ਫਰੀਦਕੋਟ 3 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਮਿਤੀ 1 ਸਤੰਬਰ2024 ਦਿਨ ਐਤਵਾਰ ਨੂੰ ਪੈਨਸ਼ਨਰਜ ਭਵਨ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਕਰਨਲ ਬਲਬੀਰ ਸਿੰਘ ਸਰਾਂ ਪ੍ਰਧਾਨ ਪੰਜਾਬੀ ਸਾਹਿਤ ਸਭਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਗੀਤਕਾਰ ਸ਼੍ਰੀ ਜੀਤ ਗੋਲੇਵਾਲੀਆ , ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਕਲਸੀ , ਪ੍ਰਸਿੱਧ ਨਾਟਕਕਾਰ ਤੇ ਅਦਾਕਾਰ ਸ਼੍ਰੀ ਰਾਜ ਧਾਲੀਵਾਲ ਸ਼ੁਸੋਭਿਤ ਹੋਏ। ਮੀਟਿੰਗ ਵਿੱਚ ਸਭਾ ਦੇ ਹਾਜ਼ਰ ਲੇਖਕਾਂ ਜਿੰਨ੍ਹਾਂ ਵਿੱਚ ਇਕਬਾਲ ਘਾਰੂ, ਹਰਸੰਗੀਤ ਸਿੰਘ ਗਿੱਲ , ਗੁਰਤੇਜ ਪੱਖੀ ਕਲਾਂ , ਬਲਵਿੰਦਰ ਫਿੱਡੇ, ਸੁਖਚੈਨ ਸਿੰਘ ਥਾਦੇਵਾਲ ,ਜਸਵਿੰਦਰ ਸਿੰਘ ਜੱਸਾ, ਪਰਮਜੀਤ ਸਿੰਘ , ਸਾਧੂ ਸਿੰਘ ਚਮੇਲੀ,ਮੁਖਤਿਆਰ ਸਿੰਘ ਵੰਗੜ , ਨੇਕ ਸਿੰਘ ਮਾਹੀ, ਨੇ ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨਿਆ। ਸਭਾ ਵੱਲੋਂ ਪੰਜਾਬੀ ਦੇ ਨਾਮਵਰ ਲੇਖਕਾਂ ਸ਼ਾਇਰ ਵਿਜੇ ਵਿਵੇਕ , ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ , ਪ੍ਰਸਿੱਧ ਕਹਾਣੀਕਾਰ ਬਲਦੇਵ ਸਿੰਘ ਧਾਲੀਵਾਲ , ਪ੍ਰਸਿੱਧ ਕਹਾਣੀਕਾਰ ਬੂਟਾ ਸਿੰਘ ਚੌਹਾਨ , ਲੋਕ ਮੰਚ ਪੰਜਾਬ ਜਲੰਧਰ ਵੱਲੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦੇ ਹੋਏ ਪੰਜਾਹ- ਪੰਜਾਹ ਹਜ਼ਾਰ ਰੁਪਏ ਪ੍ਰਤੀ ਲੇਖਕ ਸਨਮਾਨਿਤ ਕਰਨ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਉਪਰੰਤ ਸਭਾ ਵੱਲੋਂ ਅਭਿਨੇਤਰੀ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਉਨ੍ਹਾਂ ਦੀ ਤਾਜ਼ਾ ਫਿਲਮ “ ਐਮਰਜੈਂਸੀ “ ਵਿੱਚ ਘੱਟ ਗਿਣਤੀ ਲੋਕਾਂ ਖਾਸ ਕਰਕੇ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਪ੍ਰਤੀ ਦਰਸਾਏ ਗਏ ਇਤਰਾਜ ਯੋਗ ਦ੍ਰਿਸ਼ਾ ਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕੀਤੀ। ਅਤੇ ਮੰਗ ਕੀਤੀ ਗਈ ਕਿ ਸੈਂਸਰ ਬੋਰਡ ਇਸ ਫਿਲਮ ਤੇ ਦੁਬਾਰਾ ਫਿਰ ਨਜ਼ਰਸਾਨੀ ਕਰੇ ਤਾਂ ਕਿ ਪੰਜਾਬ ਅਤੇ ਪੂਰੇ ਦੇਸ਼ ਦੇ ਮਾਹੌਲ ਨੂੰ ਵਿਗੜਨ ਤੋਂ ਬਚਾਇਆ ਜਾ ਸਕੇ। ਸਭਾ ਵੱਲੋਂ ਪੱਛਮੀ ਬੰਗਾਲ ਦੇ ਕਲਕੱਤਾ ਸ਼ਹਿਰ ਵਿਖੇ ਹੋਏ ਜਬਰਜਨਾਹ ਦੀ ਘੋਰ ਨਿੰਦਾ ਕੀਤੀ ਗਈ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਕਿਹਾ ਗਿਆ।