ਉਸ ਦਾਤੇ ਦੀਆਂ ਗੁੱਝੀਆਂ ਰਮਜ਼ਾਂ,
ਭੇਤ ਕਿਸੇ ਨਾ ਪਾਇਆ।
ਘੁੱਗ ਵੱਸਦਾ ਪੰਜਾਬ ਅਸਾਡਾ,
ਬਲ਼ਦੀ ਦੇ ਮੂੰਹ ਆਇਆ।
ਐਸੀ ਕਾਲ਼ੀ ‘ਨੇਰੀ ਆਈ,
ਚੜ੍ਹਿਆ ਜੂਨ ਚੁਰਾਸੀ।
ਅੱਖਾਂ ਖੂਨ ਦੇ ਹੰਝੂ ਰੋਵਣ,
ਉੱਡ ਗਈ ਮੂੰਹ ਤੋਂ ਹਾਸੀ।
ਗੁਰੂ ਅਰਜਨ ਦਾ ਦਿਵਸ ਸ਼ਹੀਦੀ,
ਸੰਗਤ ਮਨਾਵਣ ਚੱਲੀਆਂ।
ਡਾਢੇ ਅੱਗੇ ਜ਼ੋਰ ਨਾ ਕੋਈ,
ਚਿੱਠੀਆਂ ਮੌਤ ਦੀਆਂ ਘੱਲੀਆਂ।
ਹਰਿਮੰਦਰ ਭਗਤੀ ਦਾ ਘਰ ਹੈ,
ਸ਼ਾਂਤੀ ਮਿਲਦੀ ਜਿੱਥੇ।
ਫੌਜ-ਭਾਰਤੀ ਮਿਥੀ ਸਾਜ਼ਿਸ਼ ਸੀ,
ਭੁੰਨ ‘ਤੇ ਲੋਕ ਨਿਹੱਥੇ।
ਹਿੰਦ-ਸਰਕਾਰ ਨੇ ਕਿਹਾ ਏਸਨੂੰ,
ਸਾਕਾ ਨੀਲਾ ਤਾਰਾ।
ਸਿੱਖ ਸੀਨਿਆਂ ਉੱਤੇ ਵਰ੍ਹਿਆ,
ਬਣ ਕੇ ਘੱਲੂਘਾਰਾ।
ਸਿੰਘ-ਸਿੰਘਣੀਆਂ, ਬੱਚੇ-ਬੁੱਢੇ,
ਕਿੰਨੀਆਂ ਸ਼ਹੀਦੀਆਂ ਹੋਈਆਂ।
ਕਹਿ ਨਾ ਸਕਦੀ ਜੀਭਾ ਮੇਰੀ,
ਅੱਖੀਆਂ ਦਰਦ ਪਰੋਈਆਂ।
ਤਖ਼ਤ-ਅਕਾਲ ‘ਤੇ ਗੋਲ਼ੀਆਂ ਵਰ੍ਹੀਆਂ,
ਕਰ ਦਿੱਤਾ ਢਹਿ ਢੇਰੀ।
ਇਸਤੋਂ ਅੱਗੇ ਚੁੱਪ ਕਰ ਜਾਂਦੀ,
ਲਿਖਣੋਂ ਕਾਨੀ ਮੇਰੀ।
ਏਸੇ ਸਾਲ ਹੀ ਵਿੱਚ ਨਵੰਬਰ,
ਫਿਰ ਇੱਕ ਤਾਂਡਵ ਹੋਇਆ।
ਗਲ਼ੀਆਂ, ਸੜਕਾਂ ਨੂੰ ਸਿੱਖਾਂ ਨੇ,
ਅਪਣੇ ਲਹੂ ਨਾਲ਼ ਧੋਇਆ।
ਵੱਡੇ-ਵੱਡੇ ਮਹਾਂਨਗਰਾਂ ਵਿੱਚ,
ਸਿੱਖ ਨਸਲਕੁਸ਼ੀ ਹੋਈ।
ਚਾਲ਼ੀ ਸਾਲਾਂ ਤੋਂ ਸਿੱਖਾਂ ਨੂੰ,
ਨਿਆਂ ਨਾ ਮਿਲਿਆ ਕੋਈ।
ਦੇਸ਼ ਸਾਰੇ ‘ਚੋਂ ਚੁਣ ਸਿੱਖਾਂ ਨੂੰ,
ਜੀਂਦੇ ਮਾਰ ਮੁਕਾਇਆ।
ਬਾਬੇ ਨਾਨਕ ਸੱਚ ਕਿਹਾ ਸੀ:
ਤੈਂ ਕੀ ਦਰਦ ਨਾ ਆਇਆ।
ਰੱਬ ਅੱਗੇ ਅਰਦਾਸ ਹੈ ਮੇਰੀ,
ਮੁੜ ਐਸਾ ਨਾ ਹੋਵੇ,
ਸੁਖੀ ਵੱਸਣ ਪੰਜਾਬੀ ਸਾਰੇ,
ਕੋਈ ਅੱਖ ਨਾ ਰੋਵੇ।
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)