ਦਰਦ ਕਿਸੇ ਨੂੰ ਦੱਸੀ ਨਾ ਪਛਤਾਏਂਗਾ।
ਗ਼ੈਰਾਂ ਦੇ ਵਿਚ ਹੱਸੀ ਨਾ ਪਛਤਾਏਂਗਾ।
ਕੱਖਾਂ ਵਿਚ ਚਿੰਗਾਰੀ ਧੁਖਦੀ ਵੇਖੀ ਊ,
ਵੇਖੀ ਏ ਤਾਂ ਦੱਸੀ ਨਾ ਪਛਤਾਏਂਗਾ।
ਸਾਰਾ ਤਨ ਹੀ ਨੀਲਾ-ਨੀਲਾ ਹੋ ਜਾਊ,
ਵਰਮੀਂ ਵਿਚ ਹੱਥ ਧੱਸੀ ਨਾ ਪਛਤਾਏਂਗਾ।
ਚਾਰ ਚੁਫੇਰੇ ਕੰਡੇ-ਕੰਡੇ ਹੋ ਜਾਂਦੇ,
ਥੋਰਾਂ ਦੇ ਵਿਚ ਵੱਸੀ ਨਾ ਪਛਤਾਏਂਗਾ।
ਤੇਰੀ ਛਾਤੀ ਦੇ ਵਿਚ ਟਾਂਕੇ ਕੱਚੇ ਨੇ,
ਤੀਰ ਕਮਾਨੇਂ ਕੱਸੀ ਨਾ ਪਛਤਾਏਂਗਾ।
ਅਪਣੀ ਸਾਰੀ ਹੋਂਦ ਗਵਾ ਕੇ ਬੈਠੇਂਗਾ,
ਭੀੜ ’ਚ ਐਵੇਂ ਫੱਸੀ ਨਾ ਪਛਤਾਏਂਗਾ।
ਖੂਹ ਦੇ ਉਤੇ ਏਦਾਂ ਜਾਣ ਦਾ ਕੀ ਫਾਇਦਾ,
ਡੋਲੂ ਹੈ ਪਰ ਰੱਸੀ ਨਾ ਪਛਤਾਏਂਗਾ।
ਸਾਹਿਤ ਦੇ ਮੈਦਾਨ ’ਚ ਜੇਕਰ ਡੱਟਿਆ ਏਂ,
‘ਬਾਲਮ ਛਡ ਕੇ ਨੱਸੀ ਨਾ ਪਛਤਾਏਂਗਾ।
ਬਲਵਿੰਦਰ ਬਾਲਮ ਗੁਰਦਾਸਪੁਰ
ਓਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409