ਕਈ ਦਿਨ ਪਹਿਲਾਂ ਮੈਨੂੰ ਡਾ. ਰਮੇਸ਼ਇੰਦਰ ਕੌਰ ਬੱਲ ਭੈਣ ਜੀ ਦਾ ਫੋਨ ਆਇਆ ਕਿ ਪੰਜਾਬੀ ਕਵਿੱਤਰੀ ਪ੍ਰਭਜੋਤ ਕੌਰ ਦੀ ਸਵੈ ਜੀਵਨੀ ਚਾਹੀਦੀ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਸਹੇਲੀ ਪ੍ਰੋ. ਦਲਜੀਤ ਥਿੰਦ ਦਾ ਅਮਰੀਕਾ ਤੋ ਫੋਨ ਆਇਆ ਕਿ ਇਹ ਕਿਤਾਬ ਲੈ ਕੇ ਮੈਨੂੰ ਤੁਰੰਤ ਭੇਜ। ਥਿੰਦ ਭੈਣ ਜੀ ਨੇ ਇਹ ਵੀ ਕਿਹਾ ਕਿ ਕਈ ਸਾਲ ਪਹਿਲਾਂ ਇੱਕ ਵਾਰ ਹਵਾਈ ਸਫ਼ਰ ਕਰਦਿਆਂ ਪ੍ਰਭਜੋਤ ਕੌਰ ਮੇਰੇ ਨਾਲ ਦੀ ਸੀਟ ਤੇ ਸਨ। ਕਹਿਣ ਲੱਗੇ ਕਿ ਮੇਰੀ ਸਵੈਜੀਵਨੀ ਛਪੀ ਹੈ, ਜ਼ਰੂਰ ਪੜ੍ਹੀਂ। ਨਾ ਤਾਂ ਭੈਣ ਜੀ ਨੂੰ ਕਿਤਾਬ ਦਾ ਨਾਮ ਯਾਦ ਸੀ ਤੇ ਨਾ ਪ੍ਰਕਾਸ਼ਕ ਦਾ ਅਤਾ ਪਤਾ।
ਆਲ ਦੁਆਲੇ ਮੱਥਾ ਮਾਰਿਆ ਕਿ ਕਿਤਾਬ ਮਿਲ ਜਾਵੇ? ਪਤਾ ਲੱਗਾ ਕਿ ਦੋ ਭਾਗਾਂ ਚ ਛਪੀ ਇਸ ਕਿਤਾਬ ਦਾ ਨਾਮ “ਜੀਣਾ ਵੀ ਇੱਕ ਅਦਾ ਹੈ” ਸੀ ਤੇ ਪ੍ਰਕਾਸ਼ਕ ਆਰਸੀ ਪਬਲਿਸ਼ਰਜ਼ ਨਵੀਂ ਦਿੱਲੀ ਵਾਲੇ ਹਨ।
ਮੇਰੇ ਪੁੱਤਰ ਪੁਨੀਤ ਨੇ ਇੰਟਰਨੈੱਟ ਪੁਸਤਕ ਵਿਕਰੇਤਾ ਸ਼ਾਹ ਕਿਤਾਬ ਘਰ ਪਟਿਆਲਾ ਨੂੰ ਪੈਸੇ ਭੇਜ ਦਿੱਤੇ ਪਰ ਪੰਦਰਵੇਂ ਦਿਨ ਸਿਰਫ਼ ਦੂਜਾ ਭਾਗ ਹੀ ਮਿਲ ਸਕਿਆ।
ਮੈਂ ਰਮੇਸ਼ ਭੈਣ ਜੀ ਨੂੰ ਕਿਤਾਬ ਦੀ ਆਮਦ ਬਾਰੇ ਦੱਸਿਆ ਤਾਂ ਉਨ੍ਹਾਂ ਲੰਮਾ ਠੰਢਾ ਹੌਕਾ ਭਰਿਆ ਤੇ ਕਿਹਾ ਕਿ ਦਲਜੀਤ ਭੈਣ ਦੀ ਸਿਹਤ ਵਿਗੜ ਰਹੀ ਹੈ। ਗੱਲ ਵੀ ਨਹੀਂ ਹੋ ਰਹੀ। ਬੱਚਿਆਂ ਨੇ ਹੀ ਦੱਸਿਆ ਹੈ ਕਿ ਪੜ੍ਹਨ ਪੜ੍ਹਾਉਣ ਵਾਲੀ ਗੱਲ ਖ਼ਤਮ ਹੈ।
ਅਸਲ ਵਿੱਚ ਭੈਣ ਜੀ ਦਲਜੀਤ ਨੂੰ ਆਪਣੇ ਕੈਂਸਰ ਰੋਗ ਦਾ ਪਤਾ ਸੀ ਤੇ ਇਸ ਦੀ ਗੰਭੀਰਤਾ ਦਾ ਵੀ। ਉਹ ਤਾਂ ਸਿਰਫ਼ ਪ੍ਰਭਜੋਤ ਜੀ ਨਾਲ ਕੀਤਾ ਇਕਰਾਰ ਪੂਰਾ ਕਰਕੇ ਸੰਸਾਰ ਛੱਡਣਾ ਚਾਹੁੰਦੀ ਸੀ।
