ਕੋਟਕਪੂਰਾ, 14 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਵਲੋਂ ਸਟਾਫ ਨਾਲ ਭੱਦੀ ਸ਼ਬਦਾਵਲੀ ਵਰਤਣ, ਪੰਜਾਬ ਸਰਕਾਰ ਵਲੋਂ ਭੇਜੀਆਂ ਗਈਆਂ ਗ੍ਰਾਂਟਾਂ ਦੀ ਯੋਗ ਵਰਤੋਂ ਨਾ ਕਰਨ ਕਰਕੇ ਗਰਾਂਟਾਂ ਲੈਪਸ ਹੋਣ, ਸਕੂਲ ’ਚ ਉਸਾਰੀ ਦਾ ਕੰਮ ਕਰਨ ਵਾਲੀ ਲੇਬਰ ਨੂੰ ਬਣਦੀਆਂ ਅਦਾਇਗੀਆਂ ਨਾ ਕਰਨ ਅਤੇ ਬਹੁਤ ਸਾਰੇ ਹੋਰ ਮੁੱਦਿਆਂ ਤੇ ਬੇਨਿਯਮੀਆ ਨੂੰ ਲੈ ਕੇ ਸਕੂਲ ਦੇ ਸਮੂਹ ਸਟਾਫ ਮੈਬਰਾਂ ਅਤੇ ਪ੍ਰੇਮ ਚਾਵਲਾ ਸੂਬਾ ਸਲਾਹਕਾਰ ਗੌਰਮਿੰਟ ਸਕੂਲ ਟੀਚਰਜ ਯੂਨੀਅਨ ਪੰਜਾਬ ਵੱਲੋਂ ਜਿਲਾ ਸਿੱਖਿਆ ਅਫਸਰ ਸੈਕੰਡਰੀ ਫਰੀਦਕੋਟ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਹੋਰ ਉੱਚ ਅਧਿਕਾਰੀਆਂ ਨੂੰ ਮਹੀਨਾ ਅਪ੍ਰੈਲ 2024 ਦੌਰਾਨ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਲਗਭਗ ਢਾਈ ਮਹੀਨੇ ਪਹਿਲਾਂ ਇਹਨਾਂ ਸ਼ਿਕਾਇਤਾਂ ਦੀ ਜਿਲਾ ਸਿੱਖਿਆ ਅਫਸਰ ਸਕੈਂਡਰੀ ਫਰੀਦਕੋਟ ਵਲੋਂ ਬਣਾਈ ਗਈ ਤਿੰਨ ਮੈਂਬਰੀ ਪੜਤਾਲੀਆ ਟੀਮ ਵੱਲੋਂ ਮੌਕੇ ’ਤੇ ਜਾ ਕੇ ਕੀਤੀ ਜਾ ਚੁੱਕੀ ਹੈ। ਇਸ ਸਬੰਧ ’ਚ ਅਧਿਆਪਕ ਆਗੂ ਪ੍ਰੇਮ ਚਾਵਲਾ ਨੇ ਦੱਸਿਆ ਹੈ ਕਿ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਮੰਗੀ ਗਈ ਸੂਚਨਾ ਅਨੁਸਾਰ ਪੜਤਾਲੀਆ ਟੀਮ ਵੱਲੋਂ ਸ੍ਰੀਮਤੀ ਮਨਿੰਦਰ ਕੌਰ ਖਿਲਾਫ ਲਾਏ ਗਏ ਬਹੁਤ ਸਾਰੇ ਦੋਸਾਂ ਨੂੰ ਸਹੀ ਸਾਬਿਤ ਕੀਤਾ ਗਿਆ ਹੈ। ਜਿਲਾ ਸਿੱਖਿਆ ਅਫਸਰ ਸੈਕੰਡਰੀ ਫਰੀਦਕੋਟ ਵੱਲੋਂ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਲਗਭਗ ਦੋ ਮਹੀਨਾ ਪਹਿਲਾਂ ਦੋ ਵੱਖ-ਵੱਖ ਪੜਤਾਲੀਆ ਰਿਪੋਰਟਾਂ ਵੀ ਭੇਜੀਆਂ ਜਾ ਚੁੱਕੀਆਂ ਹਨ। ਅਧਿਆਪਕ ਆਗੂ ਪ੍ਰੇਮ ਚਾਵਲਾ ਨੇ ਅਫਸੋਸ ਪ੍ਰਗਟ ਕੀਤਾ ਕਿ ਇਸ ਦੇ ਬਾਵਜੂਦ ਅਜੇ ਤੱਕ ਸਿੱਖਿਆ ਵਿਭਾਗ ਪੰਜਾਬ ਸਰਕਾਰ ਵਲੋਂ ਮਨਿੰਦਰ ਕੌਰ ਪਿ੍ਰੰਸੀਪਲ ਵਿਰੁੱਧ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਉਹਨਾਂ ਖਦਸਾ ਪ੍ਰਗਟ ਕੀਤਾ ਹੈ ਕਿ ਪ੍ਰਿੰਸੀਪਲ ਨੇ ਆਪਣਾ ਅਸਰ ਰਸੂਖ ਵਰਤ ਕੇ ਆਪਣੇ ਵਿਰੁੱਧ ਹੋਣ ਵਾਲੀ ਕਾਰਵਾਈ ਨੂੰ ਰੋਕ ਕੇ ਰੱਖਿਆ ਹੋਇਆ ਹੈ। ਅਧਿਆਪਕ ਆਗੂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਤੁਰਤ ਪੜਤਾਲੀਆ ਟੀਮ ਅਤੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਫਰੀਦਕੋਟ ਵਲੋਂ ਉਕਤ ਪ੍ਰਿੰਸੀਪਲ ਮਨਿੰਦਰ ਕੌਰ ਦੀ ਬਦਲੀ ਕਰਨ ਅਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਸਿਫਾਰਸ ਨੂੰ ਪ੍ਰਵਾਨ ਕਰਕੇ ਬਦਲੀ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।