
ਚੰਡੀਗੜ੍ਹ ,18 ਨਵੰਬਰ ( ਅੰਜੂ ਅਮਨਦੀਪ ਗਰੋਵਰ/ ਜਸਪਾਲ ਸਿੰਘ ਦੇਸੂਵੀ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੁਹਾਲੀ ਵੱਲੋਂ ਸਾਹਿਤਕ ਸੱਥ ਖਰੜ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸ਼ਾਇਰ ਪਿਆਰਾ ਸਿੰਘ ‘ਰਾਹੀ’ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ‘ਸੁਪਨਿਆਂ ਦੀ ਗੱਲ’ ਲੋਕ ਅਰਪਣ ਕੀਤੀ ਗਈ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਸਰਬਜੀਤ ਕੌਰ ਸੋਹਲ, ਸਾਬਕਾ ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ, ਚੰਡੀਗੜ੍ਹ ਸਨ। ਪ੍ਰਧਾਨਗੀ ਸ਼੍ਰੀ ਸਿਰੀ ਰਾਮ ਅਰਸ਼, ਪ੍ਰਸਿੱਧ ਗਜ਼ਲਗੋ ਅਤੇ ਡਾ. ਗੁਰਚਰਨ ਕੌਰ ਕੋਚਰ, ਸਟੇਟ ਅਤੇ ਨੈਸ਼ਨਲ ਐਵਾਰਡੀ ਨੇ ਬਤੌਰ ਵਿਸ਼ੇਸ਼ ਮਹਿਮਾਨ ਸਮਾਗਮ ਵਿੱਚ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ’ਚ ਡਾ. ਦਵਿੰਦਰ ਬੋਹਾ, ਇੰਜ. ਜਸਪਾਲ ਸਿੰਘ ਦੇਸੂਵੀ, ਪ੍ਰਧਾਨ, ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਮੁਹਾਲੀ ਅਤੇ ਜਸਵਿੰਦਰ ਸਿੰਘ ਕਾਈਨੌਰ, ਪ੍ਰਧਾਨ, ਸਾਹਿਤਕ ਸੱਥ ਖਰੜ ਆਦਿ ਸੁਸ਼ੋਭਤ ਸਨ। ਇੰਜ. ਜਸਪਾਲ ਸਿੰਘ ਦੇਸੂਵੀ ਵੱਲੋਂ ਆਏ ਮਹਿਮਾਨਾਂ, ਸ਼ਾਇਰਾਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ ਗਿਆ।ਅਤੇ ਸਮਾਗਮ ਦੀ ਰੂਪਰੇਖਾ ਅਤੇ ਵਿਸ਼ੇਸ਼ਤਾ ਬਾਰੇ ਸਰੋਤਿਆਂ ਨੂੰ ਸੰਖੇਪ ਜਾਣਕਾਰੀ ਦਿੱਤੀ ਗਈ।ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਦੁਆਰਾ ਗਾਏ ਸ਼ਬਦ ਨਾਲ ਕੀਤੀ ਗਈ। ਉਪਰੰਤ ਪੁਸਤਕ ਦੇ ਲੇਖਕ ਦੇ ਜੀਵਨ ਅਤੇ ਉਨ੍ਹਾਂ ਦੀ ਉਪਲਬਧੀਆਂ ਬਾਰੇ ਜਸਵਿੰਦਰ ਸਿੰਘ ਕਾਈਨੌਰ ਨੇ ਚਾਨਣਾ ਪਾਇਆ। ਪੁਸਤਕ ’ਤੇ ਪਰਚਾ ਪ੍ਰਸਿੱਧ ਲੇਖਕ, ਕਾਲਮਨਵੀਸ਼ ਅਤੇ ਜੁਝਾਰੂ ਪਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਪੜ੍ਹਿਆ ਅਤੇ ਲੇਖਕ ਦੀ ਪੁਸਤਕ ਵਿਚਲੀ ਕਾਵਿ ਸ਼ੈਲੀ ਦੀ ਪ੍ਰਸੰਸਾ ਕੀਤੀ।
