ਸਾਡੇ ਦੇਸ਼ ਨੂੰ ਗੁਲਾਮੀ ਦੇ ਜੂਲੇ ਹੇਠ ਲੰਮਾ ਸਮਾਂ ਰਹਿਣਾ ਪਿਆ।ਪੰਦਰਾਂ ਅਗਸਤ 1947 ਨੂੰ ਲੰਬੇ ਸੰਘਰਸ਼ ਬਾਅਦ ਅਨੇਕਾਂ ਕੁਰਬਾਨੀਆਂ ਦੇਕੇ ਦੇਸ਼ ਨੂੰ ਆਜ਼ਾਦੀ ਮਿਲ ਗਈ। ਦੇਸ਼ ਦਾ ਸਾਸ਼ਨ ਚਲਾਉਣ ਲਈ ਲੋਕਾਂ ਦੇ ਹਿੱਤਾਂ ਦੀ ਗੱਲ ਕਰਦਾ ਸੰਵਿਧਾਨ ਤਿਆਰ ਕਰਕੇ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ।ਜਿਸ ਵਿੱਚ ਸਾਡੇ ਦੇਸ਼ ਵਿੱਚ ਪੇਂਡੂ ਸਥਾਨਕ ਸਰਕਾਰਾਂ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਦੀ ਵਿਵਸਥਾ ਕੀਤੀ ਗਈ ਹੈ ।ਇਨ੍ਹਾਂ ਦੇ ਗਠਨ ਲਈ ਪੰਜ ਸਾਲਾਂ ਬਾਅਦ ਤਕਰੀਬਨ ਚੋਣਾਂ ਕਰਵਾਈਆਂ ਜਾਂਦੀਆਂ ਹਨ ।ਸਾਡੇ ਦੇਸ਼ ਨੂੰ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੋਣ ਦਾ ਮਾਣ ਹੈ।ਲੋਕਾਂ ਵਲੋਂ ਲੋਕਤੰਤਰ ਸਰਕਾਰ ਚੁਣਨ ਲਈ ਵੋਟ ਦੀ ਵਰਤੋਂ ਕੀਤੀ ਜਾਂਦੀ ਹੈ,18 ਸਾਲ ਦੀ ਉਮਰ ਦੇ ਹਰੇਕ ਭਾਰਤੀ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਿਸਦਾ ਵੋਟਰ ਸੂਚੀ ਵਿੱਚ ਨਾਂ ਦਰਜ਼ ਹੋਵੇ।ਇੱਕ ਇੱਕ ਵੋਟ ਨੇ ਮਿਲ ਕੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣਾ ਹੈ। ਵੋਟ ਆਪਣੀ ਹੈ,ਇਸ ਦੀ ਵਰਤੋਂ ਗੁਪਤ ਤੌਰ ਤੇ ਕੀਤੀ ਜਾਂਦੀ ਹੈ।ਸੋ ਸਾਨੂੰ ਵੋਟ ਪਾਉਣ ਤੋਂ ਪਹਿਲਾਂ ਚੋਣ ਲੜ ਰਹੇ ਉਮੀਦਵਾਰਾਂ ਬਾਰੇ ਪੂਰੀ ਡੂੰਘਾਈ ਨਾਲ ਉਨ੍ਹਾਂ ਦੇ ਗੁਣਾਂ,ਔਗੁਣਾਂ ਬਾਰੇ ਵਿਚਾਰ ਲੈਣਾ ਚਾਹੀਦਾ ਹੈ।