ਉਹ ਸੰਸਾਰ ਛੱਡ ਗਈ ਹੈ। ਅੱਜ ਸਵੇਰ ਸਾਰ ਪੰਜਾਬੀ ਲੇਖਕ ਤੇ ਗੁਰੂ ਹਰਗੋਬਿੰਦ ਖਾਲਸਾ ਕਾਲਿਜ ਗੁਰੂ ਸਰ ਸਧਾਰ ਵਿੱਚ ਪ੍ਰੋ. ਦਲਜੀਤ ਥਿੰਦ ਦੀ ਵਿਦਿਆਰਥਣ ਰਹੀ ਮਨਜੀਤ ਕੌਰ ਸੇਖੋਂ ਨੇ ਇਹ ਖ਼ਬਰ ਦਿੱਤੀ ਹੈ ਕਿ ਮੇਰੀ ਉਸਤਾਦ ਤੇ ਵੱਡੀ ਭੈਣ ਚਲੀ ਗਈ।
ਲੁਧਿਆਣਾ ਚ ਗੁਰਦੇਵ ਨਗਰ ਮੁਹੱਲੇ ਚ ਉਮਰ ਦਾ ਵੱਡਾ ਹਿੱਸਾ ਗੁਜ਼ਾਰਨ ਵਾਲੇ ਭੈਣ ਜੀ ਦਲਜੀਤ ਨਾਲ ਉਮਰ ਦਾ ਲੰਮਾ ਹਿੱਸਾ ਮੈਂ ਵੀ ਜੁੜਿਆ ਰਿਹਾਂ। ਲਾਜਪਤ ਰਾਏ ਕਾਲਿਜ ਜਗਰਾਉਂ ਵਿੱਚ ਪੜ੍ਹਾਉਂਦਿਆਂ ਮੈਂ ਵੀ ਬਾਕੀ ਅਧਿਆਪਕਾਂ ਵਾਂਗ ਗੌਰਮਿੰਟ ਕਾਲਿਜ ਲੁਧਿਆਣਾ ਵਿੱਚ ਟੇਬਲ ਮਾਰਕਿੰਗ ਕਰਨ ਆਉਂਦਾ ਹੁੰਦਾ ਸੀ। ਡਾ. ਰਮੇਸ਼ ਇੰਦਰ ਬੱਲ ਤੇ ਪ੍ਰੋ. ਹਰਮਿੰਦਰ ਕੌਰ ਗਰੇਵਾਲ ਨਾਲ ਦਲਜੀਤ ਭੈਣ ਜੀ ਦਾ ਸਹੇਲਪੁਣਾ ਪੁਰਾਣਾ ਤੇ ਪੱਕਾ ਸੀ। ਉਨ੍ਹਾਂ ਦੇ ਟੇਬਲ ਤੇ ਸਭ ਤੋਂ ਵੱਧ ਰੌਣਕੀ ਮਾਹੌਲ ਹੁੰਦਾ ਮੇਰੀ 1993 ਚ ਵਿੱਛੜੀ ਜੀਵਨ ਸਾਥਣ ਪ੍ਰੋ. ਨਿਰਪਜੀਤ ਵੀ ਨਾਲ ਹੁੰਦੀ। ਦਲਜੀਤ ਭੈਣ ਜੀ ਅਕਸਰ ਆਖਦੇ, ਗੁਰਭਜਨ ਇਹ ਮੇਰੀ ਨਿੱਕੀ ਭੈਣ ਹੈ। ਉਹ ਦੋਵੇ ਗਰੇਵਾਲਾਂ ਦੀਆਂ ਧੀਆਂ ਸਨ। ਨਿਰਪਜੀਤ ਕਿਲ੍ਹਾ ਰਾਏਪੁਰ ਤੋਂ ਤੇ ਦਲਜੀਤ ਭੈਣ ਜੀ ਵੱਡੇ ਨਾਰੰਗਵਾਲ ਤੋਂ ਪ੍ਰਿੰਸੀਪਲ ਕੁੰਦਨ ਸਿੰਘ ਜੀ ਦੀ ਬੇਟੀ।
ਗੁਰੂਸਰ ਸਧਾਰ ਮੈਂ ਆਪਣੇ ਭੂਆ ਜੀ ਦੇ ਪੁੱਤਰ ਪ੍ਰਿੰਸੀਪਲ ਬ ਸ ਬਾਜਵਾ ਕਾਰਨ ਅਕਸਰ ਜਾਂਦਾ ਰਹਿੰਦਾ ਸਾਂ। ਉਥੋਂ ਦੇ ਅਧਿਆਪਕਾ ਡਾ. ਹ ਸ ਦਿਉਲ, ਹਰਦਿਆਲ ਸਿੰਘ, ਜਗਤਾਰ ਢਿੱਲੋਂ, ਸੁਰਿੰਦਰਜੀਤ ਤੇ ਦਲਜਿੰਦਰ ਜੌਹਲ ਨਾਲ ਚੰਗੀ ਫ਼ਤਹਿ ਫਤੂਹੀ ਸੀ। ਸਾਰਿਆਂ ਦੀ ਸਤਿਕਾਰਤ ਭੈਣ ਸੀ ਦਲਜੀਤ ਥਿੰਦ।
