ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੇ ਚਲਾਨ ਕੱਟਣ ਦੇ ਨਾਲ-ਨਾਲ ਕੀਤੀ ਜਾਵੇਗੀ ਰੈੱਡ ਐਂਟਰੀ : ਡੀ.ਸੀ.
ਕੋਟਕਪੂਰਾ, 1 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਝੋਨੇ ਅਤੇ ਬਾਸਮਤੀ ਦੇ ਵਾਢੀ ਸੀਜ਼ਨ ਦੌਰਾਨ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਛੇਤੀ ਪ੍ਰਬੰਧ ਕਰਨ ਦੇ ਮੰਤਵ ਨਾਲ ਕਿਸਾਨਾਂ ਵਲੋਂ ਲਾਈ ਜਾਂਦੀ ਅੱਗ ਨੂੰ ਰੋਕਣ ਅਤੇ ਇਸ ਦੇ ਮਨੁੱਖ ਅਤੇ ਵਾਤਾਵਰਨ ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਨਿਯੁਕਤ ਕਲੱਸਟਰ ਅਫਸਰਾਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਸਥਾਨ ਅਸ਼ੋਕਾ ਚੱਕਰ ਮੀਟਿੰਗ ਹਾਲ ਵਿਖੇ ਹੋਈ। ਉਹਨਾਂ ਦੱਸਿਆ ਕਿ ਇਸ ਵਾਰ ਪ੍ਰਸ਼ਾਸ਼ਨ ਵਲੋਂ ਕੋਈ ਵੀ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਅੱਗ ਲਾਉਣ ਵਾਲੇ ਕਿਸਾਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਗ ਲਾਉਣ ਵਾਲੇ ਕਿਸਾਨਾਂ ਦੇ ਵੱਧ ਤੋਂ ਵੱਧ ਚਾਲਾਨ ਕੱਟੇ ਜਾਣ ਅਤੇ ਇਸ ਸਬੰਧੀ ਪਿੰਡ ਦੇ ਗੁਰਦੁਆਰਿਆਂ ’ਚ ਅਨਾਊਂਸਮੈਂਟ ਕਰਵਾ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਜਾਗੂਰਕ ਕੀਤਾ ਜਾਵੇ। ਉਹਨਾਂ ਦੱਸਿਆ ਕਿ ਢਾਈ ਏਕੜ ’ਤੇ ਅੱਗ ਲਾਉਣ ਵਾਲੇ ਕਿਸਾਨ ਨੂੰ 2500 ਰੁਪਏ, ਢਾਈ ਤੋਂ ਪੰਜ ਏਕੜ ਨੂੰ ਅੱਗ ਲਾਉਣ ਵਾਲੇ ਕਿਸਾਨ ਨੂੰ 5000 ਰੁਪਏ ਅਤੇ 5 ਏਕੜ ਤੋਂ ਜ਼ਿਆਦਾ ਜਮੀਨ ’ਤੇ ਅੱਗ ਲਾਉਣ ਵਾਲੇ ਕਿਸਾਨਾਂ ਨੂੰ 15000 ਰੁਪਏ ਜੁਰਾਮਾਨਾ ਲਾਇਆ ਜਾਵੇਗਾ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਦੇ ਜਮੀਨੀ ਰਿਕਾਰਡ ’ਚ ਰੈੱਡ ਐਂਟਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਹਦਾਇਤ ਕੀਤੀ ਕਿ ਨੋਡਲ ਅਫਸਰ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣੂ ਕਰਵਾਉਂਦਿਆਂ ਜਿਲ੍ਹਾ ਪ੍ਰਸਾਸ਼ਨ ਵੱਲੋਂ ਛਪਵਾਏ ਪੈਂਫਲਿਟਸ ਹਰੇਕ ਕਿਸਾਨ ਤੱਕ ਪਹੁੰਚਾਏ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਪ੍ਰਸ਼ਾਸ਼ਨ ਪਰਾਲੀ ਪ੍ਰਬੰਧਨ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਕਿਹਾ ਕਿ ਸਮੂਹ ਨੋਡਲ ਅਫਸਰ ਬਿਨਾਂ ਕਿਸੇ ਡਰ ਦੇ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਉਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਬਸਿਡੀ ਵਾਲੀ ਮਸ਼ੀਨਰੀ ਦੀ ਉਪਲਬਧੀ ਅਤੇ ਕਿਰਾਏ ਸਬੰਧੀ ਲਿਸਟ ਵੀ ਪਿੰਡਾਂ ਵਿੱਚ ਲਾਈ ਜਾਵੇ। ਉਨ੍ਹਾਂ ਕਿਹਾ ਸਬਸਿਡੀ ਵਾਲੀ ਮਸ਼ੀਨਰੀ ਪਿੰਡ ਦੀ ਸਾਂਝੀ ਥਾਂ ਤੇ ਰੱਖੀ ਜਾਵੇ ਤਾਂ ਜੋ ਕੋਈ ਵੀ ਕਿਸਾਨ ਉਸ ਦੀ ਕਿਰਾਏ ਤੇ ਵਰਤੋਂ ਕਰ ਸਕੇ। ਇਸ ਮੌਕੇ ਜੀ.ਏ ਮੈਡਮ ਤੁਸ਼ਿਤਾ ਗੁਲਾਟੀ, ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ, ਪੁਲਿਸ ਵਿਭਾਗ ਅਤੇ ਖੇਤੀਬਾੜੀ ਦਫਤਰ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
Leave a Comment
Your email address will not be published. Required fields are marked with *