ਵੋਟ ਦੀ ਤਾਕਤ ਉਦੋਂ ਜ਼ਿਆਦਾ ਪਤਾ ਲੱਗਦੀ ਜਦੋਂ ਜੇਤੂ ਉਮੀਦਵਾਰ ਦਾ ਫਰਕ ਬਹੁਤ ਘੱਟ ਵੋਟਾਂ ਨਾਲ ਹੁੰਦਾ ਹੈ।ਜਦੋਂ ਵਿਧਾਨ ਸਭਾ / ਸੰਸਦ ਚੋਣਾਂ ‘ਚ ਇੱਕ ਵਿਧਾਨ ਸਭਾ / ਲੋਕ ਸਭਾ ਮੈਂਬਰ ਬਹੁਤ ਘੱਟ ਵੋਟਾਂ ਦੇ ਫਰਕ ਨਾਲ ਹੀ ਜਿੱਤਦਾ ਹੈ , ਇਸ ਸਮੇਂ ਇੱਕ ਪਰਿਵਾਰ ਵੀ ਉਸ ਲਈ ਅਹਿਮ ਹੁੰਦਾ ਹੈ ਪਰ ਪੰਚਾਇਤ ਚੋਣਾਂ ‘ਚ ਇੱਕ-ਇੱਕ ਵੋਟ ਦੀ ਬਹੁਤ ਕੀਮਤੀ ਹੁੰਦੀ ਹੈ ਕਿਉਂ ਕਿ ਛੋਟੇ ਪਿੰਡਾਂ ਵਿੱਚ ਤਾਂ ਬਹੁਤ ਘੱਟ ਵੋਟਾਂ ਹੁੰਦੀਆਂ ਹਨ ।ਪੰਜਾਬ ਅੰਦਰ 15 ਅਕਤੂਬਰ ਨੂੰ ਪੰਚਾਇਤਾਂ ਦੀ ਚੋਣ ਹੋਣ ਜਾ ਰਹੀ ਹੈ । ਮਾਹੌਲ ਪਿੰਡਾਂ ਵਿੱਚ ਗਰਮਾਇਆ ਪਿਆ ਹੈ ।ਸਰਪੰਚੀ ਦੀਆਂ ਬੋਲੀਆਂ ਲੱਗ ਰਹੀਆਂ ਹਨ । ਵੋਟਰਾਂ ਨੂੰ ਹਰ ਤਰ੍ਹਾਂ ਨਾਲ ਭਰਮਾਇਆ ਜਾ ਰਿਹਾ ਹੈ । ਪਰ ਬਹੁਤੇ ਵੋਟਰ ਹੁਣ ਸਿਆਣੇ ਹੋ ਚੁੱਕੇ ਹਨ , ਮਨ ਦੀ ਗੱਲ ਦਾ ਪਤਾ ਨਹੀਂ ਲੱਗਣ ਦੇ ਰਹੇ । ਹਰ ਕੋਈ ਉਮੀਦਵਾਰ ਆਪਣੀ ਜਿੱਤ ਪੱਕੀ ਸਮਝੀ ਬੈਠਾ ਹੈ ।
ਉਮੀਦਵਾਰਾਂ ਵਲੋਂ ਵੋਟਰਾਂ ਨੂੰ ਖਾਸ ਕਰਕੇ ਅਨਪੜ੍ਹ ਅਤੇ ਗਰੀਬ ਵੋਟਰਾਂ ਨੂੰ ਲਾਲਚ ਦੇ ਕੇ ਭਰਮਾਇਆ ਜਾਂਦਾ ਹੈ।ਇਹ ਤਰਾਸ਼ਦੀ ਸਾਡੇ ਸਿੱਖਿਆ ਤੰਤਰ ਦੀ ਹੈ ਕਿਉਂ ਕਿ ਆਜ਼ਾਦੀ ਤੋਂ ਬਾਅਦ ਹਰ ਇੱਕ ਨਾਗਰਿਕ ਨੂੰ ਲਾਜ਼ਮੀ ਅਤੇ ਮੁਫਤ ਸਿੱਖਿਆ ਪਹਿਲੇ ਦਹਾਕੇ ਦੇਣ ਦਾ ਵਾਅਦਾ ਅੱਜਸੱਤ ਦਹਾਕੇ ਬਾਅਦ ਵੀ ਪੂਰਾ ਨਹੀਂ ਹੋ ਸਕਿਆ।