਸੰਨਿਆਲ ਦਾ ਉਚੇਚੇ ਤੌਰ ਤੇ ਪਹੁੰਚਣ ਲਈ ਸ਼ੁਕਰੀਆ ਅਦਾ ਕੀਤਾ।
ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਸੂਤਰਧਾਰ ਵਜੋਂ ਨਿਜ਼ਾਮਤ ਦੇ ਫ਼ਰਾਇਜ਼ ਜਨਾਬ ਰੇਸ਼ਮ ਭਰੀ ਨੇ ਅਦਾ ਕੀਤੇ। ਉਹਨਾਂ ਨੇ ਨਿਜ਼ਾਮਤ ਦੌਰਾਨ ਉਰਦੂ-ਫ਼ਾਰਸੀ ਅਤੇ ਪੰਜਾਬੀ ਦੀ ਟਕਸਾਲੀ ਸ਼ਬਦਾਵਲੀ ਨਾਲ ਅਪਣੀ ਵਿਦਵਤਾ ਭਰੇ ਇਲਮੀ ਅਦਬੀ-ਫ਼ਨ ਦਾ ਮੁਜ਼ਾਹਿਰਾ ਕੀਤਾ।
ਅੰਤ ਵਿੱਚ ਪਰਮ ਪ੍ਰੀਤ ਬਠਿੰਡਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਸਾਡੇ ਲਈ ਕਾਬਿਲੇ-ਫ਼ਖ਼ਰ ਬਾਤ ਹੈ ਕਿ ਇਸ ਸਮਾਗਮ ਨੂੰ ਏਕਮ ਸਟੱਡ ਫ਼ਾਰਮ ਬਾਘਾ ਦੇ ਡਾਇਰੈਕਟਰ ਡਾ.ਗੁਰਸੇਵਕ ਸਿੰਘ ਬਾਘਾ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਅਦਬੀ ਸਮਾਗਮ ਦਾ ਮਿੱਠੀਆਂ-ਮਿੱਠੀਆਂ ਯਾਦਾਂ ਨਾਲ ਇਖ਼ਤਤਾਮ ਹੋਇਆ।
ਇਸ ਸਮਾਗਮ ਵਿੱਚ ਇਕਬਾਲ ਸਿੰਘ ਪੁੜੈਣ, ਕੁਲਵਿੰਦਰ ਕੌਰ ਢਿੱਲੋਂ, ਅਮਨਦੀਪ ਕੌਰ ਹਰਿਆਊ, ਕਮਲ ਰਾਣੀ ਬੁਢਲਾਡਾ, ਉਘੇ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ, ਪ੍ਰੋ. ਖੁਸ਼ਨਸੀਬ ਗੁਰਬਖ਼ਸ਼ੀਸ਼ ਕੌਰ, ਮੀਤ ਬਠਿੰਡਾ, ਦਰਸ਼ਨ ਸਿੰਘ ਭੰਮੇ, ਰਮਨਦੀਪ ਕੌਰ ਮੋਗਾ, ਸ਼ਰਨਪ੍ਰੀਤ ਕੌਰ, ਬੂਟਾ ਸਿੰਘ, ਰਾਜੇਸ਼ ਕੁਮਾਰ ਭਗਤ, ਹਰਭਜਨ ਸਿੰਘ ਭਾਗਰਥ, ਨਵਜੀਤ ਕੌਰ, ਪੂਜਾ ਗਰਗ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਵੀ-ਕਵਿੱਤਰੀਆਂ ਨੇ ਸਮਾਜ ਨੂੰ ਚੰਗੀ ਸੇਧ ਦਿੰਦੇ ਕਲਾਮ ਨਾਲ ਸਾਂਝ ਪਾਈ।
ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚੋਂ ਪਹੁੰਚਣ ਵਾਲੇ ਅਧਿਆਪਕ ਸਾਹਿਬਾਨ ਵਿੱਚ ਮਨਜੀਤ ਕੁਮਾਰ, ਮੰਜੂ ਰੇਗਰ, ਅਮਨਦੀਪ ਕੌਰ ਹਰਿਆਉ, ਬਲਵਿੰਦਰ ਸਿੰਘ ਬਾਘਾ, ਡਾ. ਮਨਪ੍ਰੀਤ ਕੌਰ ਧਾਲੀਵਾਲ, ਕੇਸਰ ਸਿੰਘ, ਕਮਲ ਰਾਣੀ, ਅਤੁਲ ਜੋਸ਼ੀ, ਰਾਜੇਸ਼ ਕੁਮਾਰ, ਸੰਦੀਪ ਕੌਰ, ਨਵਨੀਤ ਕੌਰ, ਗੁਰਪ੍ਰੀਤ ਸਿੰਘ ਚਨਾਰਥਲ, ਨਵਨੀਤ ਕੌਰ, ਸਿਕੰਦਰ ਕੌਰ, ਸ਼ਰਨਜੀਤ ਕੌਰ, ਗੁਰਪ੍ਰੀਤ ਕੌਰ, ਅਨਾ
ਮਿਕਾ, ਰਮਨਦੀਪ ਕੌਰ ਮੋਗਾ, ਕੁਲਵਿੰਦਰ ਕੌਰ, ਕੁਲਵਿੰਦਰ ਕੌਰ ਝੁੰਬਾ, ਧਰਮਿੰਦਰ ਸਿੰਘ ਮੁੱਲਾਂਪੁਰੀ, ਰੇਨੂੰ ਦੇਵੀ, ਪੂਜਾ ਗਰਗ, ਕਰਮਜੀਤ ਕੌਰ ਭੈਣੀ ਬਾਘਾ ਸ਼ਾਮਿਲ ਸਨ ਜਿਹਨਾਂ ਨੂੰ ਇਸ ਮੌਕੇ ਸਨਮਾਨਿਤ ਕੀਤਾ ਗਿਆ।