ਕੁਰਾਲ਼ੀ, 26 ਅਕਤੂਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
‘ਨਿਊਜ਼ 18’ ਚੈਨਲ ਵੱਲੋਂ ਕੱਲ੍ਹ ਜੇ.ਡਬਲਿਊ. ਮੈਰੀਓਟ ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ‘ਦਿ ਪ੍ਰੋਮੀਨੈਂਟ ਪੰਜਾਬੀ’ ਐਵਾਰਡ ਸ਼ੋਅ ਕਰਵਾਇਆ ਗਿਆ। ਜਿਸ ਦੌਰਾਨ ਪ੍ਰਭ ਆਸਰਾ ਸੰਸਥਾ ਪਡਿਆਲਾ (ਕੁਰਾਲ਼ੀ) ਦੇ ਮੁੱਖ ਸੰਚਾਲਕਾਂ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੂੰ ਪਿਛਲੇ ਦੋ ਦਹਾਕਿਆਂ ਤੋਂ ਸਮਾਜ ਸੇਵਾ ਖੇਤਰ ਵਿੱਚ ਨਿਵੇਕਲੀ ਤੇ ਫਖਰਯੋਗ ਸੇਵਾ ਲਈ ‘ਦਿ ਪ੍ਰੋਮੀਨੈਂਟ ਪੰਜਾਬੀ’ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ। ਐਵਾਰਡ ਸੇਰੇਮਨੀ ਦੀ ਰਸਮ ਮਾਣਯੋਗ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੁਆਰਾ ਨਿਭਾਈ ਗਈ। ਇਸ ਮੌਕੇ ਚੈਨਲ ਦੇ ਰੀਜ਼ਨਲ ਹੈੱਡ ਜਗਮੀਤ ਸਿੰਘ ਜੰਮੂ, ਮੈਨੇਜਿੰਗ ਐਡੀਟਰ ਜੋਤੀ ਕਮਲ, ਸੁਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ, ਗਾਇਕ ਹਰਜੀਤ ਹਰਮਨ, ਗਾਇਕ ਜਸਪ੍ਰੀਤ ਜੱਸੀ, ਮਸ਼ਹੂਰ ਗੀਤਕਾਰ ਸ਼ਮਸ਼ੇਰ ਸੰਧੂ, ਉੱਘੇ ਅਦਾਕਾਰ ਬਨਿੰਦਰਜੀਤ ਸਿੰਘ ਬੰਨੀ, ਪਰਮਜੀਤ ਸਿੰਘ ਸਚਦੇਵਾ ਐੱਮ.ਡੀ. ਸਚਦੇਵਾ ਸਟਾਕਸ ਹੁਸ਼ਿਆਰਪੁਰ, ਕੰਵਲਜੀਤ ਸਿੰਘ ਢਿੱਲੋਂ ਲੈਫਟੀਨੈਂਟ ਜਨਰਲ (ਰਿਟਾ.) ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਜਿਕਰਯੋਗ ਹੈ ਕਿ ਪ੍ਰਭ ਆਸਰਾ ਪਿਛਲੇ 20 ਸਾਲਾਂ ਤੋਂ ਲਾਵਾਰਸ ਨਾਗਰਿਕਾਂ ਦੇ ਇਲਾਜ, ਸਾਂਭ-ਸੰਭਾਲ ਅਤੇ ਮੁੜ-ਵਸੇਬੇ ਨੂੰ ਪ੍ਰਣਾਈ ਹੋਈ ਸੰਸਥਾ ਹੈ। ਜਿੱਥੇ ਹੁਣ ਤੱਕ 2170 ਨਾਗਰਿਕ ਦਾਖਲ ਹੋ ਚੁੱਕੇ ਹਨ, 1406 ਨੂੰ ਸੰਸਥਾ ਦੀ ‘ਮਿਸ਼ਨ ਮਿਲਾਪ’ ਮੁਹਿੰਮ ਤਹਿਤ ਪਤੇ ਲੱਭ ਕੇ ਉਨ੍ਹਾਂ ਦਿਆਂ ਪਰਿਵਾਰਾਂ ਤੱਕ ਪਹੁੰਚਾ ਦਿੱਤਾ ਗਿਆ ਹੈ ਅਤੇ ਤਕਰੀਬਨ 450 ਮੌਜੂਦਾ ਸਮੇਂ ਵਿੱਚ ਇਲਾਜ ਅਧੀਨ ਹਨ।