ਸਰੀ, 19 ਮਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਪ੍ਰੈਸ ਕਲੱਬ ਬੀ.ਸੀ. ਵੱਲੋਂ ਬਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਅਤੇ ‘ਬਬਰ ਅਕਾਲੀ ਦੋਆਬਾ’ ਅਖ਼ਬਾਰ ਦੇ ਮੁੱਖ ਸੰਪਾਦਕ ਭਾਈ ਕਰਮ ਸਿੰਘ ਬਬਰ ਅਕਾਲੀ ਦੀ ਸ਼ਹਾਦਤ ਦੇ ਸ਼ਤਾਬਦੀ ਵਰ੍ਹੇ ‘ਤੇ ਜਰਨੈਲ ਆਰਟ ਗੈਲਰੀ ਸਰੀ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਵਿਦਵਾਨਾਂ ਅਤੇ ਬੁਲਾਰਿਆਂ ਨੇ ਬਬਰ ਅਕਾਲੀ ਲਹਿਰ, ਗ਼ਦਰ ਲਹਿਰ, ਗ਼ਦਰੀ ਬਾਬਿਆਂ ਅਤੇ ਬਬਰ ਅਕਾਲੀਆਂ ਵੱਲੋਂ ਭਾਰਤ ਦੀ ਅਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ।
ਸਮਾਗਮ ਦੇ ਮੁੱਖ ਬੁਲਾਰੇ ਡਾ. ਗੁਰਦੇਵ ਸਿੰਘ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਹੈ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਅਤੇ ਖਾਸ ਕਰ ਕੇ ਸਿੱਖਾਂ ਨੇ ਆਪਣੀ ਹੋਂਦ ਅਤੇ ਪਛਾਣ ਨੂੰ ਕਾਇਮ ਰੱਖਣ ਵਾਸਤੇ ਅੰਗਰੇਜ਼ੀ ਹਕੂਮਤ ਨਾਲ ਲੰਮੀ ਲੜਾਈ ਲੜੀ। 1846 ਵਿਚ ਅੰਗਰੇਜ਼ਾਂ ਨੇ ਅਜੇ ਪੰਜਾਬ ਦੀ ਧਰਤੀ ‘ਤੇ ਪੈਰ ਹੀ ਧਰਿਆ ਸੀ ਕਿ ਸਿੱਖਾਂ ਨੇ ਉਹਨਾਂ ਦੇ ਵਿਰੋਧ ਵਿਚ ਪੈਂਤੜੇ ਕਸ ਲਏ ਸਨ। ਡਾ. ਸਿੱਧੂ ਨੇ ਲੰਮੇ ਆਜ਼ਾਦੀ ਸੰਘਰਸ਼ ਦਾ ਵਰਨਣ ਕਰਦਿਆਂ ਬਬਰ ਅਕਾਲੀ ਕਰਮ ਸਿੰਘ ਦੌਲਤਪੁਰ ਵੱਲੋਂ ਇਸ ਵਿਚ ਪਾਏ ਯੋਗਦਾਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਅਤੇ ਲੋਕਾਂ ਨੂੰ ਦੇਸ਼ ਵਾਸਤੇ ਕੁਰਬਾਨੀ ਕਰਨ ਦੀ ਪ੍ਰੇਰਨਾ ਦਿੱਤੀ। ਸ਼ਹੀਦ ਭਗਤ ਸਿੰਘ ਵੀ ਬਬਰਾਂ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਭਗਤ ਸਿੰਘ ਨੇ ‘ਚਾਂਦ’ ਨਾਂ ਦੇ ਇਕ ਹਿੰਦੀ ਰਸਾਲੇ ਵਿਚ ਬਬਰ ਅਕਾਲੀ ਕਰਮ ਸਿੰਘ ਤੇ ਉਸ ਦੇ ਤਿੰਨ ਹੋਰ ਸਾਥੀਆਂ ਬਾਰੇ ‘ਫਾਂਸੀ’ ਵਿਸ਼ੇਸ਼ ਅੰਕ ਕੱਢਿਆ ਸੀ। ਡਾ. ਸਿੱਧੂ ਨੇ ਇਹ ਵੀ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਤਾਂ ਏਨੀਆਂ ਕੁਰਬਾਨੀਆਂ ਕਰਨ ਵਾਲੇ ਮਹਾਨ ਯੋਧਿਆਂ, ਦੇਸ਼ ਭਗਤਾਂ ਨੂੰ ਭੁਲਾ ਦਿੱਤਾ ਗਿਆ ਅਤੇ ਆਜ਼ਾਦੀ ਦਾ ਸਮੁੱਚਾ ਸਿਹਰਾ ਸਿਰਫ ਇਕ ਆਦਮੀ ਅਤੇ ਇਕ ਖਾਸ ਪਾਰਟੀ ਦੇ ਸਿਰ ‘ਤੇ ਸਜਾ ਦਿੱਤਾ ਗਿਆ।
ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕੁਝ ਵਿਦਵਾਨਾਂ, ਇਤਿਹਾਸਕਾਰਾਂ ਦੀਆਂ ਪੁਸਤਕਾਂ ਦੇ ਹਵਾਲਿਆਂ ਨਾਲ ਭਾਈ ਕਰਮ ਸਿੰਘ ਬਬਰ ਅਕਾਲੀ ਦੇ ਜੀਵਨ ਅਤੇ ਆਜ਼ਾਦੀ ਲਈ ਪਾਏ ਯੋਗਦਾਨ ਬਾਰੇ ਵਿਸਥਾਰ ਵਿਚ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਭਾਈ ਕਰਮ ਸਿੰਘ ਦੌਲਤਪੁਰ ਦਾ ਜੀਵਨ ਲੋਕਾਂ ਦੀ ਆਜ਼ਾਦੀ ਲਈ ਸਮਰਪਿਤ ਸੀ। ਅੰਗਰੇਜ਼ੀ ਹਕੂਮਤ ਨਾਲ ਲੜਾਈ ਲੜਦਿਆਂ ਹੀ ਉਹ 1 ਸਤੰਬਰ 1923 ਨੂੰ ਪਿੰਡ ਬਬੇਲੀ ਵਿਖੇ ਪੁਲਿਸ ਮੁਕਾਬਲੇ ਵਿਚ ਸ਼ਹਾਦਤ ਪਾ ਗਏ ਅਤੇ ਉਨ੍ਹਾਂ ਦੇ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜ੍ਹ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟ ਨੇ ਸ਼ਹੀਦੀਆਂ ਪਾਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਧਿਆਂ ਦੇ ਸਦਕਾ ਹੀ ਮਿਲੀ ਸੱਤਾ ‘ਤੇ ਕਾਬਜ਼ ਹੋਈ ਅਜੋਕੀ ਫਾਸ਼ੀਵਾਦੀ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨਾ ਹੀ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਨੂੰ ਸੱਚੀ ਸ਼ਰਧਾਂਜਲੀ ਹੈ।
ਡਾ. ਪੂਰਨ ਸਿੰਘ, ਬਖਸ਼ਿੰਦਰ, ਡਾ. ਜਗਤਾਰ ਕੌਰ ਦੁਸਾਂਝ, ਗੁਰਦੇਵ ਸਿੰਘ ਬਰਾੜ, ਮੋਹਨ ਗਿੱਲ, ਪ੍ਰਿੰ. ਮਲੂਕ ਚੰਦ ਕਲੇਰ, ਭੁਪਿੰਦਰ ਮੱਲ੍ਹੀ, ਜਰਨੈਲ ਸਿੰਘ ਆਰਟਿਸਟ ਅਤੇ ਗੁਰਪ੍ਰੀਤ ਸਿੰਘ ਸਹੋਤਾ ਨੇ ਵੀ ਭਾਈ ਕਰਮ ਸਿੰਘ ਵੱਲੋਂ ਭਾਰਤੀ ਆਜ਼ਾਦੀ ਪ੍ਰਤੀ ਲੜੇ ਘੋਲ ਨੂੰ ਸਿਜਦਾ ਕੀਤਾ। ਸਮਾਗਮ ਦੇ ਆਗਾਜ਼ ਵਿਚ ਪੰਜਾਬੀ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਜਰਨੈਲ ਸਿੰਘ ਆਰਟਿਸਟ ਨੇ ਹਾਜਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ। ਅੰਤ ਵਿਚ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਹੋਤਾ ਨੇ ਸਭਨਾਂ ਵਿਦਵਾਨਾਂ, ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
Leave a Comment
Your email address will not be published. Required fields are marked with *