
ਲੁਧਿਆਣਾਃ 7 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਅਮਰੀਕਾ ਵਿੱਚ ਵੱਸਦਾ ਹਰਚਰਨ ਬਾਸੀ ਸਾਡੇ ਕਾਫ਼ਲੇ ਵਿੱਚੋਂ ਸਦੀਵੀ ਵਿਛੋੜਾ ਦੇ ਗਿਆ ਹੈ। ਉਹ ਸਾਡਾ 1971-74 ਦੌਰਾਨ ਜੀ ਜੀ ਐੱਨ ਕਾਲਿਜ ਲੁਧਿਆਣਾ ਵਿੱਚ ਸਹਿਪਾਠੀ ਸੀ। ਸ਼ਮਸ਼ੇਰ ਸਿੰਘ ਸੰਧੂ, ਪ੍ਰੇਮ ਬਰਵਾਲਾ, ਹਰਪਾਲ ਕਨੇਚਵੀ ਤੇ ਹਰਚਰਨ ਦੇ ਸੰਗ ਸਾਥ ਅਸਾਂ ਕਾਲਿਜ ਪੜ੍ਹਦਿਆਂ ਅਕਾਲਿਕ ਸਾਹਿੱਤਕ ਪੱਤਰ “ਸੰਕਲਪ” ਦਾ ਪ੍ਰਕਾਸ਼ਨ ਆਰੰਭਿਆ। ਉਸ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਐੱਮ ਏ ਅੰਗਰੇਜ਼ੀ ਪਾਸ ਕੀਤੀ। ਪੰਜਾਬੀ ਕਵੀ ਪਾਸ਼ ਨਾਲ ਉਸ ਦੀ ਗੂੜ੍ਹੀ ਦੋਸਤੀ ਹੋਣ ਕਾਰਨ ਪਾਸ਼ ਨੇ ਆਪਣੀ ਇੱਕ ਪੁਸਤਕ ਵੀ ਹਰਚਰਨ ਬਾਸੀ ਨੂੰ ਸਮਰਪਿਤ ਕੀਤੀ ਸੀ। ਸਾਰੀ ਉਮਰ ਪੰਜਾਬ ਐਡ ਸਿੰਧ ਬੈਂਕ ਵਿੱਚ ਸੇਵਾ ਨਿਭਾ ਕੇ ਉਹ ਆਪਣੇ ਸਪੁੱਤਰ ਡਾ. ਪੁਨੀਤ ਪਾਲ ਸਿੰਘ ਬਾਸੀ ਕੋਲ ਅਮਰੀਕਾ ਰਹਿਣ ਲੱਗ ਪਿਆ ਸੀ। ਪਰਿਵਾਰਕ ਸੂਤਰਾਂ ਅਨੁਸਾਰ ਉਹ ਪਿਛਲੇ ਇੱਕ ਮਹੀਨੇ ਤੋਂ ਸਿਹਤ ਪੱਖੋਂ ਠੀਕ ਨਹੀਂ ਸੀ।
ਹਰਚਰਨ ਬਾਸੀ ਦਾ ਅੰਤਿਮ ਸੰਸਕਾਰ 8ਸਤੰਬਰ ਨੂੰ ਅਮਰੀਕਾ ਵਿੱਚ ਹੋਵੇਗਾ।
ਉਸ ਦੇ ਨਿਕਟਵਰਤੀ ਮਿੱਤਰ ਸ਼ਮਸ਼ੇਰ ਸਿੰਘ ਸੰਧੂ, ਹਰਪਾਲ ਕਨੇਚਵੀ, ਤਰਲੋਚਨ ਝਾਂਡੇ, ਪ੍ਰੋ. ਅਵਤਾਰ ਸਿੰਘ ਸੱਗੂ ਤੇ ਗੁਰਭਜਨ ਗਿੱਲ ਨੇ ਹਰਚਰਨ ਪਾਲ ਸਿੰਘ ਬਾਸੀ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।