ਯਾਦਾਂ ਦੇ ਅਨੰਤ ਕਾਫ਼ਲੇ ਪਿੱਛੇ ਛੱਡ ਕੇ। ਸਿਰਫ਼ 34 ਸਾਲ ਦੀ ਸੀ ਜਦ ਜੀਵਨ ਸਾਥੀ ਸੜਕ ਹਾਦਸੇ ਚ ਵਿਛੋੜਾ ਦੇ ਗਿਆ। ਪੁੱਜ ਕੇ ਨਫ਼ੀਸ ਇਨਸਾਨ। ਜਗਰਾਉਂ ਵਿੱਚ ਆਪਣੀ ਪੋਸਟਿੰਗ ਦੌਰਾਨ ਉਨ੍ਹਾਂ ਬਹੁਤ ਪਿਆਰ ਕਮਾਇਆ। ਮੈਨੂੰ ਯਾਦ ਹੈ ਉਨ੍ਹਾਂ ਦੀ ਮੌਤ ਸੁਣ ਕੇ ਮੇਰੇ ਕੁਲੀਗ ਤੇ ਥਿੰਦ ਸਾਹਿਬ ਦੇ ਦੋਸਤ ਪ੍ਰੋ. ਐੱਸ ਡੀ ਪਰਾਸ਼ਰ ਕਈ ਦਿਨ ਵਿਲਕਦੇ ਰਹੇ।
ਭੈਣ ਜੀ ਦਲਜੀਤ ਥਿੰਦ ਦੀਆਂ ਪਰਦੇਸ ਵੱਸਦੀਆਂ ਤਿੰਨ ਧੀਆਂ ਨੇ ਮਾਂ ਦੇ ਵਿਛੋੜੇ ਤੇ ਇਹੀ ਕਾਰਡ ਲਿਖ ਭੇਜਿਆ ਹੈ ਕਿ ਸ਼ਾਨਾਂਮੱਤੀ ਜ਼ਿੰਦਗੀ ਦਾ ਆਨੰਦ ਮਾਣਦਿਆਂ, ਸਾਡਾ ਰਾਹ ਰੁਸ਼ਨਾਉਂਦਿਆਂ ਉਹ ਅਲਵਿਦਾ ਕਹਿ ਗਈ ਹੈ। ਐਨ ਉਵੇਂ ਜਿਵੇਂ ਨਦੀ ਸਹਿਜ ਮਤੇ ਦਰਿਆ ਵਿੱਚ ਜਾ ਰਲ਼ਦੀ ਹੈ।
1964 ਤੋਂ 2003 ਤੀਕ ਗੁਰੂਸਰ ਸਧਾਰ(ਲੁਧਿਆਣਾ) ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾ ਕੇ ਉਨ੍ਹਾਂ ਦੇ ਦੁਖ ਸੁਖ ਦੀ ਭਾਈਵਾਲੀ ਕਰਦਿਆਂ ਯਾਦਾਂ ਵਿੱਚ ਵਿਲੀਨ ਹੋ ਗਈ ਹੈ।
ਉਹ ਤਾਂ ਕੇਵਲ ਚੋਲ਼ਾ ਬਦਲੇ , ਕੌਣ ਕਹੇ ਮਾਂ ਮਰ ਜਾਂਦੀ ਹੈ।
ਉਹ ਤਾਂ ਆਪਣੇ ਬੱਚਿਆਂ ਅੰਦਰ ਸਾਰਾ ਕੁਝ ਹੀ ਧਰ ਜਾਂਦੀ ਹੈ।
ਭੈਣ ਜੀ ਦਲਜੀਤ ਥਿੰਦ ਨੂੰ ਚੇਤੇ ਕਰਦਿਆਂ ਨੇਤਰ ਨਮ ਨੇ। ਕਾਸ਼ ! ਕੁਝ ਮਹੀਨੇ ਪਹਿਲਾਂ ਪਤਾ ਲੱਗਦਾ ਤਾਂ ਪ੍ਰਭਜੋਤ ਕੌਰ ਦੀ ਸਵੈ ਜੀਵਨੀ ਉਨ੍ਹਾਂ ਨੂੰ ਪੜ੍ਹਨ ਖਾਤਰ ਭੇਜ ਸਕਦੇ।

ਗੁਰਭਜਨ ਗਿੱਲ