ਪ੍ਰਸੰਗ ”ਰਾਗ”
ਪੰਜਾਬੀ ਰਸਾਲਿਆਂ ਦੇ ਹੁਸੀਨ ਚਿਹਰੇ


ਪੰਜਾਬੀ ਵਿੱਚ ਕੁਝ ਕੁ ਰਸਾਲੇ ਅਜਿਹੇ ਨੇ ਜਿੰਨ੍ਹਾਂ ਦੇ ਹੁਸਨ ਦਾ ਜਾਦੂ ਸਿਰ ਚੜ੍ਹ ਬੋਲਦਾ ਹੈ।  ਇਸ ਦਾ ਆਰੰਭ  “ਹੁਣ “ ਤੋਂ ਹੋਇਆ। ਅਵਤਾਰ ਜੰਡਿਆਲਵੀ ਤੇ ਸੁਸ਼ੀਲ ਦੋਸਾਂਝ ਨੇ ਨਵੇਂ ਸੁਹਜਵੰਤੇ ਅੰਦਾਜ਼ ਦੀ ਸਿਰਜਣਾ ਕੀਤੀ। ਪਰਦੇਸੀ ਪੈਸੇ ਦੀ ਮਦਦ ਨਾਲ ਪਹਿਲਾਂ ਵੀ ਕੁਝ ਰਸਾਲੇ ਛਪਦੇ ਸਨ ਪਰ ਮੈਟਰ ਪੱਖੋਂ ਭਾਵੇਂ ਅਸਰਦਾਰ ਸਨ ਪਰ ਸੁੰਦਰ ਵਜੂਦ ਨਾ ਧਾਰ ਸਕੇ।
ਹੁਣ ਤੋਂ ਬਾਦ ਫਿਲਹਾਲ, ਵਾਹਗਾ, ਅੱਖਰ, ਰਾਗ , ਮੇਲਾ ਤੇ ਤਾਸਮਨ ਅਜਿਹੇ ਰਸਾਲੇ ਹਨ ਜੋ ਵੇਖਦਿਆਂ ਅੱਖਾਂ ਨੂੰ ਤਾਜ਼ਗੀ ਮਿਲਦੀ ਹੈ।
ਰਾਗ ਦਾ ਤਾਜ਼ਾ ਅੰਕ ਮਿਲਿਆ ਹੈ ਸੱਜਰੇਪਨ ਨਾਲ।
ਨਿਉਯਾਰਕ ਵੱਸਦੇ ਵੀਰ ਇੰਦਰਜੀਤ ਪੁਰੇਵਾਲ ਨੇ ਹਰਵਿੰਦਰ ਚੰਡੀਗੜ੍ਹ ਦੀ ਸਰਪ੍ਰਸਤੀ,ਪਰਮਜੀਤ ਦਿਓਲ ਟੋਰੰਟੋ ਦੀ ਸੰਪਾਦਨਾ, ਨਿੰਦਰ ਘੁਗਿਆਣਵੀ ਦੀਆਂ ਸਲਾਹਕਾਰੀ ਸੇਵਾਵਾਂ, ਕੇਸਰ ਕਰਮਜੀਤ ਆਸਟਰੇਲੀਆ ਤੇ ਯੁਵਰਾਜ ਖਹਿਰਾ  ਦੇ ਪ੍ਰਬੰਧਕੀ ਸੰਪਾਦਕ ਵਜੋਂ  ਟੀਮ ਬਣਾਈ ਹੈ।
ਪਿਛਲੇ ਹਫ਼ਤੇ ਰਾਗ ਦਾ ਸਤਾਰਵਾਂ ਅੰਕ ਮਿਲਿਆ। ਆਖਰੀ ਪੰਨੇ ਤੇ ਵਿੱਛੜੇ ਤਿੰਨ ਵੀਰਾਂ ਦੀਆਂ ਉਨਾਭੀ ਦਸਤਾਰ ਵਾਲੀਆਂ ਤਸਵੀਰਾਂ  ਨੇ ਕੁਝ ਦਿਨ ਉਦਾਸ ਕਰੀ ਰੱਖਿਆ। ਮੋਹਨਜੀਤ ਤੇ ਸੁਰਜੀਤ ਪਾਤਰ ਰਾਹ ਦਿਸੇਰੇ ਸਨ ਤੇ ਸੁਖਜੀਤ ਬੁੱਕਲ ਦਾ ਰਾਜ਼ਦਾਰ। ਤਿੰਨੇ ਚਲੇ ਗਏ ਅਣਦਿਸਦੇ ਦੇਸ।
