ਸੰਘਰਸ਼ਸ਼ੀਲ ਸਾਹਿਤਕਾਰ ਸਮਾਜ ਵਿੱਚ ਉੱਚਾ ਰੁਤਬਾ ਹਾਸਲ ਕਰਨ ਵਿੱਚ ਕਾਮਯਾਬ ਹੋਇਆ।
ਸੰਗਰੂਰ 6 ਮਈ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)
ਸ਼ਹੀਦਾ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬੀ ਸਾਹਿਤ ਸੰਗਰੂਰ ਵੱਲੋਂ ਅਨੋਖ ਸਿੰਘ ਵਿਰਕ ਦੀ ਪੁਸਤਕ “ਜੀਵਨ ਦਰਿਆ’ ਦਾ ਲੋਕ ਅਰਪਣ ਤੇ ਵਿਚਾਰ ਚਰਚਾ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਨਿਊ ਪੰਜਾਬੀ ਵਿਰਸਾ ਰੈਸਟੋਰੈਟ ਸੰਗਰੂਰ ਵਿਖੇ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਨਰਵਿੰਦਰ ਸਿੰਘ ਕੌਂਸ਼ਲ ਨੇ ਕੀਤੀ, ਮੁੱਖ ਮਹਿਮਾਨ ਕਰਨਲ ਦਇਆ ਸਿੰਘ ਸਨ। ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਉਦਘਾਟਨੀ ਸ਼ਬਦ ਕਹੇ। ਡਾ. ਤੇਜਵੰਤ ਮਾਨ ਸਾਹਿਤ ਰਤਨ ਇਸ ਸਮਾਗਮ ਦੀ ਮੁੱਖ ਵਕਤਾ ਸਨ। ਇਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਬਹਾਦਰ ਸਿੰਘ ਰਾਓ ਸਾਬਕਾ ਡੀ.ਐਸ.ਪੀ., ਡਾ. ਚੂਹੜ ਸਿੰਘ, ਪਵਨ ਹਰਚੰਦਪੁਰੀ, ਡਾ. ਰਾਕੇਸ਼ ਸ਼ਰਮਾ, ਕੈਪਟਨ ਮਹਿੰਦਰ ਸਿੰਘ, ਅਨੋਖ ਸਿੰਘ ਵਿਰਕ, ਅਤੇ ਡਾ. ਭਗਵੰਤ ਸਿੰਘ ਸ਼ਾਮਲ ਹੋਏ। ਡਾ. ਜਗਦੀਪ ਕੌਰ ਅਹੂਜਾ ਤੇ ਜੋਗਿੰਦਰ ਕੌਰ ਅਗਨੀਹੋਤਰੀ ਨੇ ਪੁਸਤਕ ੳੁੱਪਰ ਪੇਪਰ ਪੜ੍ਹੇ। ਏ.ਪੀ. ਸਿੰਘ ਦੇ ਸ਼ਬਦ ਗਾਇਨ ਨਾਲ ਆਰੰਭ ਹੋਏ ਸਮਾਗਮ ਵਿੱਚ ਡਾ. ਸਵਰਾਜ ਸਿੰਘ ਨੇ ਉਦਘਾਟਨ ਸ਼ਬਦ ਕਹਿੰਦੇ ਹੋਏ ਇਹ ਪੱਖ ਵਾਰਿਆ ਪੁਸਤਕ ਵਿੱਚ ਤਿੰਨ ਮੁੱਖ ਪੱਖ ਉਭਰਦੇ ਹਨ:- ਹੇਰਵਾ, ਸੰਘਰਸ਼ ਅਤੇ ਪਰਵਾਸ। ਹੇਰਵਾਂ ਜਾਂ ਪੁਰਾਣੀਆਂ ਯਾਦਾਂ ਲੇਖਕ ਦੇ ਬਚਪਨ, ਜਵਾਨੀ ਅਤੇ ਪੌੜ ਅਵਸਥਾ ਦੇ ਪੰਜਾਬ ਦਾ ਚਿੱਤਰ ਪੇਸ਼ ਕਰਦੀਆਂ ਹਨ। ਅਜੋਕੇ ਪੰਜਾਬ ਦੀ ਤੁਲਨਾ ਵਿੱਚ ਉਹ ਪੰਜਾਬ ਸਾਨੂੰ ਸਮਾਜਿਕ ਅਤੇ ਸਭਿਆਚਾਰਿਕ ਤੌਰ ਤੇ ਜ਼ਿਆਦਾ ਸਥਿਰ ਨਜ਼ਰ ਆਉਂਦਾ ਹੈ ਜਿਸ ਵਿੱਚ ਖਾਮੀਆਂ ਦੇ ਬਾਵਜੂਦ ਸਾਡਾ ਪਰਿਵਾਰਿਕ ਅਤੇ ਸਮਾਜਿਕ ਢਾਂਚਾ ਕਾਇਮ ਹੈ, ਇਸੇ ਤਰ੍ਹਾਂ ਸਮਾਜਿਕ ਅਤੇ ਰਾਜਨੀਤਿਕ ਭ੍ਰਿਸ਼ਟਾਚਾਰ ਦੇ ਬਾਵਜੂਦ ਸਾਡੀ ਨੈਤਿਕਤਾ ਅਤੇ ਕਦਰਾਂ-ਕੀਮਤਾਂ ਵੀ ਸਮੁੱਚੇ ਤੌਰ ਤੇ ਸਥਿਰ ਨਜ਼ਰ ਆਉਂਦੀਆਂ ਹਨ। ਲੇਖਕ ਗਰੀਬੀ ਤੋਂ ਉੱਠ ਕੇ ਵੀ ਸੰਘਰਸ਼ ਕਰਕੇ ਸਮਾਜ ਵਿੱਚ ਸਤਿਕਾਰਿਤ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਹੁੰਦਾ ਹੈ। ਇਸ ਦੇ ਉਲਟ ਅੱਜ ਬਹੁਤ ਸਾਰੇ ਪੰਜਾਬੀ ਸੰਘਰਸ਼ ਦਾ ਰਾਹ ਤਿਆਗ ਕੇ ਪੁਰਖਿਆਂ ਦੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਪਰਵਾਸ ਕਰਕੇ ਉਹ ਕੰਮ ਕਰ ਰਹੇ ਹਨ ਜੋ ਉੱਥੋਂ ਦੀ ਸਥਾਨਿਕ ਵੱਸੋਂ ਕਰਨਾ ਨਹੀਂ ਚਾਹੁੰਦੀ ਭਾਵੇਂ ਕਿ ਐਕਸਚੇਂਜ਼ ਰੇਟ ਕਾਰਨ ਉਹ ਚੰਗੇ ਪੈਸੇ ਵੀ ਬਣਾ ਸਕਦੇ ਹਨ ਪ੍ਰੰਤੂ ਉਨ੍ਹਾਂ ਕੰਮਾਂ ਕਾਰਨ ਉਨ੍ਹਾਂ ਦਾ ਸਮਾਜਿਕ ਦਰਜ਼ਾ ਉਨ੍ਹਾਂ ਨੂੰ ਹੇਠਲੀ ਸ਼੍ਰੇਣੀ ਜਾਂ ਅੰਡਰ ਕਲਾਸ ਬਣਨ ਵੱਲ ਲੈ ਜਾਂਦਾ ਹੈ। ਲੇਖਕ ਪਰਵਾਸ ਤੋਂ ਉਪਜੀ ਇਕਲਾਪੇ ਅਤੇ ਪਰਿਵਾਰਿਕ ਬਿਖੇਰ ਦੀ ਸੱਮਸਿਆ ਨੂੰ ਖੂਬਸੂਰਤੀ ਨਾਲ ਸਾਡੇ ਸਾਹਮਣੇ ਲਿਆਉਂਦਾ ਹੈ। ਇਹ ਅਲਾਮਤਾਂ ਪੰਜਾਬੀਆਂ ਨੂੰ ਡੀਪਰੈਸ਼ਨ ਵੱਲ ਧੱਕ ਰਹੀਆਂ ਹਨ। ਪਰਵਾਸ ਨੂੰ ਪ੍ਰੋਤਸਾਹਿਤ ਕਰਨ ਲਈ ਜੋ ਝੂਠਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਪੰਜਾਬ ਨਰਕ ਹੈ ਅਤੇ ਸਵਰਗ ਵਿਦੇਸ਼ਾਂ ਵਿੱਚ ਹੈ, ਸੱਚਾਈ ਦੀ ਕਸੌਟੀ ਤੇ ਪੂਰਾ ਨਹੀਂ ਉਭਰਦਾ ਕਿਉਂਕਿ ਸਵਰਗ ਜਾਂ ਨਰਕ ਕੋਈ ਜਗ੍ਹਾ ਨਹੀਂ ਸਗੋਂ ਮਨ ਦੀਆਂ ਅਵਸਥਾਵਾਂ ਹੁੰਦੀਆਂ ਹਨ। ਜ਼ਾਹਿਰ ਹੈ ਕਿ ਜਿੱਥੇ ਚੜ੍ਹਦੀਕਲਾ ਸਵਰਗ ਦੀ ਪ੍ਰਤੀਕ ਹੈ ਉੱਥੇ ਡੀਪਰੈਸ਼ਨ ਨਾਲ ਜਿਉਣਾ ਨਰਕ ਹੰਢਾਉਣ ਦੇ ਬਰਾਬਰ ਹੈ। ਅੰਕੜੇ ਇਹ ਵੀ ਦਰਸ਼ਾ ਰਹੇ ਹਨ ਕਿ ਵਿਦੇਸ਼ਾਂ ਅਤੇ ਖਾਸ ਕਰਕੇ ਕਨੇਡਾ ਵਿੱਚ ਜਿੱਥੇ ਕਿ ਸਭ ਤੋਂ ਵੱਧ ਪੰਜਾਬੀ ਪਰਵਾਸ ਕਰ ਰਹੇ ਹਨ ਡੀਪਰੈਸ਼ਨ ਪੰਜਾਬ ਨਾਲੋਂ ਕਈ ਗੁਣਾ ਜ਼ਿਆਦਾ ਹੈ। ਭਾਰਤ ਵਿੱਚ ਲਗਭਗ 10% ਲੋਕ ਡੀਪਰੈਸ਼ਨ ਤੋਂ ਪੀੜ੍ਹਤ ਹਨ। ਪੰਜਾਬ ਵਿੱਚ ਇਹ ਗਿਣਤੀ ਲਗਭਗ 13% ਹੈ ਜਦੋਂ ਕਿ ਕਨੇਡਾ ਦੇ ਹਰ ਤਿੰਨ ਪੰਜਾਬੀਆਂ ਵਿੱਚੋਂ ਇੱਕ ਡੀਪਰੈਸ਼ਨ ਤੋਂ ਪੀੜ੍ਹਤ ਹੈ। ਜ਼ਾਹਿਰ ਹੈ ਕਿ ਇਹ ਪੰਜਾਬ ਨਾਲੋਂ ਤਿੰਨ ਗੁਣਾਂ ਜ਼ਿਆਦਾ ਹੈ। ਮੁੱਖ ਵਕਤਾ ਡਾ. ਤੇਜਵੰਤ ਸਿੰਘ ਮਾਨ ਨੇ ਅਨੋਖ ਸਿੰਘ ਵਿਰਕ ਦੀ ਪੁਸਤਕ ਬਾਰੇ ਗੱਲ ਕਰਦੇ ਹੋਏ ਡਾ. ਸਵਰਾਜ ਸਿੰਘ ਦੀਆਂ ਧਾਂਰਨਾਵਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜੀਵਨ ਦਰਿਆ ਪੁਸਤਕ ਪੰਜਾਬੀ ਦੀ ਇੱਕ ਦਸਤਾਵੇਜੀ ਪੁਸਤਕ ਹੈ, ਜਿਸ ਦੇ ਵਿਸ਼ੇ ਅਤੇ ਰੂਪ ਪੱਖ ਦੀ ਵਿਲੱਖਣਤਾ ਇਸ ਨੂੰ ਗੌਰਵ ਪ੍ਰਦਾਨ ਕਰਦੀ ਹੈ। ਲੇਖਕ ਨੇ ਪੂਰੀ ਇਮਾਨਦਾਰੀ ਨਾਲ ਆਪਣੇ ਸੰਸਮਰਣ ਪ੍ਰਸਤੁੱਤ ਕੀਤੇ ਹਨ। ਇਹ ਪੰਜਾਬੀਆਂ ਨੂੰ ਸੰਘਰਸ਼ਸ਼ੀਲ ਹੋਣ ਲਈ ਪ੍ਰੇਰਿਤ ਕਰਦੀ ਹੈ। ਡਾ. ਜਗਦੀਪ ਕੌਰ ਅਤੇ ਜੋਗਿੰਦਰ ਕੌਰ ਅਗਨੀਹੋਤਰੀ ਨੇ ਆਪਣੇ ਪਰਚਿਆਂ ਵਿੱਚ ਪੁਸਤਕ ਦੇ ਸਿਧਾਂਤਕ ਅਤੇ ਸੁਹਜਾਤਮਕ ਪਹਿਲੂਆਂ ਨੂੰ ਬਹੁਤ ਸਰਲ ਅਤੇ ਸਪਸ਼ਟ ਭਾਸ਼ਾ ਵਿੱਚ ਅਗਰਮਭੂਮਿਤ ਕੀਤਾ।
ਵਿਚਾਰ ਚਰਚਾ ਵਿੱਚ ਡਾ. ਚੂਹੜ ਸਿੰਘ, ਪ੍ਰੋ. ਮੀਤ ਖਟੜਾ, ਮੋਹੀ ਅਮਰਜੀਤ ਸਿੰਘ, ਐਚ. ਮੋਹਿੰਦਰ ਸਿੰਘ, ਕੈਪਟਨ ਚਮਕੌਰ ਸਿੰਘ, ਦਲਬਾਰ ਸਿੰਘ ਚੱਠੇ ਸੇਖਵਾਂ, ਸ. ਸ. ਫੁੱਲ, ਦਰਸ਼ਨ ਸਿੰਘ ਪ੍ਰੀਤੀਮਰਨ, ਨਿਹਾਲ ਸਿੰਘ ਮਾਨ, ਪਵਨ ਹਰਚੰਦਪੁਰੀ, ਡਾ. ਚੂਹੜ ਸਿੰਘ, ਡਾ. ਨਰਵਿੰਦਰ ਸਿੰਘ ਕੌਸ਼ਲ, ਡਾ. ਇਕਬਾਲ ਸਿੰਘ ਸਕਰੌਦੀ, ਰਾਕੇਸ਼ ਸ਼ਰਮਾ, ਡਾ. ਭਗਵੰਤ ਸਿੰਘ ਜਗਦੀਪ ਸਿੰਘ ਗੰਧਾਰਾ, ਸੁਖਦੇਵ ਸਿੰਘ ਢਿਲੋਂ, ਬਹਾਦਰ ਸਿੰਘ ਡੀ.ਐਸ.ਪੀ. ਕਰਨਲ ਦਇਆ ਸਿੰਘ, ਕੁਲਵੰਤ ਕਸਕ ਨੇ ਭਾਗ ਲੈ ਕੇ ਪੁਸਤਕ ਦੇ ਵਿਸ਼ੇ ਅਤੇ ਰੂਪ ਪੱਖ ਬਾਰੇ ਬਹੁਤ ਉਸਾਰੂ ਸੰਵਾਦ ਰਚਾਇਆ। ਕੈਪਟਨ ਚਮਕੌਰ ਸਿੰਘ ਚਹਿਲ ਦਾ ਸਨਮਾਨ ਕੀਤਾ ਗਿਆ।
ਇਸ ਅਵਸਰ ਤੇ ਹੋਏ ਕਵੀ ਦਰਬਾਰ ਵਿੱਚ ਜਗਮੇਲ ਸਿੱਧੂ, ਜੀਤ ਹਰਜੀਤ, ਧਰਮੀ ਤੁੰਗਾਂ, ਗੁਰਨਾਮ ਸਿੰਘ, ਬਲਜਿੰਦਰ ਸਿੰਘ ਈਲਵਾਲ, ਸੁਰਿੰਦਰ ਪਾਲ ਸਿੰਘ ਸਿਦਕੀ, ਨਿਰਮਲਾ ਗਰਗ, ਗੁਲਜ਼ਾਰ ਸ਼ੌਕੀ, ਜੰਗੀਰ ਸਿੰਘ ਰਤਨ, ਸੁਖਦੇਵ ਸਿੰਘ ਅੋਲਖ, ਭੋਲਾ ਸਿੰਘ ਸੰਗਰਾਮੀ, ਨਾਹਰ ਸਿੰਘ ਮੁਬਾਰਕਪੁਰੀ, ਹਰਜੀਤ ਕਾਤਿਲ ਸ਼ੇਰਪੁਰ, ਅਮਰ ਗਰਗ ਕਲਮਦਾਨ, ਸੁਰਿੰਦਰ ਨਾਗਰਾ, ਮੀਤ ਸਕਰੌਦੀ, ਸਰਬਜੀਤ ਸੰਗਰੂਰਵੀ, ਏ.ਪੀ. ਸਿੰਘ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸਮਾਂ ਬੰਨਿ੍ਹਆ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵਿਭਿੰਨ ਕੋਨਿਆ ਤੋਂ ਉਤਕ੍ਰਿਸ਼ਟ ਵਿਦਵਾਨ, ਸਾਹਿਤਕਾਰ, ਸਮਾਜਸੇਵੀ, ਪੰਚ, ਸਰਪੰਚ, ਚਿੱਤਰਕਾਰ, ਫਨਕਾਰ, ਰੰਗਕਰਮੀ ਅਤੇ ਭਾਰਤੀ ਫੌਜ਼ ਤੇ ਕੁਝ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀ ਹਾਜ਼ਰੀ ਲਗਵਾਈ ਜਿਨ੍ਹਾਂ ਵਿੱਚ ਜਗਦੇਵ ਸਿੰਘ ਧਰਮ ਫੌਜ਼ੀ, ਬਾਬਾ ਪਿਆਰਾ ਸਿੰਘ, ਕੈਪਟਨ ਹਰਕੇਸ਼ ਸਿੰਘ, ਸੁਰਜੀਤ ਸਿੰਘ, ਦੇਵ ਸਿੰਘ ਘਾਬਦਾਂ, ਜਗਤਾਰ ਸਿੰਘ ਟਿਵਾਣਾ, ਪ੍ਰਿੰ. ਪ੍ਰੇਮ ਲਤਾ ਗਰਗ, ਰਣਜੀਤ ਸਿੰਘ ਮਾਨਸਾ, ਐਚ. ਮੋਹਿੰਦਰ ਸਿੰਘ ਚਿਤਰਕਾਰ, ਪ੍ਰਮਿੰਦਰ ਪੰਮੀ, ਡਾ. ਦਵਿੰਦਰ ਕੌਰ ਐਡਵੋਕੇਟ, ਸੁਮੀਰ ਫੱਤਾ ਐਡਵੋਕੇਟ, ਗੁਰਮਿੰਦਰ ਸਿੰਘ, ਕੈਪਟਨ ਸੁਖਬੀਰ ਸਿੰਘ, ਸੰਦੀਪ ਸਿੰਘ ਮੰਡੇਰ, ਅਮਿਤ ਪ੍ਰਦੀਪ ਸਿੰਘ ਵਿਰਕ, ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਸਿੰਘ ਗਰਗ, ਭਵਾਨੀਗੜ੍ਹ, ਭੀਮ ਸਿੰਘ ਆਦਿ ਦੇ ਨਾਂ ਜ਼ਿਕਰਯੋਗ ਹਨ। ਇਸ ਸਮਾਗਮ ਵਿੱਚ ਬਠਿੰਡਾ, ਜਗਰਾਓ, ਬਰਨਾਲਾ, ਧੂਰੀ, ਸ਼ੇਰਪੁਰ, ਪਟਿਆਲਾ, ਮਾਲੇਰਕੋਟਲਾ ਦੀਆਂ ਸਾਹਿਤ ਸਭਾਵਾਂ ਦੇ ਅਹੁਦੇਦਾਰ ਹੁੰਮ ਹੁਮਾ ਕੇ ਸ਼ਾਮਲ ਹੋਏ। ਅਨੋਖ ਸਿੰਘ ਵਿਰਕ ਨੇ ਇਸ ਵਿਚਾਰ ਚਰਚਾ ਤੋਂ ਪ੍ਰਭਾਵਿਤ ਹੋ ਕੇ ਕਿਹਾ ਕਿ ਉਹ ਭਵਿੱਖ ਵਿੱਚ ਹੋਰ ਵੀ ਵਧੀਆ ਸਿਰਜਨਾ ਕਰੇਗਾ। ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਲੇਖਕ ਦੀ ਪੁਸਤਕ ਅਤੇ ਸਮਾਗਮ ਦੀ ਸ਼ਲਾਘਾ ਕੀਤੀ। ਜਗਦੀਪ ਸਿੰਘ ਗੰਧਾਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਭਗਵੰਤ ਸਿੰਘ ਨੇ ਆਰੰਭ ਵਿੱਚ ਸਵਾਗਤ ਕਰਦੇ ਹੋਏ ਪੁਸਤਕ ਅਤੇ ਸਾਹਿਤ ਸਭਾ ਦੇ ਕਾਰਜਾ ਬਾਰੇ ਵੀ ਦੱਸਿਆ। ਗੁਰਨਾਮ ਸਿੰਘ ਨੇ ਬਹੁਤ ਵਧੀਆ ਮੰਚ ਸੰਚਾਲਨ ਕੀਤਾ। ਇਹ ਸਮਾਗਮ ਬਹੁਤ ਯਾਦਾਂ ਛੱਡ ਗਿਆ।
Leave a Comment
Your email address will not be published. Required fields are marked with *