ਮੁਮਕਿਨ ਜੇਕਰ ਅਪਣੀਂ ਆਈ ਉਤੇ ਆਏ ਪਾਣੀ।
ਪੁਲ ਦੇ ਹੇਠਾਂ ਕੀ ਫਿਰ ਪੁਲ ਦੇ ਉਤੋਂ ਜਾਏ ਪਾਣੀ।
ਜਦ ਵੀ ਇਸ ਦੇ ਤਨ ਦੇ ਉਤੇ ਕਿਸ਼ਤੀ ਹੱਕ ਜਮਾਏ,
ਸਿਸਕ-ਸਿਸਕ, ਬੁਸਕ-ਬੁਸਕ, ਮਚਲ-ਮਚਲ ਘਬਰਾਏ ਪਾਣੀ।
ਤੜਕ ਸਵੇਰੇ ਜਦ ਵੀ ਸੂਰਜ ਇਸ ਦਾ ਚੁੰਮਣ ਲੈਂਦਾ,
ਲਲਕ-ਲਪਕ ਕੇ ਕਿਰਣਾਂ ਕੋਲੋਂ ਫਿਰ ਸ਼ਰਮਾਏ ਪਾਣੀ।
ਜੋ ਨਿਰੰਤਰ ਚਲਦੇ ਰਹਿੰਦੇ ਆਖ਼ਿਰ ਮੰਜ਼ਿਲ ਪਾਉਂਦੇ,
ਵਹਿੰਦਾ ਹੋਇਆ ਕਿਸ਼ਤੀ-ਚੱਪੂ ਨੂੰ ਸਮਝਾਏ ਪਾਣੀ।
ਯੋਗ-ਵਿਯੋਗ ਖ਼ੁਸ਼ੀ ਜਾਂ ਗ਼ਮ ਕੀ-ਕੀ ਪ੍ਰਤੀਕ ਬਣਾਉਂਦਾ,
ਸਮਝ ਨਾ ਆਏ ਤੇਰੀਆਂ ਅੱਖਾਂ ਦਾ ਉਲਝਾਏ ਪਾਣੀ।
ਐਪਰ ਇਸ ਦੀ ਹੋਂਦ ਚੁਰਾਸੀ ਲੱਖ ਜੂਨਾਂ ਦੀ ਜਨਨੀ,
ਕੁਦਰਤ ਦੀ ਅਦਭੁਤ ਰਚਨਾ ਦਾ ਇਕ ਅੰਸ਼ ਕਹਾਏ ਪਾਣੀ।
ਲੱਖ ਕਰੋੜਾਂ ਕੀਮਤ ਵਾਲੀ ਸ਼ੈਅ ਵੀ ਇਸ ਦੇ ਪੂਰਕ ਨਈਂ,
ਸਿਰਫ਼ ਪਿਆਸ ਬੁਝਾਏ ਤਾਂ ਫਿਰ ਪਿਆਸ ਬੁਝਾਏ ਪਾਣੀ।
ਵੱਖ-ਵੱਖ ਰੂਪਾਂ ਦੇ ਵਿਚ ਇਸ ਦੀ ਹੋਂਦ ਨਿਰਲੀ ਅਦਭੁਤ,
ਇੱਕ ਤਾਂ ਪਿਆਸ ਬੁਝਾਏ ਤੇ ਇਕ ਨਾਚ ਨਚਾਏ ਪਾਣੀ।
ਘੋਰ ਘਟਾਵਾਂ ਵਿਚ ਜਦ ਤਕ ਬਾਰਿਸ਼ ਰੰਗ ਵਿਖਾਏ ਨਾ,
ਮਾਰੂਥਲ ਦੇ ਜੀਵਨ ਨੂੰ ਤਾਂ ਰੋਜ਼ ਰੁਲਾਏ ਪਾਣੀ।
ਅਪਣੀ ਸੱਚੀ ਉਲਫ਼ਤ ਦੇ ਵਿਚ ਕੀ-ਕੀ ਕਰ ਗਈ ਸੋਹਣੀ,
ਬੇਕਦਰਾ ਤੇ ਧੋਖੇ ਵਾਲਾ ਕਿੰਝ ਭੁਲਾਏ ਪਾਣੀ।
ਰੱਬ ਦੀ ਕਿਰਪਾ ਵਰਗਾ ਹੈ ਇਹ ਕੁਦਰਤ ਦਾ ਇੱਕ ਅਜੂਬਾ,
ਬਾਲਮ ਲੱਗੀ ਹੋਈ ਅੱਗ ਨੂੰ ਸਿਰਫ਼ ਬੁਝਾਏ ਪਾਣੀ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸੁਰ ਪੰਜਾਬ
ਮੋ. 98156-25409