*ਆਖਿਆ! ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਅਤੇ ਇਸਤਹਾਰਬਾਜੀ ਵਿੱਚ ਅਰਬਾਂ ਰੁਪਏ ਖਰਚ ਕਰਨ ਵਾਲੀ “ਆਪ” ਆਪਣੇ ਮੂਲ ਸਿਧਾਂਤਾਂ ਤੋਂ ਭਟਕੀ*
ਕੋਟਕਪੂਰਾ, 7 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਦੇ ਜਿਲ੍ਹਾ ਮੀਤ ਪ੍ਰਧਾਨ ਰਾਜਨ ਨਾਰੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ ਸਰਕਾਰ ਵੱਲੋਂ ਪੈਟਰੋਲ ਪਦਾਰਥਾਂ ਦੀਆਂ ਕੀਮਤਾਂ ‘ਚ ਬੇਲੋੜੇ ਵਾਧੇ ਅਤੇ ਬਿਜਲੀ ਫੀਸਾਂ ਵਿੱਚ 7 ਕਿਲੋਵਾਟ ਤੱਕ ਬਿਜਲੀ ਦੇ ਬਿਲਾਂ ਵਿੱਚ ਪ੍ਰਤੀ ਯੁਨਿਟ ਤਿੰਨ ਰੁਪਏ ਵਾਧਾ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਓਹਨਾ ਕਿਹਾ ਕਿ ਆਮ ਲੋਕਾਂ ਨੂੰ ਰਾਹਤ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦਾ ਖੂਨ ਚੂਸਣ ‘ਤੇ ਉਤਾਰੂ ਹੋ ਗਈ ਹੈ। ਉਹਨਾਂ ਕਿਹਾ ਕਿ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਅਤੇ ਇਸਤਹਾਰਬਾਜੀ ਵਿੱਚ ਅਰਬਾਂ ਰੁਪਏ ਖਰਚ ਕਰਨ ਵਾਲੀ ਇਹ ਪਾਰਟੀ ਆਪਣੇ ਕਥਿਤ ਮੂਲ ਸਿਧਾਂਤਾਂ ਤੋਂ ਬੁਰੀ ਤਰ੍ਹਾਂ ਭਟਕ ਚੁੱਕੀ ਹੈ। ਉਹਨਾਂ ਆਖਿਆ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਪੈਟਰੋਲ ਅਤੇ ਡੀਜਲ ‘ਤੇ ਵੈਲਯੂ-ਐਡਿਡ ਟੈਕਸ (ਵੈਟ) ਵਿੱਚ ਵੱਡਾ ਵਾਧਾ ਲਾਗੂ ਕਰਦਿਆਂ, ਕੀਮਤਾਂ ਵਿੱਚ 61 ਪੈਸੇ ਅਤੇ 92 ਪੈਸੇ ਪ੍ਰਤੀ ਲੀਟਰ ਦਾ ਨਜਾਇਜ ਵਾਧਾ ਕੀਤਾ ਹੈ। ਰਾਜਨ ਨਾਰੰਗ ਨੇ ਕਿਹਾ ਕਿ ਪੈਟਰੋਲ ਅਤੇ ਡੀਜਲ ਪਦਾਰਥਾਂ ਦੇ ਟੈਕਸਾਂ ਵਿੱਚ ਇਹ ਬੇਤਹਾਸ਼ਾ ਵਾਧਾ ਅਜਿਹੇ ਸਮੇਂ ਵਿੱਚ ਆਇਆ ਹੈ, ਜਦੋਂ ਸੂਬੇ ਦੇ ਨਾਗਰਿਕ ਪਹਿਲਾਂ ਹੀ ਮੰਦੀ ਅਤੇ ਬੇਰੋਜਗਾਰੀ ਸੰਕਟ ਕਾਰਨ ਆਰਥਿਕ ਚੁਣੌਤੀਆਂ ਨਾਲ ਜੂਝ ਰਹੇ ਹਨ। ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ‘ਚ ਨਾਕਾਮ ਹੋ ਕੇ ਲੋਕਾਂ ਦੇ ਭਰੋਸੇ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿਹਨਤੀ ਪੰਜਾਬੀਆਂ ਦੀ ਖੂਨ ਪਸੀਨੇ ਦੀ ਕਮਾਈ ਜਰੀਏ ਸਰਕਾਰੀ ਖਜਾਨੇ ਨੂੰ ਭਰਨ ਦੀ ਕੋਝੀ ਕੋਸ਼ਿਸ਼ ਸੱਤਾਧਾਰੀ ਪਾਰਟੀ ਦੇ ਘਟੀਆ ਪ੍ਰਸਾਸਨਿਕ ਸਵੈ-ਸੇਵਾ ਦੇ ਏਜੰਡੇ ਨੂੰ ਸਾਫ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੈਟ ਵਾਧੇ ਨੂੰ ਜਾਇਜ ਠਹਿਰਾਉਣਾ ਸਿਰਫ ਸੂਬੇ ਲਈ ਵਾਧੂ ਮਾਲੀਆ ਪੈਦਾ ਕਰਨ ਦਾ ਦਾਅਵਾ ਕੀਤਾ ਗਿਆ ਹੈ ਜੋ ਕਿ ‘ਆਪ ਸਰਕਾਰ ਦੇ ਮਾੜੇ ਇਰਾਦਿਆਂ ਅਤੇ ਗੈਰ-ਤਜਰਬੇ ਨੂੰ ਉਜਾਗਰ ਕਰਦੀ ਹੈ। ਓਹਨਾ ਕਿਹਾ ਕਿ ਆਮ ਆਦਮੀ ਵਾਂਗ ਰਹਿਣ ਦੇ ਸੁਪਨੇ ਦਿਖਾ ਕੇ ਵੋਟਾਂ ਲੈਣ ਵਾਲੀ ਭਗਵੰਤ ਮਾਨ ਸਰਕਾਰ ਦੇ ਲੀਡਰ ਖੁਦ ਵੀ.ਆਈ.ਪੀ. ਕਲਚਰ ਵਿਚ ਰਾਜਿਆਂ ਵਾਂਗ ਰਹਿ ਰਹੇ ਹਨ ਤੇ ਪੰਜਾਬੀਆਂ ਨੂੰ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਦੇ ਬੋਝ ਹੇਠ ਦੱਬ ਰਹੇ ਹਨ।