ਸਾਨੂੰ ਬਿਨਾ ਕਿਸੇ ਡਰ-ਭੈਅ ਤੋਂ ਕਰਨੀ ਚਾਹੀਦੀ ਹੈ ਵੋਟ ਦੀ ਵਰਤੋਂ : ਐਡਵੋਕੇਟ ਅਜੀਤ ਵਰਮਾ
ਕੋਟਕਪੂਰਾ, 31 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਦੀ ਮੀਟਿ੍ਰਗ ਚੌਧਰੀ ਖੁਸ਼ੀ ਰਾਮ, ਜੈ ਚੰਦ ਬੇਵਾਲ, ਹੰਸ ਰਾਜ ਅਤੇ ਐਡਵੋਕੇਟ ਅਜੀਤ ਵਰਮਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੁਸਾਇਟੀ ਮੈਂਬਰਾਂ ਨੇ ਕਿਹਾ ਕਿ ਜਿਵੇਂ ਸਾਡੇ ਦੇਸ਼ ’ਚ ਦੀਵਾਲੀ, ਹੋਲੀ, ਗੁਰਪੁਰਬ, ਈਦ ਆਦਿ ਤਿਉਹਾਰ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ। ਇਸੇ ਤਰਾਂ ਲੋਕ ਸਭਾ ਦੀ ਚੌਣਾਂ ਵੀ ਸਾਡੇ ਲਈ ਲੋਕਤੰਤਰ ਦਾ ਤਿਉਹਾਰ ਹੈ, ਜਿਸ ਨੂੰ ਸਾਨੂੰ ਬੜੀ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ। ਐਡਵੋਕੇਟ ਅਜੀਤ ਵਰਮਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਲੋਕ ਸਭਾ ਦੀਆਂ ਚੋਣਾ ਮੌਕੇ ਸਾਨੂੰ ਆਪਣੀ ਇੱਕ-ਇੱਕ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਉੱਚਿਤ ਉਮੀਦਵਾਰ ਨੂੰ ਚੁਣ ਕੇ ਪਾਰਲੀਮੈਂਟ ’ਚ ਭੇਜਣਾ ਚਾਹੀਦਾ। ਉਹਨਾ ਦੱਸਿਆ ਕਿ ਸੰਵਿਧਾਨ ਵਲੋਂ ਹਰ 18 ਸਾਲ ਦੇ ਜਾਂ ਉਸ ਤੋਂ ਉੱਪਰ ਵਾਲੀ ਉਮਰ ਦੇ ਨਾਗਰਿਕ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ, ਸਾਨੂੰ ਬਿਨਾਂ ਡਰ, ਭੈਅ, ਲਾਲਚ, ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਰਹਿਤ ਆਪਣੀ ਵੋਟ ਦੀ ਵਰਤੋਂ ਕਰਕੇ ਦੇਸ਼ ਦੀ ਤਰੱਕੀ ’ਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਇੱਕ ਜਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਪੇਸ਼ ਕਰਨਾ ਚਾਹੀਦਾ ਹੈ। ਖੁਸ਼ੀ ਰਾਮ ਨੇ ਕਿਹਾ ਕਿ ਸਾਡਾ ਸਭ ਦਾ ਨੈਤਿਕ ਫ਼ਰਜ਼ ਹੈ ਕਿ ਸਾਡੇ ਵਿੱਚੋਂ, ਸਾਡੇ ਪਰਿਵਾਰਾਂ ਅਤੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਵਾਸਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਜੈ ਚੰਦ ਬੇਵਾਲ ਅਤੇ ਹੰਸ ਰਾਜ ਨੇ ਦੱਸਿਆ ਕਿ ਪੰਜਾਬ ਅੰਦਰ 1 ਜੂਨ ਨੂੰ ਚੋਣਾਂ ਹੋ ਰਹੀਆਂ ਹਨ, ਇਸ ਲਈ ਸਾਨੂੰ ਆਪਣੇ ਦੇਸ਼ ਅੰਦਰ ਮਨਪਸੰਦ ਸਰਕਾਰ ਦੇ ਗਠਨ ਵਾਸਤੇ ਸਭ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਪੂਰੇ ਜੋਸ਼, ਉਤਸ਼ਾਹ, ਚਾਅ ਨਾਲ ਲੋਕਤੰਤਰ ਦੀ ਮਜ਼ਬੂਤੀ ਵਾਸਤੇ ਕਰਨੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੁਗਲ ਕਿਸ਼ੋਰ, ਰਾਕੇਸ਼ ਕੁਮਾਰ, ਅਸ਼ੋਕ ਕੁਮਾਰ, ਤਰਸੇਮ ਕੁਮਾਰ, ਅਰਜਨ ਰਾਮ, ਵਿੱਕੀ ਕੁਮਾਰ ਆਦਿ ਵੀ ਹਾਜ਼ਰ ਸਨ।