ਡਾ. ਦਵਿੰਦਰ ਬੋਹਾ ਨੇ ਕਿਹਾ ਕਿ ਪਿਆਰਾ ਸਿੰਘ ਰਾਹੀ ਦੀ ਸ਼ਾਇਰੀ ਮਨੁੱਖਤਾ ਵਾਦੀ ਹੈ ਅਤੇ ਸਹਿਜੇ ਹੀ ਪਾਠਕਾਂ ਅਤੇ ਸਰੋਤਿਆਂ ਦੇ ਧੁਰ ਅੰਦਰ ਤੱਕ ਲਹਿ ਜਾਣ ਦੀ ਸਮਰੱਥਾ ਰੱਖਦੀ ਹੈ। ਡਾ.ਗੁਰਚਰਨ ਕੌਰ ਕੋਚਰ ਨੇ ਕਿਤਾਬ ਵਿਚਲੀ ਕਾਵਿ ਸ਼ੈਲੀ ਨੂੰ ਸਲਾਹਿਆ ਅਤੇ ਆਪਣੀ ਗ਼ਜ਼ਲ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਮੁੱਖ ਮਹਿਮਾਨ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਪਿਆਰਾ ਸਿੰਘ ਰਾਹੀ ਦੀਆਂ ਸਾਰੀਆਂ ਰਚਨਾਵਾਂ ਬਹੁਤ ਮਿਆਰੀ ਤੇ ਮਨੁੱਖੀ ਸਰੋਕਾਰਾਂ ਦੀ ਬਾਤ ਪਾਉਂਦੀਆਂ ਹਨ। ਮਨਮੋਹਨ ਸਿੰਘ ਦਾਊਂ ਨੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਦੀ ਤੁਲਨਾ ਪਿਆਰਾ ਸਿੰਘ ਸਹਿਰਾਈ ਦੀ ਸ਼ਾਇਰੀ ਨਾਲ ਕਰਦਿਆਂ ਲੇਖਕ ਦੀ ਪ੍ਰਤੀਬੱਧਤਾ, ਪ੍ਰਪੱਕਤਾ ਅਤੇ ਸਬਰ ਦੀ ਸ਼ਲਾਘਾ ਕੀਤੀ। ਪੁਸਤਕ ਲੇਖਕ ਪਿਆਰਾ ਸਿੰਘ ‘ਰਾਹੀ’ ਨੇ ਪੁਸਤਕ ਦੀ ਪ੍ਰਕਾਸ਼ਨਾ ਦੀ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਕੁੱਝ ਰਚਨਾਵਾਂ ਵੀ ਸੁਣਾਈਆਂ। ਪ੍ਰਧਾਨਗੀ ਭਾਸ਼ਣ ’ਚ ਸ਼੍ਰੀ ਸਿਰੀ ਰਾਮ ਅਰਸ਼ ਨੇ ਕਿਹਾ ਕਿ ਪਿਆਰਾ ਸਿੰਘ ਰਾਹੀ ਨੇ ਗੀਤ ਗ਼ਜ਼ਲ ਅਤੇ ਕਵਿਤਾ ਲਿਖਦਿਆਂ ਹਰ ਵਿਧਾ ਨੂੰ ਬਾਖੂਬੀ ਨਿਭਾਇਆ ਹੈ ਅਤੇ ਜੀਵਨ ਦੇ ਸਾਰੇ ਸਰੋਕਾਰਾਂ ਨੂੰ ਸੂਖਮਭਾਵੀ ਤਰੀਕੇ ਨਾਲ ਬਿਆਨ ਕੀਤਾ ਹੈ।
ਉਪਰੰਤ ਚੱਲੇ ਸ਼ਾਇਰੀ ਦਰਬਾਰ ਵਿੱਚ ਕ੍ਰਿਸ਼ਨ ਰਾਹੀ, ਗੁਰਵਿੰਦਰ ਗੁਰੀ, ਇੰਦਰਜੀਤ ਕੌਰ ਵਡਾਲਾ, ਅਮਰਜੀਤ ਕੌਰ ਮੋਰਿੰਡਾ, ਰਮਨਦੀਪ ਕੌਰ ਰਮਣੀਕ, ਪ੍ਰਤਾਪ ਪਾਰਸ ਗੁਰਦਾਸਪੁਰੀ, ਸੁਰਿੰਦਰ ਕੌਰ ਬਾੜਾ, ਸ਼ਾਇਰ ਭੱਟੀ, ਤਰਸੇਮ ਰਾਜ, ਅੰਜੂ ਅਮਨਦੀਪ ਗਰੋਵਰ, ਨਰਿੰਦਰ ਕੌਰ ਲੌਂਗੀਆ, ਮਨਜੀਤ ਕੌਰ ਮੁਹਾਲੀ, ਬਲਵਿੰਦਰ ਸਿੰਘ ਢਿੱਲੋਂ, ਕੇਸਰ ਸਿੰਘ ਇੰਸਪੈਕਟਰ, ਤਰਸੇਮ ਸਿੰਘ ਕਾਲੇਵਾਲ, ਹਰਭਜ਼ਨ ਕੌਰ ਢਿੱਲੋਂ ਅਤੇ ਸਿਮਰਜੀਤ ਗਰੇਵਾਲ ਆਦਿ ਨੇ ਖੂਬਸੂਰਤ ਗੀਤ ਅਤੇ ਗਜ਼ਲਾਂ ਪੇਸ਼ ਕਰਕੇ ਸ੍ਰੋਤਿਆਂ ਨੂੰ ਮੰਤਰ ਮੁਗਧ ਕੀਤਾ। ਜਦੋਂ ਕਿ ਪ੍ਰੋ. ਗੁਰਜੋਧ ਕੌਰ, ਕ੍ਰਿਸ਼ਨ ਰਾਹੀ, ਗਾਇਕ ਗੁਰਵਿੰਦਰ ਗੁਰੀ ਜਸਪਾਲ ਸਿੰਘ ਦੇਸੂਵੀ ਅਤੇ ਸਾਂਈਂ ਸੁਕੇਤੜੀ ਵੱਲੋਂ ਲੇਖਕ ਦੀ ਪੁਸਤਕ ’ਚੋਂ ਗੀਤ ਅਤੇ ਰਚਨਾਵਾਂ ਸੁਣਾਈਆਂ ਗਈਆਂ।
ਉਪਰੋਕਤ ਤੋਂ ਇਲਾਵਾ ਇਸ ਇਕੱਤਰਤਾ ਵਿੱਚ ਸ਼ੌਕ ਇੰਦਰ ਸਿੰਘ ਕੋਰਾ, ਗੁਰਦਰਸ਼ਨ ਸਿੰਘ ਮਾਵੀ, ਪ੍ਰਿੰ. ਬਹਾਦਰ ਸਿੰਘ ਗੋਸਲ, ਰਮਨਜੀਤ ਕੌਰ ਰਮਨ, ਤਰਸੇਮ ਸਿੰਘ ਕਾਲੇਵਾਲ, ਸਮਿੱਤਰ ਸਿੰਘ ਦੋਸਤ, ਖੁਸ਼ੀ ਰਾਮ ਨਿਮਾਣਾ, ਜਸਪਾਲ ਸਿੰਘ ਕੰਵਲ, ਜਗਤਾਰ ਸਿੰਘ ਜ਼ੋਗ, ਨਰਿੰਦਰ ਸਿੰਘ, ਗੁਰਦਾਸ ਸਿੰਘ ਦਾਸ, ਪ੍ਰਲਾਦ ਸਿੰਘ ਪੁਸਤਕ, ਰਜਿੰਦਰ ਰੇਨੂ, ਡਾ.ਸਾਹਿਬ ਸਿੰਘ ਅਰਸ਼ੀ, ਡਾ. ਰਵਿੰਦਰ ਸਿੰਘ, ਅਵਤਾਰ ਸਿੰਘ ਪਤੰਗ ਅਤੇ ਪਾਲ ਅਜਨਬੀ ਆਦਿ ਹਾਜ਼ਰ ਹੋਏ।
ਸਮਾਗਮ ਦੇ ਅੰਤ ’ਚ ਬਲਕਾਰ ਸਿੰਘ ਸਿੱਧੂ, ਪ੍ਰਧਾਨ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਨੇ ਸਮੂਚੀ ਪ੍ਰਧਾਨਗੀ ਮੰਡਲ, ਸਾਰੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੇ ਧੰਨਵਾਦ ਕੀਤਾ ਅਤੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਮੁਹਾਲੀ ਅਤੇ ਸਾਹਿਤਕ ਸੱਥ ਖਰੜ) ਨੂੰ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ।
ਮੰਚ ਸੰਚਾਲਨ ਦੀ ਕਾਰਵਾਈ ਪ੍ਰਤਾਪ ਪਾਰਸ ਗੁਰਦਾਸਪੁਰੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ।ਕੁਲ ਮਿਲਾ ਕੇ ਇਹ ਸਮਾਗਮ ਨਵੀਆਂ ਪੈੜਾਂ ਪਾਉਂਦਾ ਹੋਇਆ ਯਾਦਗਾਰੀ ਹੋ ਨਿੱਬੜਿਆ।