ਸਥਾਨਕ ਸਰਕਾਰਾਂ ਦੀ ਮੁਢਲੀ ਇਕਾਈ ਪੰਚਾਇਤ ਹੈ । ਇਸ ਲਈ ਇਥੋਂ ਲੋਕਤੰਤਰ ਦੀ ਸ਼ੁਰੂਆਤ ਹੁੰਦੀ ਹੈ । ਇਹ ਚੋਣਾਂ ਸਾਫ ਸੁੱਥਰੀਆਂ ਹੋਣੀਆਂ ਚਾਹੀਦੀਆਂ ਹਨ ਪਰ ਦੇਖਣ ‘ਚ ਆਉਂਦਾ ਹੈ ਕਿ ਹਰ ਸਰਕਾਰ ਇਨ੍ਹਾਂ ਚੋਣਾਂ ‘ਚ ਕਈ ਵਾਰੀ ਕਾਗਜ਼ ਰੱਦ ਕਰਨ, ਉਮੀਦਵਾਰਾਂ ਨੂੰ ਡਰਾਉਣ ਧਮਕਾਉਣ ਦੇ ਵਿਰੋਧੀਆਂ ਵਲੋਂ ਅਕਸਰ ਇਲਜ਼ਾਮ ਲਗਾਏ ਜਾਂਦੇ ਹਨ , ਕੁਝ ਹੱਦ ਤੱਕ ਇਹ ਸਹੀ ਵੀ ਹੁੰਦਾ ਹੈ ।ਪਿੰਡਾਂ ਵਿੱਚ ਜਿਥੇ ਔਰਤਾਂ ( ਐਸ.ਸੀ.) ਜਾਂ ਐਸ.ਸੀ. ਕੈਟਾਗਰੀ ਲਈ ਸਰਪੰਚ ਰਿਜ਼ਰਵ ਹੁੰਦਾ ਹੈ । ਉਥੇ ਕਈ ਵਾਰੀ ਪ੍ਰੈਸ਼ਰ ਅਧੀਨ ਉਮੀਦਵਾਰਾਂ ਨੂੰ ਖੜ੍ਹਾ ਕਰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਉਨ੍ਹਾ ਦੇ ਪਤੀ , ਪੁੱਤਰ ਜਦੋਂ ਕਿ ਬਾਹਰਲੇ ਰਸੂਖ ਵਾਲੇ ਮੋਹਤਬਰ ਬੰਦੇ ਖੜ੍ਹੇ ਹੋਏ ਉਮੀਦਵਾਰਾਂ ਨੂੰ ਸਮਝਾ ਕੇ ਸਰਬਸੰਮਤੀ ਕਰਵਾ ਸਕਦੇ ਹਨ ਪਰ ਉਂਗਲੀ ਲਾਉਣ ਵਾਲੇ ਚੋਣ ਕਰਾ ਕੇ ਹੀ ਰਾਜ਼ੀ ਹੁੰਦੇ ਹਨ । ਜਿਸ ਨਾਲ ਪੈਸੇ ਦੀ ਬਰਬਾਦੀ ਵਾਧੂ ਹੋ ਜਾਂਦੀ ਹੈ ਅਤੇ ਜੋ ਸਰਕਾਰ ਨੇ ਸਰਬਸੰਮਤੀ ਵਾਲੀ ਪੰਚਾਇਤ ਨੂੰ ਪੰਜ ਲੱਖ ਦੇਣਾ ਹੁੰਦਾ ਉਹ ਵੀ ਨਹੀਂ ਮਿਲਦਾ । ਇਸ ਤਰ੍ਹਾਂ ਪਿੰਡਾਂ ਦੇ ਲੋਕਾਂ ਨੂੰ ਮੂਹਰੇ ਆ ਕੇ ਮਾੜੀ ਸੋਚ ਵਾਲੇ ਵਿਅਕਤੀਆਂ ਨੂੰ ਦਰਕਿਨਾਰ ਕਰਕੇ ਪਿੰਡ ਦੀ ਭਲਾਈ ਵਾਲਾ ਫੈਸ਼ਲਾ ਲੈਣਾ ਚਾਹੀਦਾ ਹੈ ।