ਫਰੀਦਕੋਟ 19 ਜੂਨ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਇੱਕ ਹੰਗਾਮੀ ਮੀਟਿੰਗ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦੇ ਗ੍ਰਹਿ ਨਹਿਰ ਨਜ਼ਾਰਾ , ਨਿਉ ਹਰਿੰਦਰਾ ਨਗਰ ਕੋਟਕਪੂਰਾ ਰੋਡ , ਫਰੀਦਕੋਟ ਵਿਖੇ ਹੋਈ। ਜਿਸ ਵਿੱਚ ਸਭਾ ਦੇਜਨਰਲ ਸਕੱਤਰ ਇਕਬਾਲ ਘਾਰੂ , ਇੰਜਨੀਅਰ ਦਰਸ਼ਨ ਰੋਮਾਣਾ , ਸੁਰੰਦਰਪਾਲ ਸ਼ਰਮਾ ਭਲੂਰ , ਸਭਾ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ , ਧਰਮ ਪ੍ਰਵਾਨਾ , ਵਤਨਵੀਰ ਜ਼ਖਮੀ , ਜਤਿੰਦਰਪਾਲ ਟੈਕਨੋ , ਹਰਸੰਗੀਤ ਗਿੱਲ ਆਦਿ ਮੈਂਬਰ ਹਾਜ਼ਰ ਹੋਏ। ਇਸ ਦੌਰਾਨ ਸਭਾ ਵੱਲੋਂ ਸਭਾ ਦੇ ਮੈਂਬਰ ਪ੍ਰਸਿੱਧ ਕਹਾਣੀਕਾਰ ਤੇ ਅੱਧੀ ਦਰਜਨ ਕਿਤਾਬ ਦੇ ਰਚੇਤਾ ਬਿੱਕਰ ਸਿੰਘ ਅਜ਼ਾਦ ਪਿੰਡ ਤੂਤ ( ਫਿਰੋਜਪੁਰ ) ਅਤੇ ਪੰਜਾਹ ਕਿਤਾਬਾਂ ਦੇ ਲੇਖਕ ਪ੍ਰਿੰਸੀਪਲ ਬਲਵਿੰਦਰ ਸਿੰਘ ਫਤਹਿਪੁਰੀ ਪਿੰਡ ਸਾਗਲਾ ਹਿੱਲ ਸ਼ੇਖੂਪੁਰਾ ( ਹੁਣ ਪਾਕਿਸਤਾਨ ਵਿੱਚ ) ਦੀ ਅਚਾਨਕ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਪਿਛਲੇ ਦਿਨੀ ਪੰਜਾਬੀ ਦੇ ਪ੍ਰਸਿੱਧ ਲੇਖਕ ਪਰਮਜੀਤ ਸਿੰਘ ਸੰਧੂ ਵੱਲੋਂ ਲੋਕ ਕਵੀ ਬਿਸਮਿਲ ਫਰੀਦਕੋਟੀ ਦੇ ਨਾਮ ਤੇ ਬਿਸਮਿਲ ਗ੍ਰਾਮੀਣ ਸਾਹਿਤਕ ਲਾਇਬ੍ਰੇਰੀ ਦੀ ਸਥਾਪਨਾ ਪਿੰਡ ਕਿਲ੍ਹਾ ਨੌਂ ਵਿਖੇ ਕੀਤੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਲੇਖਕ ਪਰਮਜੀਤ ਸੰਧੂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਗਈ ਅਤੇ ਸੰਧੂ ਸਾਹਿਬ ਨੂੰ ਵਧਾਈ ਦਿੱਤੀ ਗਈ। ਸਭਾ ਵੱਲੋਂ ਇਸ ਉੁੱਦਮ ਵਿੱਚ ਡਾ. ਧਰਮ ਪ੍ਰਵਾਨਾ ਦੇ ਸਹਿਯੋਗ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ ਗਈ।