ਐਡਮਿੰਟਨ ਪਬਲਿਕ ਲਾਇਬ੍ਰੇਰੀ ਮੈਡੋਜ 17 ਸਟਰੀਟ ਵਿਖੇ ਪੀਵੀ ਯੂਨਾਈਟਿਡ ਕਲਚਰਲ ਕਲੱਬ ਐਡਮਿੰਟਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਲਾਇਬ੍ਰੇਰੀ ਵਿੱਚ ਇਕੱਤਰ ਅਨੇਕਾਂ ਬਜ਼ੁਰਗ ਸ਼ਖਸ਼ੀਅਤਾਂ, ਵਿਦਿਆਰਥੀਆਂ ਅਤੇ ਹੋਰ ਹਾਜ਼ਰ ਪਤਵੰਤੇ ਸੱਜਣਾਂ ਨੇ ਇਸ ਪੁਰਬ ਦੀ ਸ਼ੋਭਾ ਵਧਾਈ। ਵਿਸ਼ੇਸ਼ ਤੌਰ ’ਤੇ ਪ੍ਰਧਾਨ ਸਰਬਜੀਤ ਸਿੰਘ ਸਿੱਧੂ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ, ਸੈਕਟਰੀ ਗੁਰਿੰਦਰ ਸਿੰਘ ਸਿੱਧੂ, ਦੰਗਲ ਸਿੰਘ ਝੱਜ, ਜੰਗਬਹਾਦਰ ਸਿੰਘ, ਅਮਰਜੀਤ ਸਿੰਘ ਪੰਧੇਰ, ਚਰਨਜੀਤ ਸਿੰਘ ਦਿਓਲ ਦੇ ਨਿੱਘੇ ਸਹਿਯੋਗ ਤੋਂ ਇਲਾਵਾ ਹੋਰ ਕਿਰਿਆਵਾਂ ਵਿੱਚ ਸਵਰਨ ਸਿੰਘ ਬਰਾੜ ਛੋਟਾ ਘਰ, ਅਮਰਜੀਤ ਸਿੰਘ ਬਰਾੜ ਗੱਜਣ ਵਾਲਾ, ਸ਼ਾਮ ਸੁੰਦਰ, ਗੁਰਦਿਆਲ ਸਿੰਘ ਸੰਘਾ, ਸੁਰਿੰਦਰ ਸਿੰਘ ਬਰਾੜ, ਕਮਲਜੀਤ ਰਾਏ, ਚਮਨ ਲਾਲ ਚੌਹਾਨ, ਵਰਿੰਦਰ ਸਿੰਘ, ਹਰਪ੍ਰੀਤ ਸਿੰਘ, ਕਸ਼ਮੀਰ ਸਿੰਘ ਨਿਰਮਾਣ, ਪਾਰਸ ਰਾਮ ਮਹੀਨੀਆ ਆਦਿ ਨੇ ਸਹਿਯੋਗ ਦਿੱਤਾ। ਇਸ ਸ਼ੁਭ ਅਵਸਰ ’ਤੇ ਕੁਲਵਿੰਦਰ ਸਿੰਘ ਸਿੱਧੂ, ਗੁਰਿੰਦਰ ਸਿੰਘ ਸਿੱਧੂ ਅਤੇ ਦੰਗਲ ਸਿੰਘ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਭਾਰਤ ਰਿਸ਼ੀਆਂ ਮੁਨੀਆਂ, ਪੀਰਾਂ, ਫਕੀਰਾਂ ਅਤੇ ਸਾਧੂ ਸੰਤਾਂ ਦੀ ਧਰਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅਜਿਹੇ ਮਹਾਂਪੁਰਸ਼ ਸਨ ਜਿਨਾਂ ਨੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ। ਆਪ ਸਿੱਖ ਧਰਮ ਦੇ ਪਹਿਲੇ ਗੁਰੂ ਸਨ ਜਿੰਨਾ ਲੰਗਰ ਦੀ ਪ੍ਰਥਾ ਚਲਾਈ ਜੋ ਅੱਜ ਤੱਕ ਜਾਰੀ ਹੈ ਅਤੇ ਰਹਿੰਦੀ ਦੁਨੀਆਂ ਤੱਕ ਜਾਰੀ ਰਹੇਗੀ। ਗੁਰੂ ਜੀ ਨੇ ਏਸ਼ੀਆ ਭਰ ਵਿੱਚ ਦੂਰ-ਦੂਰ ਤੱਕ ਯਾਤਰਾ ਕੀਤੀ ਅਤੇ ਲੋਕਾਂ ਨੂੰ ੴ ਦਾ ਸੰਦੇਸ਼ ਦਿੱਤਾ। ਉਨ੍ਹਾਂ ਆਪਣੀ ਬਾਣੀ ਵਿੱਚ ਸਦੀਵੀ ਸੱਚ ਦਾ ਗਠਨ, ਸੰਕਲਪ, ਸਮਾਨਤਾ, ਭਾਈਚਾਰਕ, ਪਿਆਰ, ਚੰਗਿਆਈ ਅਤੇ ਨੇਕੀ ’ਤੇ ਅਧਾਰਤ ਇੱਕ ਵਿਲੱਖਣ ਆਧਿਆਤਮਿਕ, ਸਮਾਜਿਕ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਨੀਂਹ ਰੱਖੀ। ਵੰਡ ਛਕੋ, ਕਿਰਤ ਕਰੋ, ਨਾਮ ਜਪੋ ਦਾ ਸੰਦੇਸ਼ ਦਿੱਤਾ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਸਿਧਾਂਤ ਸਾਨੂੰ ਚੰਗਾ ਜੀਵਨ ਜਿਉਣ ਤੇ ਵਧੀਆ ਸਮਾਜ ਸਿਰਜਣ ਦੀ ਸੇਧ ਦਿੰਦੇ ਹਨ। ਉਨ੍ਹਾਂ ਨੇ ਸਮਾਜ ਵਿੱਚ ਮਹਿਲਾਵਾਂ ਦਾ ਦਰਜ਼ਾ ਉੱਚਾ ਚੁੱਕਣ ਲਈ ਸੋ ਕਿਓੁ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਦਾ ਸੁਨੇਹਾ ਦਿੱਤਾ। ਇਕੱਤਰ ਸੰਗਤ ਲਈ ਲੰਗਰ ਦਾ ਵਧੀਆ ਇੰਤਜ਼ਾਮ ਕੀਤਾ ਗਿਆ।
ਬਲਵਿੰਦਰ ਬਲਾਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ
ਮੋ. 98156-25409