ਇਸ ਅੰਕ ਵਿੱਚ ਯਾਦਾਂ ਵੀ ਨੇ ਤੇ ਸਿਰਜਣਾਤਮਕ ਅਮਲ ਵੀ। ਲਖਵਿੰਦਰ ਜੌਹਲ, ਪ੍ਰਿੰਸੀਪਲ ਸਰਵਣ ਸਿੰਘ,ਬੂਟਾ ਸਿੰਘ ਚੌਹਾਨ, ਡਾ. ਪ੍ਰੇਮ ਸਿੰਘ ਮਾਨ, ਡਾ. ਸਾਹਿਬ ਸਿੰਘ, ਜੰਗ ਬਹਾਦਰ ਗੋਇਲ, ਨਿੰਦਰ ਘੁਗਿਆਣਵੀ , ਰਾਜਿੰਦਰਪਾਲ ਬਰਾੜ, ਰਮਨ ਸੰਧੂ, ਭਗਵੰਤ ਰਸੂਲਪੁਰੀ ਦੀਆਂ ਲਿਖਤਾਂ ਵੱਖ ਵੱਖ ਸੁਹਜ ਤੇ ਕੁਹਜ ਦੇ ਦਰਸ਼ਨ ਕਰਵਾਉੰਆਂ ਨੇ। ਸਾਰੇ ਵਰਤਾਰੇ ਹੀ ਹਨ ਇਸ ਮੈਗਜ਼ੀਨ ਵਿੱਚ। ਕਵਿਤਾਵਾਂ ਕਹਾਣੀਆਂ ਵੀ ਵੰਨਸੁਵੰਨੀਆਂ। 17 ਕਵੀਆਂ ਦੀਆਂ ਕਵਿਤਾਵਾਂ ਹਨ ਤੇ ਅੱਠ ਕਹਾਣੀਆਂ। ਹਰਵਿੰਦਰ ਨੇ ਜਸਬੀਰ ਭੁੱਲਰ ਦੀ ਮੁਲਾਕਾਤ  ਕੀਤੀ ਹੈ। ਕਈ ਮੈਲਿਕ ਜਾਣਕਾਰੀਆਂ ਵਾਲੀ।
ਇੰਦਰਜੀਤ ਪੁਰੇਵਾਲ ਦੀ ਮੁੱਖ ਸੰਪਾਦਨਾ ਹੇਠ 240 ਪੰਨਿਆਂ ਵਿੱਚ ਪੁਸਤਕ ਰੀਵੀਊ ਤੇ ਰੇਖਾ ਚਿਤਰ ਵੀ।
ਕੁੱਲ ਮਿਲਾ ਕੇ ਸਰਬੱਗ ਸਮੱਗਰੀ ਤੁਹਾਨੂੰ ਕਈ ਦਿਨਾਂ ਲਈ ਨਾਲ ਨਾਲ ਤੋਰਦੀ ਹੈ।
ਪ੍ਰਿੰਟਵੈੱਲ ਅੰਮ੍ਰਿਤਸਰ ਦੀ ਛਪਾਈ ਦੇ ਕਿਆ ਕਹਿਣੇ।
ਮੁਬਾਰਕ ਇੰਦਰਜੀਤ ਤੇ ਸਾਥੀਆਂ ਨੂੰ।
ਦਿਲ ਕਰਦੈ ਕਿ ਇਸ ਪਰਚੇ ਵਿੱਚ ਛਪਿਆ ਜਾਵੇ।
ਗੁਰਭਜਨ ਗਿੱਲ
30.6.2024

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.