ਚੋਣ ਲੜ ਰਹੇ ਸਰਪੰਚਾਂ ਦੀ ਚੋਣ ‘ਚ ਨਵਾਂ ਰੁਝਾਨ ਵੱਧਿਆ ਹੈ ਕਿ ਮੈਂਬਰ ਪਹਿਲਾਂ ਹੀ ਪਾਰਟੀਬਾਜ਼ੀ ‘ਚ ਪੈ ਕੇ ਸਰਪੰਚ ਨਾਲ ਜੁੜ ਜਾਂਦੇ ਹਨ।ਸਰਪੰਚ ਦੇ ਪੱਖ ਦੇ ਖੜ੍ਹੇ ਮੈਂਬਰ ਕੋਈ ਜਰੂਰੀ ਨਹੀਂ ਕਿ ਸਾਰੇ ਹੀ ਯੋਗ ਹੋਣ , ਇਸ ਕਰਕੇ ਆਪਣੇ ਵਾਰਡ ਦੇ ਮੈਂਬਰ ਦੀ ਸਖਸ਼ੀਅਤ ਨੂੰ ਪਰਖ ਕੇ ਹੀ ਵੋਟ ਦਿਓ । ਵਾਰਡਾਂ ਦੇ ਮੈਂਬਰ ਆਮ ਤੌਰ ਤੇ ਮੈਂਬਰ ਤਾਂ ਬਣ ਜਾਂਦੇ ਹਨ ਆਪਣੇ ਵਾਰਡ ਦੀਆਂ ਜਰੂਰਤਾਂ ਵੱਲ ਘੱਟ ਹੀ ਧਿਆਨ ਦੇਂਦੇ ਹਨ । ਜੋ ਕੋਈ ਵਾਰਡ ‘ਚ ਕੰਮ ਹੁੰਦਾ ਮੈਂਬਰ ਉਸ ਕੰਮ ਲਈ ਵਰਤੇ ਜਾ ਰਹੇ ਮਟੀਰੀਅਲ ਨੂੰ ਚੈਕ ਕਰੇ ਕਿ ਠੀਕ ਮਾਤਰਾ ‘ਚ , ਕੁਆਲਟੀ ਪੱਖੋਂ ਅੱਵਲ ਹੈ । ਆਮ ਤੌਰ ਤੇ ਕੰਮ ਚਲਾਊ ਕੰਮ ਕਰ ਦਿੱਤਾ ਜਾਂਦਾ ਜੋ ਥੌੜੇ੍ਹ ਦਿਨਾਂ ਬਾਦ ਹੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ।ਮੈਂਬਰਾਂ ਅੰਦਰ ਆਪਣੇ ਵਾਰਡ ਦੇ ਸਰਵਪੱਖੀ ਵਿਕਾਸ ਲਈ ਵਾਰਡ ਦੇ ਸਹਿਯੋਗ ਨਾਲ ਨਮੂਨੇ ਦਾ ਵਾਰਡ ਬਣਾਉਣ ਦੀ ਖਾਹਿਸ਼ ਹੋਣੀ ਚਾਹੀਦੀ ਹੈ । ਜਿਸ ਕੋਲ ਇਹ ਭਾਵਨਾ ਨਹੀਂ ਉਸ ਨੂੰ ਮੈਂਬਰ ਨਹੀਂ ਬਣਨਾ ਚਾਹੀਦਾ ।ਇਸੇ ਤਰ੍ਹਾਂ ਹੀ ਸਰਪੰਚ ਦੀ ਸੋਚ ਹੋਣੀ ਚਾਹੀਦੀ ਹੈ । ਜਦੋਂ ਦੀਆਂ ਪੰਚਾਇਤਾਂ ਹੋਂਦ ‘ਚ ਆਈਆਂ ਹਨ ਉਦੋਂ ਦਾ ਹੀ ਗਲੀਆਂ ਨਾਲੀਆਂ ਦਾ ਮੁੱਦਾ ਹੱਲ ਨਹੀਂ ਹੋ ਸਕਿਆ ਅਜੇ ਵੀ ਇਨ੍ਹਾਂ ਲਈ ਹੀ ਗ੍ਰਾਂਟਾਂ ਦੀ ਮੰਗ ਕੀਤੀ ਜਾ ਰਹੀ ਹੈ । ਪਿੰਡਾਂ ਦੇ ਨਾਲੀਆਂ ਦੇ ਪਾਣੀ ਦੀ ਨਿਕਾਸੀ ਦੇ ਉਚਿੱਤ ਪ੍ਰਬੰਧ ਨਾ ਹੋਣ ਕਾਰਨ ਪਾਣੀ ਅਜੇ ਵੀ ਪਿੰਡ ਦੇ ਰਸਤਿਆਂ ਉੱਪਰ ਖੜ੍ਹਾ ਰਹਿੰਦਾ ਹੈ ।ਇਸ ਦੇ ਹੱਲ ਲਈ ਸਰਕਾਰ ਨੂੰ ਵੀ ਵਿਸ਼ੇਸ਼ ਪ੍ਰੋਜੈਕਟ ਹੋਂਦ ‘ਚ ਲਿਆਉਣੇ ਚਾਹੀਦੇ ਹਨ ।
ਸੋ ਲੋਕਤੰਤਰ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਸਾਰਿਆਂ ਨੂੰ ਆਪਣੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ,ਜੋ ਕਿ ਆਪਣੇ ਪਸ਼ੰਦੀਦਾ ਮੈਂਬਰ ਨੂੰ ਚੁਣਨ ਦੀ ਸ਼ਕਤੀ ਰੱਖਦੀ ਹੈ।ਕਈ ਵੋਟਰ ਸੋਚਦੇ ਹੋਣਗੇ ਕਿ ਮੇਰੀ ਵੋਟ ਨਾਲ ਕੀ ਫਰਕ ਪੈਣਾ,ਨਹੀਂ ਇੱਕ ਇੱਕ ਬੂੰਦ ਨਾਲ ਜਿਵੇਂ ਘੜਾ ਭਰ ਜਾਂਦਾ ਇਸੇ ਤਰ੍ਹਾਂ ਇੱਕ ਇੱਕ ਵੋਟ ਵੀ ਉਮੀਦਵਾਰ ਨੂੰ ਜਿੱਤਾਉਣ ਦੀ ਸ਼ਕਤੀ ਰੱਖਦੀ ਹੈ।ਸੋ ਆਪਣੀ ਵੋਟ ਦੀ ਕੀਮਤ ਜਰੂਰ ਸਮਝ ਲੈਣੀ ਚਾਹੀਦੀ ਹੈ ।ਸਾਰੇ ਨਵੇਂ ਬਣਨ ਵਾਲੇ ਸਰਪੰਚਾਂ ਦੀ ਸੋਚ ਸਰਪੰਚ ਬਣਨ ਤੋਂ ਬਾਅਦ ਆਸ ਹੈ ਬਿਨ੍ਹਾਂ ਪੱਖਪਾਤ ਦੇ ਪੂਰੇ ਪਿੰਡ ਦੀ ਭਲਾਈ ਵਾਲੀ ਹੀ ਹੋਵੇਗੀ ਤਾਂ ਕਿ ਪੰਜਾਬ ਦੇ ਪਿੰਡਾਂ ਦਾ ਹੋਰ ਵਿਕਾਸ ਹੋ ਸਕੇ ।
-ਮੇਜਰ ਸਿੰਘ ਨਾਭਾ{ਪਟਿਆਲਾ}
Leave a Comment
Your email address will not be published. Required fields are marked with *