ਮਾਣਮੱਤੇ ਗਾਇਕ ਸੁਖਵਿੰਦਰ ਸੁੱਖੀ ਨੇ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨਿਆ
ਸਰੀ, 9 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਫੈਮਿਲੀ ਐਸੋਸੀਏਸ਼ਨ ਵੈਨਕੂਵਰ ਵੱਲੋਂ ਆਪਣੀ ਸਾਲਾਨਾ ਪਿਕਨਿਕ ਅਮਰੀਕਾ ਬਾਰਡਰ ‘ਤੇ ਸਥਿਤ ‘ਪੀਸ ਆਰਚ ਪਾਰਕ’ ਵਿਖੇ ਮਨਾਈ ਗਈ ਜਿਸ ਵਿਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਿਦਿਆਰਥੀਆਂ, ਅਧਿਆਪਕਾਂ, ਸਾਇੰਸਦਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਾਮੂਲੀਅਤ ਕੀਤੀ।
ਬਹੁਤ ਸੁੰਦਰ ਅਤੇ ਵਿਸ਼ਾਲ ਪਾਰਕ ਵਿਚ ਐਸੋਸੀਏਸ਼ਨ ਦੇ ਮੁੱਖ ਆਗੂ ਡਾ. ਗੁਲਜ਼ਾਰ ਸਿੰਘ ਵਿਲਿੰਗ ਨੇ ਸਭਨਾਂ ਦਾ ਸਵਾਗਤ ਕੀਤਾ। ਇਸ ਮੌਕੇ ਪਹੁੰਚੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਪੰਜਾਬੀ ਗਾਇਕੀ ਦੇ ਮਾਣਮੱਤੇ ਕਲਾਕਾਰ ਸੁਖਵਿੰਦਰ ਸੁੱਖੀ ਨੇ ਲੋਕ ਤੱਥਾਂ, ਟੱਪਿਆਂ ਅਤੇ ਆਪਣੇ ਹਰਮਨ ਪਿਆਰੇ ਗੀਤਾਂ ਨਾਲ ਖੂਬ ਮਨੋਰੰਜਨ ਕੀਤਾ। ਡਾ. ਰਣਦੀਪ ਮਲਹੋਤਰਾ ਅਤੇ ਗੁਰਮਿੰਦਰ ਕੌਰ ਨੇ ਵੀ ਆਪਣੀ ਸੁਰੀਲੀ ਆਵਾਜ਼ ਵਿਚ ਕੁਝ ਗੀਤ ਪੇਸ਼ ਕੀਤੇ।
ਡਾ. ਗੁਲਜ਼ਾਰ ਸਿੰਘ ਵਿਲਿੰਗ ਨੇ ਪੀ.ਏ.ਯੂ. ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਵੱਲੋਂ ਭੇਜਿਆ ਵਧਾਈ ਪੱਤਰ ਪੜ੍ਹ ਕੇ ਸੁਣਾਇਆ। ਡਾ. ਇਕਵਿੰਦਰ ਸਿੰਘ ਨੇ ਪੰਜਾਬ ਵਿਚ ਆਵਾਰਾ ਕੁੱਤਿਆਂ ਦੀ ਸਮੱਸਿਆ ਸੰਬੰਧੀ ਬਣਾਈ ਸੰਸਥਾ ਅਤੇ ਇਸ ਦੇ ਕਾਰਜ ਬਾਰੇ ਦਸਦਿਆਂ ਸਭ ਨੂੰ ਇਸ ਸੰਸਥਾ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਨਾਮਵਰ ਸ਼ਖ਼ਸੀਅਤਾਂ, ਸਹਿਯੋਗੀਆਂ ਅਤੇ ਵਿਸ਼ੇਸ਼ ਕਰ ਕੇ ਐਸੋਸੀਏਸ਼ਨ ਦੇ ਮੈਂਬਰਾਂ ਦੀਆਂ ਪਤਨੀਆਂ ਨੂੰ ਐਸੋਸੀਏਸ਼ਨ ਵੱਲੋਂ ਮਾਣ ਸਨਮਾਨ ਦਿੱਤਾ ਗਿਆ। ਮੰਚ ਸੰਚਾਲਨ ਦਵਿੰਦਰ ਸਿੰਘ ਬੈਨੀਪਾਲ ਨੇ ਬਾਖੂਬੀ ਕੀਤਾ।
ਬੱਚਿਆਂ, ਔਰਤਾਂ ਅਤੇ ਮਰਦਾਂ ਦੇ ਰੱਸਾਕਸੀ ਮੁਕਾਬਲੇ ਬੜੇ ਰੌਚਕ ਰਹੇ। ਸਭ ਨੇ ਸਵਾਦਿਸ਼ਟ ਖਾਣੇ ਦਾ ਆਨੰਦ ਮਾਣਿਆ ਅਤੇ ਖੁਸ਼ਗਵਾਰ ਮੌਸਮ ਵਿਚ ਕੁਦਰਤ ਦੇ ਖੁੱਲ੍ਹੇ ਨਜ਼ਾਰਿਆਂ ਨੂੰ ਆਪਣੀਆਂ ਯਾਦਾਂ ਦਾ ਸਰਮਾਇਆ ਬਣਾਇਆ।