ਬਠਿੰਡਾ 8 ਜੁਲਾਈ (ਵਰਲਡ ਪੰਜਾਬੀ ਟਾਈਮਜ਼ )
ਅੱਜ ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੀ ਮਾਸਿਕ ਸਾਹਿਤਕ ਇੱਕਤਰਤਾ ਸ਼੍ਰੀ ਜਗਤਾਰ ਸਿੰਘ ਭੰਗੂ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਜਸਵੰਤ ਸਿੰਘ ਜ਼ਫ਼ਰ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਡਾਇਰੈਕਟਰ ਅਤੇ ਸਵਰਨਜੀਤ ਸਵੀ ਨੂੰ ਪੰਜਾਬ ਆਰਟਸ ਕੌਂਸਲ ਦਾ ਚੇਅਰਮੈਨ ਨਿਯੁਕਤ ਕਰਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਬੜੇ ਚਿਰਾਂ ਬਾਅਦ ਸਾਹਿਤਕ ਖੇਤਰ ਵਿੱਚ ਠੰਡੀ ਹਵਾ ਦਾ ਬੁੱਲਾ ਆਇਆ ਹੈ। ਮੀਟਿੰਗ ਚ ਵੱਡੀ ਗਿਣਤੀ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਸ਼੍ਰੀ ਜ਼ਫ਼ਰ ਅਤੇ ਸ਼੍ਰੀ ਸਵੀ ਨੂੰ ਇਸ ਨਿਯੁਕਤੀ ਲਈ ਮੁਬਾਰਕਬਾਦ ਕਿਹਾ। ਲੇਖਕਾਂ ਨੇ ਇਹ ਆਸ ਵੀ ਪ੍ਰਗਟਾਈ ਕਿ ਦੋਵੇਂ ਲੇਖਕ ਇਨ੍ਹਾਂ ਅਦਾਰਿਆਂ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਦਾ ਸੰਚਾਰ ਕਰਨਗੇ।
ਇਸ ਉਪਰੰਤ ਹਾਜ਼ਰ ਲੇਖਕਾਂ ਨੇ ਰਚਨਾ ਪਾਠ ਕੀਤਾ। ਬਲਵਿੰਦਰ ਸਿੰਘ ਭੁੱਲਰ ਨੇ ਪ੍ਰੀਤ ਕਵਿਤਾ,ਅਮਰ ਸਿੰਘ ਸਿੱਧੂ ਨੇ ਗ਼ਜ਼ਲ, ਰਮੇਸ਼ ਗਰਗ ਨੇ ਗੀਤ, ਰਣਬੀਰ ਰਾਣਾ ਨੇ ਗ਼ਜ਼ਲ ਅਤੇ ਰਣਜੀਤ ਗੌਰਵ ਨੇ ਗੀਤ ਪੇਸ਼ ਕੀਤਾ। ਇਨ੍ਹਾਂ ਕਾਵਿ ਰਚਨਾਵਾਂ ਤੋਂ ਇਲਾਵਾ ਕਮਲ ਬਠਿੰਡਾ ਨੇ ਨਿੱਕੀ ਕਹਾਣੀ ਕਾਫੂਰ, ਜਸਵਿੰਦਰ ਸੁਰਗੀਤ ਨੇ ਨਿਬੰਧ ਬੇਚੈਨ ਹੋਣਾ ਸਿੱਖੋ, ਅਤੇ ਜਸਪਾਲ ਮਾਨਖੇੜਾ ਨੇ ਨਵੀਂ ਲਿਖੀ ਜਾ ਰਹੀ ਪੁਸਤਕ ‘ਕਿਤ ਬਿਧ ਹੋਈ ਕਾਲ਼ੀ-ਘੱਗਰ ਨਾਲ਼ੀ’ ਦੀ ਆਰੰਭਿਕ ਪੜ੍ਹ ਕੇ ਸੁਣਾਈ। ਪੜ੍ਹੀਆਂ ਗਈਆਂ ਰਚਨਾਵਾਂ ਤੇ ਬੋਲਦਿਆਂ ਤਰਸੇਮ ਬਸ਼ਰ ਨੇ ਕਿਹਾ ਕਿ ਕਿਸੇ ਨਵੀਂ ਸਿਰਜਣਾ ਤੋਂ ਬਿਨਾਂ ਸਿਰਫ ਆਦਰਸ਼ਕ ਜਾਂ ਸਦਾਚਾਰਕ ਸੁਨੇਹਾ ਦਿੰਦੀ ਰਚਨਾ ਉੱਚਪਾਏ ਦੀ ਰਚਨਾ ਨਹੀਂ ਬਣ ਸਕਦੀ।
ਵਿਚਾਰ ਚਰਚਾ ਵਿੱਚ ਕਾ.ਜਰਨੈਲ ਭਾਈਰੂਪਾ, ਜਸਵਿੰਦਰ ਜੱਸ, ਪ੍ਰਿੰ.ਅਮਰਜੀਤ ਸਿੰਘ ਸਿੱਧੂ, ਜਸਪਾਲ ਮਾਨਖੇੜਾ ਨੇ ਭਾਗ ਲਿਆ। ਇਸ ਸਾਹਿਤਕ ਇੱਕਤਰਤਾ ਦੀ ਪ੍ਰਧਾਨਗੀ ਕਰ ਰਹੇ ਜਗਤਾਰ ਸਿੰਘ ਭੰਗੂ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਆ ਕੇ ਪਤਾ ਚੱਲਿਆ ਹੈ ਕਿ ਸਾਹਿਤ ਸਭਾਵਾਂ ਲੇਖਕਾਂ ਦੀ ਨਰਸਰੀ ਹੁੰਦੀਆਂ ਹਨ। ਜਿਥੋਂ ਸਿੱਖ ਕੇ ਲੇਖਕ ਦੀ ਲੇਖਣੀ ਵਿੱਚ ਹੋਰ ਪ੍ਰਪੱਕਤਾ ਆਉਂਦੀ ਹੈ।
ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਪੰਜਾਬ ਦੀ ਪੁਰਾਣੀ ਵਿਰਾਸਤੀ ਸਭਾ ਹੈ ਜਿਸ ਨੇ ਬਠਿੰਡਾ ਖੇਤਰ ਵਿੱਚ ਸਾਹਿਤ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਹੈ। ਇਸ ਮੀਟਿੰਗ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਬਾਖੂਬੀ ਚਲਾਈ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਮਿਤੀ 28 ਜੁਲਾਈ ਨੂੰ ਸ.ਗੋਪਾਲ ਸਿੰਘ ਦੇ ਨਵ- ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਉੱਪਰ ਵਿਚਾਰ ਚਰਚਾ ਕੀਤੀ ਜਾਵੇਗੀ।
Leave a Comment
Your email address will not be published. Required fields are marked with *