ਕੋਟਕਪੂਰਾ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐੱਸ.ਐੱਚ.ਐੱਫ. (ਰਜਿ:) ਦੇ ਸੇਵਾਦਾਰਾਂ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੰੁਦਿਆਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਵੰਡ ਲਈ ਇੱਕ ਸਾਦਾ ਸਮਾਰੋਹ ਸੇਵ ਹਿਊਮੈਨਿਟੀ ਕੰਪਿਊਟਰ ਸੈਂਟਰ, ਕੋਟਕਪੂਰਾ ਰੋਡ ਫਰੀਦਕੋਟ ਵਿਖੇ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਐੱਫ. (ਰਜਿ:) ਫਰੀਦਕੋਟ ਦੇ ਸੇਵਾਦਾਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਗੁਰੂ ਆਸਰਾ ਕਲੱਬ ਦੇ ਸਹਿਯੋਗ ਨਾਲ ਫਰੀਦਕੋਟ ਦੇ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ। ਇਹਨਾਂ ਪਰਿਵਾਰਾਂ ਵਿੱਚ ਬੇਸਹਾਰਾ ਬਜ਼ੁਰਗ, ਅੰਗਹੀਣ ਅਤੇ ਵਿਧਵਾਵਾਂ ਸ਼ਾਮਲ ਹਨ। ਉਹਨਾਂ ਦੱਸਿਆ ਕਿ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬ ਨਾਲ ਸਬੰਧਤ ਗੁਰੂ ਆਸਰਾ ਕਲੱਬ ਦੇ ਨੌਜਵਾਨ ਵੀਰਾਂ-ਭੈਣਾਂ ਵੱਲੋਂ ਸੰਗਤੀ ਰੂਪ ਵਿੱਚ ਹਰ ਮਹੀਨੇ ਆਪਣੀ ਕਿਰਤ ਕਮਾਈ ਦਾ ਦਸਵੰਧ ਇਕੱਠਾ ਕਰਦੇ ਹਨ ਅਤੇ ਪੰਜਾਬ ਦੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ, ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਆਰਥਿਕ ਮੱਦਦ, ਲੋੜਵੰਦ ਮਰੀਜਾਂ ਦੇ ਇਲਾਜ ਆਦਿ ਦੀ ਸੇਵਾ ਵਿੱਚ ਸਹਿਯੋਗ ਕਰਦੇ ਹਨ। ਇਸ ਸਾਦਾ ਸਮਾਗਮ ਵਿੱਚ ਕੰਵਰਜੀਤ ਸਿੰਘ ਖੋਜ ਅਫਸਰ, ਭਾਸ਼ਾ ਵਿਭਾਗ ਫਰੀਦਕੋਟ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਉਹਨਾਂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਅਤੇ ਸੰਸਥਾ ਵੱਲੋਂ ਆਪਣੇ ਸੇਵਾ ਕਾਰਜਾਂ ਰਾਹੀਂ ਮਨੁੱਖਤਾ ਦੀ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਹਰਪ੍ਰੀਤ ਸਿੰਘ ਭਿੰਡਰ ਅਤੇ ਜਸਪ੍ਰੀਤ ਸਿੰਘ ਨੇ ਗੁਰੂ ਆਸਰਾ ਕਲੱਬ ਦੇ ਸਮੂਹ ਸੇਵਾਦਾਰ ਵੀਰ ਭੈਣਾਂ ਦਾ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਦੇ ਵਿਦੇਸ਼ਾਂ ਵਿੱਚ ਵਸੇ ਧੀਆਂ/ਪੁੱਤਰ ਵਿਦੇਸ਼ਾਂ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, ਉੱਥੇ ਹੀ ਪੰਜਾਬ ਦੇ ਲੋੜਵੰਦਾਂ ਦੀ ਮੱਦਦ ਕਰਨਾ ਵੀ ਆਪਣਾ ਫਰਜ਼ ਸਮਝਦੇ ਹਨ। ਇਸ ਮੌਕੇ ਹਰਪ੍ਰੀਤ ਸਿੰਘ ਅਤੇ ਇਸ਼ਵਿੰਦਰ ਸਿੰਘ ਹਾਜਰ ਸਨ।