ਫ਼ਖ਼ਰ ਜ਼ਮਾਂ ਸਾਹਿਬ ਦੀਆਂ ਕੋਸ਼ਿਸ਼ਾਂ ਨੂੰ ਫ਼ਲ ਪਿਆ।
ਲੁਧਿਆਣਾਃ 9 ਜੂਨ (ਵਰਲਡ ਪੰਜਾਬੀ ਟਾਈਮਜ਼)
ਵਰਲਡ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ, ਮੀਤ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਸਕੱਤਰ ਜਨਰਲ ਸਹਿਜਪ੍ਰੀਤ ਸਿੰਘ ਮਾਂਗਟ ਨੇ
ਪਾਕਿਸਤਾਨੀ ਪੰਜਾਬ ਅਸੈਂਬਲੀ ਵਿਚ ਹੁਣ ਪੰਜਾਬੀ ਸਮੇਤ 4 ਹੋਰ ਭਾਸ਼ਾਵਾਂ ਬੋਲਣ ਦੀ ਆਗਿਆ ਦੇਣ ਦੇ ਫ਼ੈਸਲੇ ਦਾ ਸੁਆਗਤ ਕਰਦਿਆਂ ਕਿਹਾ ਹੈ ਕਿ ਪੂਰੀ ਦੁਨੀਆਂ ਦੇ ਪੰਜਾਬੀ ਲੇਖਕਾਂ ਤੇ ਪੰਜਾਬੀ ਪਿਆਰਿਆਂ ਵੱਲੋਂ ਜਨਾਬ ਫ਼ਖ਼ਰ ਜ਼ਮਾਂ ਸਾਹਿਬ ਦੀ ਅਗਵਾਈ ਹੇਠ ਦੀ ਇਹ ਮੰਗ ਪਿਛਲੇ 33 ਸਾਲ ਤੋਂ ਲਗਾਤਾਰ ਕੀਤੀ ਜਾ ਰਹੀ ਸੀ ਪਰ ਪਰ ਇਸ ਨੂੰ ਹੁਣ ਮਰੀਅਮ ਨਵਾਜ਼ ਸ਼ਰੀਫ਼ ਹਕੂਮਤ ਵੱਲੋਂ ਵਿਸ਼ੇਸ਼ ਕਮੇਟੀ ਗਠਨ ਕਰਕੇ ਇਸ ਨੂੰ ਪ੍ਰਵਾਨ ਕਰਨਾ ਸਵਾਗਤਯੋਗ ਕਦਮ ਹੈ। 8 ਮਾਰਚ 2024 ਨੂੰ ਲਾਹੌਰ ਵਿੱਚ ਹੋਈ ਵਰਲਡ ਪੰਜਾਬੀ ਕਾਨਫਰੰਸ ਵਿੱਚ ਆਖਰੀ ਦਿਨ ਫ਼ਖ਼ਰ ਜ਼ਮਾਂ ਸਾਹਿਬ ਦੀ ਪ੍ਰਧਾਨਗੀ ਹੇਠ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਜੋ ਮਤੇ ਪੇਸ਼ ਕੀਤੇ ਗਏ ਸਨ ਉਨ੍ਹਾਂ ਨੂੰ ਵੀ ਹਾਊਸ ਨੇ ਪ੍ਰਵਾਨ ਕਰਕੇ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਮੁਹਤਰਮਾ ਉਜ਼ਮਾਂ ਬੁਖ਼ਾਰੀ ਸਾਹਿਬਾ ਤੇ ਸ. ਰਮੇਸ਼ ਸਿੰਘ ਅਰੋੜਾ ਜੀ ਨੂੰ ਸੌਂਪੇ ਸਨ। ਦੋਹਾਂ ਮੰਤਰੀਆਂ ਨੇ ਭਰੀ ਸਭਾ ਵਿੱਚ ਇਹ ਕਾਰਜ ਕਰਨ ਦਾ ਵਿਸ਼ਵਾਸ ਦਿਵਾਇਆ ਸੀ, ਜੋ ਉਨ੍ਹਾਂ ਪੂਰਾ ਕਰ ਵਿਖਾਇਆ ਹੈ। ਇਸ ਮੌਕੇ ਉਸ ਦਿਨ ਮੰਚ ਤੇ ਡਾ਼ ਸੁਗਰਾ ਸੱਦਫ਼, ਮੁਦੱਸਰ ਬੱਟ ਸੰਪਾਦਕ ਰੋਜ਼ਾਨਾ ਪੰਜਾਬੀ ਅਖ਼ਬਾਰ ਭੁਲੇਖਾ, ਇਕਬਾਲ ਕੈਸਰ, ਡਾ. ਦਲਬੀਰ ਸਿੰਘ ਕਥੂਰੀਆ ਤੇ ਸਹਿਜਪ੍ਰੀਤ ਸਿੰਘ ਮਾਂਗਟ ਵੀ ਹਾਜ਼ਰ ਸਨ।
ਵਰਨਣ ਯੋਗ ਗੱਲ ਇਹ ਹੈ ਕਿ ਹੁਣ ਤੀਕ ਪਾਕਿਸਤਾਨ ਦੀ ਪੰਜਾਬ ਅਸੈਬਲੀ ਵਿੱਚ ਵਿਧਾਇਕ ਸਿਰਫ ਅੰਗਰੇਜ਼ੀ ਤੇ ਉਰਦੂ ਵਿਚ ਹੀ ਬੋਲ ਸਕਦੇ ਸਨ।ਪੰਜਾਬ ਵਿਧਾਨ ਸਭਾ ਦੇ ਸਪੀਕਰ ਮਲਿਕ ਮੁਹੰਮਦ ਅਹਿਮਦ ਖਾਨ ਦੀ ਅਗਵਾਈ ਵਾਲੀ ਵਿਸ਼ੇਸ਼ ਕਮੇਟੀ ਨੇ ਪੰਜਾਬੀ, ਸਰਾਇਕੀ, ਪੋਠੋਹਾਰੀ ਤੇ ਮੇਵਾਤੀ ਭਾਸ਼ਾ ਵਿਚ ਸੰਬੋਧਨ ਦੀ ਆਗਿਆ ਦੇਣਾ ਪੰਜਾਬੀ ਜ਼ਬਾਨ ਦੇ ਵਿਕਾਸ ਲਈ ਨਵਾਂ ਮਾਹੌਲ ਪੈਦਾ ਕਰੇਗੀ।
Leave a Comment
Your email address will not be published. Required fields are marked with *